ਗੱਲਾਂ ਕਰਨੀ ਸੌਖੀਆਂ, ਔਖੇ ਪਾਲਣੇ ਬੋਲ : ਧਰਮਸੋਤ

ਜਿੰਨੀ ਸਾਰ ਮੈਂ ਨਾਭੇ ਦੀ ਲਈ ਹੈ ਕਿਸੇ ਨੇ ਨਹੀ ਲਈ

ਨਾਭਾ, (ਤਰੁਣ ਕੁਮਾਰ ਸ਼ਰਮਾ)। ਨਾਭਾ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਬੇਬੁਨਿਆਦ ਬਿਆਨਬਾਜੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਦੂਜਿਆਂ ‘ਤੇ ਉਂਗਲੀ ਉਠਾ ਦੇਣਾ ਕਾਫੀ ਆਸਾਨ ਹੁੰਦਾ ਹੈ। ‘ਗੱਲਾਂ ਕਰਨੀਆਂ ਸੌਖੀਆਂ, ਔਖੇ ਪਾਲਣੇ ਬੋਲ’ ਦੀ ਕਹਾਵਤ ਦਾ ਹਵਾਲਾ ਦੇ ਕੇ ਉਨ੍ਹਾਂ ਅੱਗੇ ਕਿਹਾ ਕਿ ‘ਮੈਂ ਰੱਬ ਤੋਂ ਡਰ ਕੇ ਕਹਿੰਦਾ ਹਾਂ ਕਿ ਹਲਕਾ ਨਾਭਾ ਦੇ ਵਿਕਾਸ ਦਾ ਜਿੰਨਾ ਕੰਮ ਮੈਂ ਸਾਢੇ ਤਿੰਨ ਸਾਲਾਂ ਵਿੱਚ ਕਰਵਾਇਆ ਹੈ

ਜੇਕਰ ਉਨਾਂ ਕਦੀ 40 ਸਾਲਾਂ ਵਿੱਚ ਵੀ ਹੋਇਆ ਹੋਵੇ ਤਾਂ ਮੈਂ ਅਸਤੀਫਾ ਦੇਣ ਨੂੰ ਤਿਆਰ ਹਾਂ।’ ਉਨ੍ਹਾਂ ਕਿਹਾ ਕਿ ਅਜੇ ਤਾਂ ਡੇਢ ਸਾਲ ਪਿਆ ਹੈ, ਡੇਢ ਸਾਲ ਬਾਅਦ ਲਾਇਟਾਂ, ਗਲੀਆਂ ਦਾ ਜੇਕਰ ਕੋਈ ਕੰਮ ਰਹਿ ਗਿਆ ਤਾਂ ਚੋਣ ਨਹੀਂ ਲੜਾਂਗਾ। ਨਾਭਾ ਹਲਕੇ ਨਾਲ ਉਹਨਾਂ ਦੇ ਜਜਬਾਤ ਅਤੇ ਆਤਮਾ ਜੁੜੀ ਹੋਈ ਹੈ।

ਉਹਨਾਂ ਨਾਭਾ ਸ਼ਹਿਰ ਨਾਲ ਵਾਅਦਾ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕ੍ਰਿਪਾ ਨਾਲ ਹਲਕਾ ਨਾਭਾ ਨੂੰ ਸੂਬੇ ਦਾ ਨਮੂਨੇ ਦਾ ਸ਼ਹਿਰ ਬਣਾ ਦਿਆਗਾਂ। ਇਸ ਮੌਕੇ ਉਨ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਜਰੀਵਾਲ ਕੋਰੋਨਾ ਜਿਹੀ ਮਹਾਂਮਾਰੀ ਦੇ ਔਖੇ ਸਮੇਂ ਆਪਣੀਆਂ ਜਿੰਮੇਵਾਰੀਆਂ ਤੋਂ ਭੱਜ ਗਿਆ ਸੀ ਜਦਕਿ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਮੈਦਾਨ ਵਿੱਚ ਸੂਬਾ ਵਾਸੀਆਂ ਦੇ ਹਿੱਤਾਂ ਲਈ ਡਟੇ ਹੋਏ ਹਨ

ਪੰਜਾਬ ਦੀਆਂ ਨੀਤੀਆਂ ਨੂੰ ਕੇਂਦਰ ਦੀ ਮੋਦੀ ਸਰਕਾਰ ਵੀ ਦੂਜੇ ਸੂਬਿਆਂ ਨੂੰ ਫਾਲੋ ਕਰਨ ਲਈ ਕਹਿ ਚੁੱਕੀ ਹੈ।  ਸੂਬੇ ਦੇ ਪਾਣੀ ਦੇ ਮੁੱਦੇ ‘ਤੇ ਕੇਜਰੀਵਾਲ ‘ਤੇ ਡਰਾਮੇਬਾਜੀ ਦੀ ਸਿਆਸਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦੋਗਲੀ ਨਹੀਂ ਬਲਕਿ ਤੀਗਲੀ ਰਾਜਨੀਤੀ ਖੇਡ ਰਿਹਾ ਹੈ, ਪੰਜਾਬ ‘ਚ ਆ ਕੇ ਕਹਿੰਦਾ ਹੈ ਕਿ ਪਾਣੀ ਪੰਜਾਬ ਦਾ ਹੈ, ਹਰਿਆਣਾ ਜਾ ਕੇ ਕਹਿੰਦਾ ਹੈ, ਇਹ ਪਾਣੀ ਪੰਜਾਬ ਅਤੇ ਹਰਿਆਣਾ ਦਾ ਹੈ ਅਤੇ ਦਿੱਲੀ ਜਾ ਕੇ ਕਹਿੰਦਾ ਹੈ ਕਿ ਪਾਣੀ ਹਮਾਰਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ਨੂੰ ਲਾਂਭੇ ਕਰਕੇ ਪੰਜਾਬ ਦੇ ਪਾਣੀ ਸਮੇਤ ਹੋਰ ਮੁੱਦਿਆਂ ਦਾ ਰਾਖਾ ਬਣ ਕੇ ਪੰਜਾਬੀਆਂ ਦਾ ਸਾਥ ਦਿੱਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ