ਅਧਿਕਾਰੀਆਂ ‘ਤੇ ਭੜਕੇ ਸਿੱਖਿਆ ਮੰਤਰੀ,  ਕਿਹਾ ਤੁਸੀਂ ਤਾਂ ਮੈਨੂੰ ਫਸਾ ਕੇ ਰੱਖ ਦਿੱਤੈ

Education Minister, Said, Me Trapped

ਇਤਿਹਾਸ ਪੁਸਤਕ ਸਬੰਧੀ ਭੜਕੇ ਸਨ ਓ.ਪੀ. ਸੋਨੀ, ਸ਼ਰੇਆਮ ਲਗਾਈ ਕਲਾਸ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪੰਜਾਬ ਵਿੱਚ ਸਿੱਖ ਇਤਿਹਾਸ ਸਬੰਧੀ ਚਲ  ਰਹੇ ਵਿਵਾਦ ਵਿੱਚ ਸਿੱਖਿਆ ਮੰਤਰੀ ਓ.ਪੀ. ਸੋਨੀ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ‘ਤੇ ਕਾਫ਼ੀ ਗੁੱਸੇ ਹੋ ਗਏ ਹਨ  ਉਨ੍ਹਾਂ ਨੇ ਨਾ ਆਸਾ ਦੇਖਿਆ ਅਤੇ ਨਾ ਹੀ ਪਾਸਾ ਦੇਖਿਆ, ਸਾਰਿਆਂ ਦੇ ਸਾਹਮਣੇ ਆਪਣੇ ਹੀ ਅਧਿਕਾਰੀਆਂ ਨੂੰ ਰੱਜ ਕੇ ਮਾੜਾ ਚੰਗਾ ਆਖਿਆ । ਸਿੱਖਿਆ ਮੰਤਰੀ ਨੇ ਕਿਹਾ ਕਿ ਅਧਿਕਾਰੀਆਂ ਨੇ ਜਲਦਬਾਜ਼ੀ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਫਸਾ ਕੇ ਰੱਖ ਦਿੱਤਾ।ਸਿੱਖਿਆ ਮੰਤਰੀ ਦੀ ਗਰਮੀ ਦੇਖ ਕੇ ਕੋਈ ਵੀ ਅਧਿਕਾਰੀ ਕੁਝ ਨਹੀਂ ਬੋਲਿਆ ਪਰ ਸ਼ਾਮ ਹੁੰਦੇ ਹੁੰਦੇ ਸਿੱਖਿਆ ਮੰਤਰੀ ਨੇ ਵੀ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੁਝ ਯਾਦ ਹੀ ਨਹੀਂ ਹੈ।

ਜਾਣਕਾਰੀ ਅਨੁਸਾਰ ਇਤਿਹਾਸ ਦੀ ਪੁਸਤਕ ਤਿਆਰ ਕਰਨ ਵਿੱਚ ਸਿੱਖਿਆ ਵਿਭਾਗ ਦੀ ਮਦਦ ਕਰ ਰਹੇ ਡਾ. ਕਿਰਪਾਲ ਸਿੰਘ ਨੇ ਐਸ.ਜੀ.ਪੀ.ਸੀ. ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਨਾਂ ਸਾਰੀ ਗਲਤੀ ਦਾ ਦੋਸ਼ ਸਿੱਖਿਆ ਵਿਭਾਗ ਅਤੇ ਉਨਾਂ ਦੇ ਅਧਿਕਾਰੀਆਂ ਦੇ ਸਿਰ ‘ਤੇ ਮੜ੍ਹ ਦਿੱਤਾ ਹੈ। ਡਾ. ਕਿਰਪਾਲ ਸਿੰਘ ਨੇ ਸਾਫ਼ ਕਿਹਾ ਕਿ ਉਨ੍ਹਾਂ ‘ਤੇ ਜਲਦਬਾਜੀ ਵਿੱਚ ਪੁਸਤਕ ਲਿਖਣ ਦੇਣ ਬਾਰੇ ਦਬਾਅ ਪਾਇਆ ਗਿਆ ਸੀ ਅਤੇ ਉਨ੍ਹਾਂ ਨੇ ਕੁਝ ਗਲਤੀਆਂ ਸੁਧਾਰਨ ਬਾਰੇ ਵੀ ਅਧਿਕਾਰੀਆਂ ਨੂੰ ਕਿਹਾ ਸੀ ਪਰ ਅਧਿਕਾਰੀਆਂ ਨੇ ਗਲਤੀਆਂ ਸੁਧਾਰ ਕੀਤੇ ਬਿਨਾਂ ਹੀ ਇਤਿਹਾਸ ਜਾਰੀ ਕਰ ਦਿੱਤਾ।

ਇਸ ਗੱਲ ਸਬੰਧੀ ਜਦੋਂ ਸੋਮਵਾਰ ਨੂੰ ਮੰਤਰੀ ਓ.ਪੀ. ਸੋਨੀ ਤੋਂ ਪੁੱਛਿਆ ਗਿਆ ਤਾਂ ਉਨਾਂ ਨੇ ਮੀਡੀਆ ਦੇ ਸੁਆਲਾਂ ਤੋਂ ਕੰਨੀ ਕਤਰਾਉਂਦੇ ਹੋਏ ਕੋਈ ਖ਼ਾਸ ਜੁਆਬ ਤਾਂ ਨਹੀਂ ਦਿੱਤਾ ਪਰ ਜਿਉਂ ਹੀ ਮੀਡੀਆ ਤੋਂ ਦੂਰ ਉਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਜਾਣ ਲਗੇ ਤਾਂ ਅਚਾਨਕ ਹੀ ਉਹ ਅਧਿਕਾਰੀਆਂ ‘ਤੇ ਭੜਕ ਪਏ।  ਓ.ਪੀ. ਸੋਨੀ ਨੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਮੌਜ਼ੂਦਗੀ ਵਿੱਚ ਅਧਿਕਾਰੀਆਂ ਦੀ ਨਾ ਸਿਰਫ਼ ਕਲਾਸ ਲਗਾਈ ਸਗੋਂ ਇੱਥੇ ਤੱਕ ਕਹਿ ਦਿੱਤਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਫਸਾ ਕੇ ਰੱਖ ਦਿੱਤਾ ਹੈ। ਓ.ਪੀ. ਸੋਨੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਸਕੱਤਰ ਕ੍ਰਿਸ਼ਨ ਕੁਮਾਰ ਜਾਂ ਫਿਰ ਖ਼ੁਦ ਮੰਤਰੀ ਨੂੰ ਦੱਸਣ ਦੀ ਜ਼ਰੂਰਤ ਤੱਕ ਨਹੀਂ ਸਮਝੀ, ਜਿਸ ਕਾਰਨ ਹੁਣ ਇੰਨਾ ਜ਼ਿਆਦਾ ਵਿਵਾਦ ਹੋ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।