20 ਜੂਨ ਤੋਂ ਪਹਿਲਾਂ ਹੀ ਮੀਂਹ ਨੇ ਭਖਾਇਆ ਝੋਨੇ ਦਾ ਸੀਜ਼ਨ

Even, Before, June, Rain, Powdered, Seasonal, Paddy, Released

ਰੇਲਵੇ ਸਟੇਸ਼ਨਾਂ ‘ਤੇ ਕਿਸਾਨ ਤੱਕਣ ਲੱਗੇ ਪ੍ਰਵਾਸੀ ਮਜ਼ਦੂਰਾਂ ਦੇ ਰਾਹ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼) । ਸਰਕਾਰ ਵੱਲੋਂ ਝੋਨਾ ਲਾਉਣ ਲਈ ਮਿੱਥੀ ਗਈ ਤਾਰੀਖ 20 ਜੂਨ ਤੋਂ ਪਹਿਲਾਂ ਹੀ ਦਿਆਲ ਹੋਏ ਇੰਦਰ ਦੇਵਤਾ ਕਰਕੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਇੱਧਰ ਦੂਜੇ ਬੰਨੇ ਇਸ ਵਾਰ ਲਵਾਈ ਦਾ ਸਮਾਂ ਲੇਟ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਵੀ ਲੇਟ ਹੋਣ ਕਰਕੇ ਵੱਡੀ ਗਿਣਤੀ ਕਿਸਾਨ ਰੇਲਵੇ ਸਟੇਸ਼ਨਾਂ ਦੇ ਇਨ੍ਹਾਂ ਮਜ਼ਦੂਰਾਂ ਦੀ ਆਮਦ ਦਾ ਰਾਹ ਤੱਕ ਰਹੇ ਹਨ। ਆਲਮ ਇਹ ਹੈ ਕਿ ਕਿਸਾਨ ਸਵੇਰੇ ਹੀ ਰੇਲਵੇ ਸਟੇਸ਼ਨਾਂ ‘ਤੇ ਪੁੱਜ ਕੇ ਰੇਲਾਂ ਵਿੱਚੋਂ ਉੱਤਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਨਾਲ ਲਿਜਾਣ ਲਈ ਚੋਖੀ ਜੋਰ ਅਜਮਾਈ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ 20 ਤਾਰੀਖ ਤੋਂ ਪਹਿਲਾਂ ਹੀ ਮਘਾ ਦਿੱਤੀ ਹੈ। ਉੱਜ ਪਾਵਰਕੌਮ ਵੱਲੋਂ ਅਜੇ ਤਿੰਨ ਚਾਰ ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਅੱਠ ਘੰਟੇ ਬਿਜਲੀ ਸਲਪਾਈ 20 ਜੂਨ ਤੋਂ ਦਿੱਤੀ ਜਾਵੇਗੀ। ਜ਼ੋਰਦਾਰ ਪਏ ਮੀਂਹ ਕਾਰਨ ਕਿਸਾਨਾਂ ਦੇ ਵਾਹਣ ਪਹਿਲਾਂ ਹੀ ਤਿਆਰ ਹੋ ਰਹੇ ਹਨ, ਜਿਸ ਕਾਰਨ ਕਿਸਾਨਾਂ ਵੱਲੋਂ ਝੋਨਾ ਲਾਉਣ ਦੀ ਕਾਹਲ ਕਰ ਦਿੱਤੀ ਗਈ ਹੈ। ਇੱਧਰ ਝੋਨਾ ਲਾਉਣ ਦਾ ਇਕੱਠਾ ਕੰਮ ਸ਼ੁਰੂ ਹੋਣ ਕਰਕੇ ਕਿਸਾਨਾਂ ਨੂੰ ਲੇਬਰ ਦੀ ਘਾਟ ਪੈ ਗਈ ਹੈ। ਜਿਸ ਕਾਰਨ ਵੱਡੀ ਗਿਣਤੀ ਕਿਸਾਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ‘ਤੇ ਆਪਣੇ ਟਿਕਾਣੇ ਬਣਾ ਲਏ ਹਨ।

ਅੱਜ ਪਟਿਆਲਾ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ਵਿੱਚ ਦੂਰੋਂ-ਦੂਰੋਂ ਕਿਸਾਨਾਂ ਮਜ਼ਦੂਰਾਂ ਦੀ ਭਾਲ ਲਈ ਪੁੱਜੇ ਹੋਏ ਸਨ। ਇਸ ਮੌਕੇ ਦਿੜ੍ਹਬਾ ਦੇ ਪਿੰਡ ਕੈਂਪਰ ਤੋਂ ਪੁੱਜੇ ਕਿਸਾਨ ਸੁਖਦੇਵ ਸਿੰਘ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ‘ਤੇ ਸਵੇਰ ਦੇ ਪੁੱਜੇ ਹੋਏ ਹਨ, ਦੋ ਰੇਲ ਗੱਡੀਆਂ ਵੀ ਆਈਆਂ, ਪ੍ਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਵੀ ਆਈਆਂ, ਪਰ ਪਹਿਲਾਂ ਹੀ ਸਾਧਨ ਲੈ ਕੇ ਪੁੱਜੇ ਵੱਡੀ ਗਿਣਤੀ ਕਿਸਾਨ ਉਨ੍ਹਾਂ ਨਾਲ ਗੱਲ ਕਰਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਰੇਲ ਗੱਡੀ ਆਉਣੀ ਹੈ ਅਤੇ ਹੁਣ ਉਹ ਉਸ ਦਾ ਇੰਤਜਾਰ ਕਰ ਰਹੇ ਹਨ, ਤਾ ਜੋ ਉਨ੍ਹਾਂ ਨੂੰ ਵੀ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਮਿਲ ਸਕਣ।

ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਅਤੇ ਪਟਿਆਲਾ ਜ਼ਿਲ੍ਹੇ ਦੇ ਫਤਿਹਪੁਰ ਮਾਜਰੀ ਤੋਂ ਪੁੱਜੇ ਕਿਸਾਨਾਂ ਬਚਨ ਸਿੰਘ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਨੇ ਹਰਿਆਣਾ ਵੱਲ ਰੁੱਖ ਕਰ ਲਿਆ ਹੈ, ਉੱਧਰ ਝੋਨੇ ਦੀ ਲਵਾਈ ਦਾ ਕੰਮ ਪਹਿਲਾਂ ਸ਼ੁਰੂ ਹੋ ਗਿਆ ਹੈ, ਕਿਉਂਕਿ ਉੱਧਰ ਸਰਕਾਰ ਵੱਲੋਂ ਕੋਈ ਤਾਰੀਖ ਨਿਸ਼ਚਿਤ ਨਹੀਂ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪਿਛਲੀ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਲਵਾਈ ਦਾ ਰੇਟ ਪ੍ਰਤੀ ਏਕੜ 2300 ਤੋਂ ਲੈ ਕੇ 2600 ਏਕੜ ਸੀ ਅਤੇ ਇਨ੍ਹਾਂ ਦਾ ਰਾਸ਼ਨ ਪਾਣੀ ਵੱਖਰਾ ਸੀ। ਦੇਵੀਗੜ੍ਹ, ਰਾਮਪੁਰਾ ਅਤੇ ਘੱਗੇ ਤੋਂ ਵੀ ਕਿਸਾਨ ਰੇਲਵੇ ਸਟੇਸ਼ਨ ‘ਤੇ ਪੁੱਜੇ ਹੋਏ ਸਨ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਦੀ ਬੈਠੀ ਇੱਕ ਟੋਲੀ ਨੂੰ ਕਿਸਾਨ ਆਪਣੇ ਨਾਲ ਚੱਲਣ ਲਈ ਮਨਾਉਂਦੇ ਵੀ ਦੇਖੇ ਗਏ, ਪਰ ਉਹ ਆਪਣੀਆਂ ਸ਼ਰਤਾਂ ਮੰਨਵਾ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵੱਲੋਂ ਝੋਨੇ ਦੀ ਲਵਾਈ 20 ਜੂਨ ਕਰਨ ਕਰਕੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।