ਹਫ਼ਤਾ ਬੀਤਣ ਤੋਂ ਬਾਅਦ ਵੀ ਸੀਐਮ ਸਿਟੀ ਦੀ ਪੁਲਿਸ ਬੱਚਾ ਲੱਭਣ ‘ਚ ਨਾਕਾਮ

CM, City, Patiala, Police, Fail, Baby, Sketch

ਬੱਚਾ ਚੁੱਕ ਕੇ ਲੈ ਜਾਣ ਵਾਲੀ ਔਰਤ ਪੁਲਿਸ ਲਈ ਬਣੀ ਬੁਝਾਰਤ

  • ਔਰਤ ਦਾ ਸਕੈੱਚ ਜਾਰੀ ਕਰਨ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ
  • ਪਰਿਵਾਰ ‘ਚ ਰੋਸ, ਐਸਪੀਡੀ ਨਾਲ ਕੀਤੀ ਮੁਲਾਕਾਤ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੀਐਮ ਸਿਟੀ ਦੀ ਪੁਲਿਸ ਹਫ਼ਤਾ ਬੀਤਣ ਤੋਂ ਬਾਅਦ ਵੀ ਸਰਕਾਰੀ ਮਾਤਾ ਕੁਸ਼ੱਲਿਆ ਹਸਪਤਾਲ ‘ਚੋਂ ਚੁੱਕੇ ਗਏ ਨਵਜਨਮੇ ਬੱਚੇ ਨੂੰ ਲੱਭਣ ਵਿੱਚ ਨਾਕਾਮ ਸਾਬਤ ਹੋਈ ਹੈ। ਉਂਜ ਪੁਲਿਸ ਵੱਲੋਂ ਬੱਚਾ ਚੁੱਕਣ ਵਾਲੀ ਔਰਤ ਦਾ ਸਕੈੱਚ ਵੀ ਜਾਰੀ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਵੀ ਉਕਤ ਔਰਤ ਪੁਲਿਸ ਲਈ ਬੁਝਾਰਤ ਬਣੀ ਹੋਈ ਹੈ। ਇੱਧਰ ਪੀੜਤ ਪਰਿਵਾਰ ਦਾ ਬੱਚਾ ਨਾ ਮਿਲਣ ਕਾਰਨ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ

ਜਾਣਕਾਰੀ ਅਨੁਸਾਰ 8 ਜਨਵਰੀ ਨੂੰ ਦੁਪਹਿਰ ਸਮੇਂ ਸਥਾਨਕ ਸਰਕਾਰੀ ਮਾਤਾ ਕੁਸੱਲਿਆ ਹਸਪਤਾਲ ਅੰਦਰੋਂ ਸੰਦੀਪ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਮਵੀ ਕਲਾਂ ਦੇ ਨਵਜਨਮੇ ਬੱਚੇ ਨੂੰ ਇੱਕ ਔਰਤ ਬਹਿਲਾ ਫੁਸਲਾ ਕੇ ਚੁੱਕ ਕੇ ਲੈ ਗਈ। ਉਸ ਦਿਨ ਤੋਂ ਹੀ ਉਕਤ ਔਰਤ ਬੱਚੇ ਸਮੇਤ ਅਜੇ ਤੱਕ ਪੁਲਿਸ ਦੇ ਹੱਥੇ ਨਹੀਂ ਚੜ੍ਹੀ। ਉਂਜ ਪੁਲਿਸ ਵੱਲੋਂ ਮੌਕੇ ‘ਤੇ ਕਾਰਵਾਈ ਕਰਦਿਆਂ ਹਸਪਤਾਲ ਅੰਦਰੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਗਈ।

ਉਕਤ ਔਰਤ ਦਾ ਫੁਟੇਜ਼ ਅੰਦਰ ਸਾਫ ਚਿਹਰਾ ਨਜ਼ਰ ਨਹੀਂ ਆਇਆ। ਚਾਰ ਦਿਨ ਪਹਿਲਾ ਪੁਲਿਸ ਵੱਲੋਂ ਉਕਤ ਔਰਤ ਦਾ ਸਕੈੱਚ ਵੀ ਜਾਰੀ ਕੀਤਾ ਗਿਆ ਤਾਂ ਜੋ ਇਸ ਦੀ ਭਿਣਕ ਪੈ ਸਕੇ, ਪਰ ਫੇਰ ਵੀ ਪੁਲਿਸ ਦੇ ਹੱਥ ਨਾ ਹੀ ਬੱਚਾ ਲੱਗਾ ਅਤੇ ਨਾ ਹੀ ਔਰਤ। ਇੱਧਰ ਨਵਜਨਮੇ ਬੱਚੇ ਦੀ ਮਾਤਾ ਸੰਦੀਪ ਕੌਰ ਸਮੇਤ ਉਸ ਦਾ ਪਰਿਵਾਰ ਪੁਲਿਸ ਦੀ ਕਾਰਗੁਜ਼ਾਰੀ ਤੋਂ ਖਫ਼ਾ ਹੈ। ਉਂਜ ਅੱਜ ਪੀੜਤ ਪਰਿਵਾਰ ਵੱਲੋਂ ਐਸਪੀਡੀ ਹਰਵਿੰਦਰ ਸਿੰਘ ਵਿਰਕ ਨਾਲ ਮੁਲਾਕਾਤ ਕਰਕੇ ਆਪਣੇ ਬੱਚੇ ਦੀ ਭਾਲ ਲਈ ਦੁਹਾਈ ਲਾਈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਦੀ ਇਸ ਕਾਰਵਾਈ ਵਿੱਚ ਹਸਪਤਾਲ ਵਾਲਾ ਕੋਈ ਸਟਾਫ਼ ਆਦਿ ਮਿਲਿਆ ਹੋਇਆ ਹੈ ਤਾਂ ਉਸ ਖਿਲਾਫ਼ ਵੀ ਕਾਰਵਾਈ ਯਕੀਨੀ ਬਣਾਈ ਜਾਵੇ।  ਉਨ੍ਹਾਂ ਦਾ ਕਹਿਣਾ ਹੈ ਕਿ ਹਫ਼ਤਾ ਭਰ ਬੀਤਣ ਤੋਂ ਬਾਅਦ ਵੀ ਪੁਲਿਸ ਅਜੇ ਤੱਕ ਉਨ੍ਹਾਂ ਦਾ ਬੱਚਾ ਨਹੀਂ ਲੱਭ ਸਕੀ। ਇਸ ਮੌਕੇ ਐਸਪੀਡੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਪੁਲਿਸ ਬੱਚੇ ਦੀ ਭਾਲ ਲਈ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਲਦੀ ਹੀ ਬੱਚੇ ਸਮੇਤ ਉਕਤ ਔਰਤ ਦੀ ਪੈੜ ਨੱਪ ਲਈ ਜਾਵੇਗੀ। ਇਸ ਤੋਂ ਇਲਾਵਾ ਅੱਜ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਵੀ ਐਸਐਸਪੀ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਚੁੱਕੇ ਗਏ ਬੱਚੇ ਨੂੰ ਜਲਦ ਲੱਭਣ ਦੀ ਮੰਗ ਰੱਖੀ ਗਈ।