ਭਾਖੜਾ ਡੈਮ ‘ਚ ਪਾਣੀ ਘਟਣ ਕਾਰਨ ਸਿੰਚਾਈ ਦਾ ਸੰਕਟ ਬਣਿਆ 

Irrigation, Problem, Due, Depletion, Water, Bhakra Dam

ਅੱਧੀ ਦਰਜਨ ਜ਼ਿਲ੍ਹੇ ਨਹਿਰੀ ਪਾਣੀ ਦੀ ਕਟੌਤੀ ਹੇਠ | Bhakra Dam

  • ਜੇ ਨਹਿਰੀ ਪਾਣੀ ਨਹੀਂ ਮਿਲਿਆ ਤਾਂ ਝੋਨੇ ਦੀ ਪੈਦਾਵਾਰ ‘ਤੇ ਪੈ ਸਕਦਾ ਹੈ ਪ੍ਰਭਾਵ | Bhakra Dam

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੁੰ ਨਿਊਜ਼)। ਭਾਖੜਾ ਡੈਮ (Bhakra Dam) ‘ਚ ਪਾਣੀ ਦਾ ਪੱਧਰ ਘਟਣ ਕਾਰਨ ਮਾਲਵੇ ਦੇ ਅੱਧੀ ਦਰਜਨ ਤੋਂ ਵੱਧ ਜਿਲ੍ਹਿਆਂ ‘ਚ ਸਿੰਚਾਈ ਲਈ ਜਲ ਸੰਕਟ ਪੈਦਾ ਹੋ ਗਿਆ ਹੈ। ਇਸ ਸੰਕਟ ਦੇ ਅਗਾਮੀ ਤਿੰਨ ਮਹੀਨਿਆਂ ਤੱਕ ਜਾਰੀ ਰਹਿਣ ਦੇ ਅਨੁਮਾਨ ਲਾਏ ਜਾ ਰਹੇ ਹਨ ਜੇਕਰ ਅਗਲੇ ਦਿਨਾਂ ਦੌਰਾਨ ਭਰਵਾਂ ਮੀਂਹ ਨਹੀਂ ਪਿਆ ਤਾਂ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ। ਨਹਿਰ ਮੰਡਲ ਬਠਿੰਡਾ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀਆਂ ਨਹਿਰਾਂ, ਸੂਏ ਤੇ ਕੱਸੀਆਂ ਤਾਜਾ ਸੰਕਟ ਦੀ ਮਾਰ ਹੇਠ ਆ ਗਏ ਹਨ ਇਨ੍ਹਾਂ ਜ਼ਿਲ੍ਹਿਆਂ ‘ਚ ਜ਼ਿਆਦਾਤਰ ਰਕਬਾ ਝੋਨੇ ਅਤੇ ਨਰਮੇ ਦੀ ਕਾਸ਼ਤ ਵਾਲਾ ਹੈ।

ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਨਰਮੇ ਦੇ ਮਾਮਲੇ ‘ਚ ਕੁਝ ਬੱਚਤ ਹੈ  ਜੇ ਨਹਿਰੀ ਪਾਣੀ ਨਹੀਂ ਮਿਲਦਾ ਤਾਂ ਝੋਨੇ ਦੀ ਪੈਦਾਵਾਰ ਨੂੰ ਸੱਟ ਵੱਜ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਗਰਮੀ ਵੀ ਜ਼ਿਆਦਾ ਹੈ, ਜਿਸ ਕਰਕੇ ਵੀ ਪਾਣੀ ਦੀ ਲੋੜ ਆਮ ਨਾਲੋਂ ਵੱਧ ਹੈ ਸੰਕਟ ਨੂੰ ਦੇਖਦਿਆਂ ਨਹਿਰੀ ਵਿਭਾਗ ਨੇ ਨਹਿਰੀ ਪਾਣੀ ਦੀ ਵਾਰੀ ਬੰਨ੍ਹ ਦਿੱਤੀ ਹੈ। ਵੇਰਵਿਆਂ ਮੁਤਾਬਕ ਇਸ ਸਮੇਂ ਭਾਖੜਾ ਡੈਮ ਦਾ ਲੈਵਲ ਪਿਛਲੇ ਸਾਲ ਨਾਲੋਂ ਲਗਭਗ 65 ਫੁੱਟ ਘੱਟ ਹੈ।

ਇਹ ਵੀ ਪੜ੍ਹੋ : ਇਸ ਸ਼ਹਿਰ ‘ਚ ਵਰ੍ਹਿਆ ਰਿਕਾਰਡ ਤੋੜ ਮੀਂਹ, 30 ਵਰ੍ਹਿਆਂ ਤੱਕ ਏਨਾ ਮੀਂਹ ਨਹੀਂ ਪਿਆ, ਦੇਖੋ ਤਸਵੀਰਾਂ

ਐਤਕੀਂ ਮੌਨਸੂਨ ਦਾ ਮੌਸਮ ਹੋਣ ਦੇ ਬਾਵਜੂਦ ਭਾਖੜਾ ਡੈਮ ਵਿੱਚ ਜੋ ਪਾਣੀ ਆ ਰਿਹਾ ਹੈ, ਬਹੁਤ ਘੱਟ ਹੈ ਨਹਿਰੀ ਵਿਭਾਗ ਨੇ ਸਿੰਚਾਈ ਲਈ ਪਾਣੀ ‘ਚ ਕਟੌਤੀ ਕਰ ਦਿੱਤੀ ਹੈ। ਜਲ ਸਰੋਤ ਵਿਭਾਗ ਪੰਜਾਬ ਦੇ ਮੁੱਖ ਇੰਜਨੀਅਰ ਨੇ ਸਾਰੀਆਂ ਨਹਿਰਾਂ ਨੂੰ ਵਾਰੀਬੰਦੀ ਅਨੁਸਾਰ ਚਲਾਉਣ ਲਈ 23 ਅਕਤੂਬਰ, ਤੱਕ ਰੋਟੇਸ਼ਨ ਬਣਾਇਆ ਹੈ। ਰੋਟੇਸ਼ਨ ਮੁਤਾਬਕ 6 ਤੋਂ 13 ਸਤੰਬਰ ਤੱਕ ਬਠਿੰਡਾ ਬਰਾਂਚ ‘ਚ ਕਿਸਾਨਾਂ ਦੀ ਮੰਗ ਦੇ ਅਧਾਰ ਤੇ ਪੂਰਾ ਪਾਣੀ ਮਿਲੇਗਾ ਜਿਸ ਨਾਲ ਸਾਰੇ ਸੂਏ ਕੱਸੀਆਂ ਆਪਣੀ ਨਿਰਧਾਰਤ ਸਮਰੱਥਾ ਅਨੁਸਾਰ ਚੱਲਣਗੇ।

ਇਸੇ ਤਰਾਂ ਹੀ 5 ਤੋਂ 12 ਅਗਸਤ ਅਤੇ 22 ਸਤੰਬਰ ਤੋਂ 29 ਸਤੰਬਰ, ਤੱਕ ਬਣਦੀ ਸਪਲਾਈ ਤੋਂ ਥੋੜ੍ਹਾ ਘੱਟ ਪਾਣੀ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਬਿਨਾਂ ਜੋ ਬਾਕੀ ਸਮਾਂ ਬਚੇਗਾ ਉਸ ਦੌਰਾਨ ਪਾਣੀ ਮਿਲਣਾ ਮੁਸ਼ਕਲ ਜਾਪਦਾ  ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਧਰਤੀ ਹੇਠਲਾ ਪਾਣੀ ਲਾਉਣਾ ਪੈਂਦਾ ਹੈ ਤਾਂ ਇਸ ਨਾਲ ਜਿਨਸ ਦੀ ਕੁਆਲਿਟੀ ਤੇ ਪੈਦਾਵਾਰ ਦੋਨੋਂ ਪ੍ਰਭਾਵਿਤ ਹੋਣਗੀਆਂ। ਕਿਸਾਨ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਦੱਸਿਆ ਕਿ ਮੌੜ ਬਲਾਕ ‘ਚ ਟੇਲਾਂ ਤੇ ਪੈਂਦੇ ਪਿੰਡਾਂ ਦੀ ਹਾਲਤ ਪਹਿਲਾਂ ਹੀ ਮਾੜੀ ਹੈ

ਟੇਲਾਂ ‘ਤੇ ਸੈਂਕੜੇ ਏਕੜ ਜ਼ਮੀਨ ਨਹਿਰੀ ਪਾਣੀ ਦੇ ਸਹਾਰੇ ਪਲਦੀ ਹੈ ਅਤੇ ਲਗਭਗ 5000 ਏਕੜ ਜ਼ਮੀਨ ਪਾਣੀ ਨਾ ਮਿਲਣ ਕਰਕੇ ਬੰਜਰ ਹੋਣ ਕਿਨਾਰੇ ਹੈ। ਉਨ੍ਹਾਂ ਦੱਸਿਆ ਕਿ ਜਦੋਂ ਜਰੂਰਤ ਨਹੀਂ ਹੁੰਦੀ ਤਾਂ ਟੇਲਾਂ ਤੇ ਵਾਧੂ ਪਾਣੀ ਨਾਲ ਇੰਨ੍ਹਾਂ ਪਿੰਡਾਂ ਦੀਆਂ ਫਸਲਾਂ ਡੁੱਬ ਜਾਂਦੀਆਂ ਹਨ ਅਤੇ ਲੋੜ ਵੇਲੇ ਪਾਣੀ ਨਾ ਆਉਣ ਕਾਰਨ ਸੋਕੇ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਤੋਂ ਹੀ ਮੰਦੇ ਹਾਲਾਤਾਂ ਦਾ ਸਾਹਮਣਾ ਕਰ ਰਹੀ ਕਿਸਾਨੀ ਦਾ ਖਿਆਲ ਰੱਖਣਾ ਚਾਹੀਦਾ ਸੀ ਇਸੇ ਤਰ੍ਹਾਂ ਹੀ ਮੁਕਤਸਰ ਜਿਲ੍ਹੇ ਦੇ ਕਈ ਪਿੰਡ ਸੇਮ ਦੀ ਮਾਰ ਹੇਠ ਹਨ ਅਤੇ ਕਈ ਪਿੰਡਾਂ ਨੂੰ ਪਹਿਲਾਂ ਨਹਿਰੀ ਪਾਣੀ ਨਹੀਂ ਮਿਲ ਸਕਿਆ ਹੈ। ਇਸ ਖਿੱਤੇ ਦੇ ਬਾਕੀ ਜਿਲ੍ਹੇ ਦੇ ਕਈ ਪਿੰਡ ਧਰਤੀ ਹੇਠਲੇ ਮਾੜੇ ਪਾਣੀ ਤੇ ਕਾਫੀ ਪਾਣੀ ਦੀ ਤੋਟ ਦਾ ਸ਼ਿਕਾਰ ਹਨ।

ਡੈਮ ‘ਚ ਪਾਣੀ ਦਾ ਪੱਧਰ ਘਟਿਆ : ਐਕਸੀਅਨ

ਬਠਿੰਡਾ ਨਹਿਰ ਮੰਡਲ ਦੇ ਕਾਰਜਕਾਰੀ ਇੰਜਨੀਅਰ ਗੁਰਜਿੰਦਰ ਸਿੰਘ ਬਾਹੀਆ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਘਟ ਗਿਆ ਹੈ ਜਿਸ ਕਰਕੇ ਨਹਿਰਾਂ ਪੂਰੀ ਸਮਰੱਥਾ ‘ਤੇ ਨਹੀਂ ਚਲਾਈਆਂ ਜਾ ਸਕਦੀਆਂ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਜਲ ਸਰੋਤ ਵਿਭਾਗ ਪੰਜਾਬ ਨੇ ਰੋਟੇਸ਼ਨ ਸਿਸਟਮ ਲਾਗੂ ਕੀਤਾ ਹੈ ਜੋ ਅਗਾਮੀ 23 ਅਕਤੂਬਰ ਤੱਕ ਜਾਰੀ ਰਹੇਗਾ।

ਫਸਲਾਂ ‘ਤੇ ਮਾੜਾ ਅਸਰ : ਰੋਮਾਣਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੇਤੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀ ਡਾ.ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਨਿਰਸੰਦੇਹ ਨਹਿਰੀ ਪਾਣੀ ਦੀ ਘਾਟ ਕਾਰਨ ਫਸਲਾਂ ਤੇ ਮਾੜਾ ਅਸਰ ਪਵੇਗਾ। ਖਾਸ ਤੌਰ ‘ਤੇ ਝੋਨੇ ਲਈ ਤਾਂ ਨਹਿਰੀ ਪਾਣੀ ਅੰਮ੍ਰਿਤ ਹੈ ਕਿਉਂਕਿ ਇੰਨ੍ਹਾਂ ਜਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ। ਸ੍ਰੀ ਰੋਮਾਣਾ ਨੇ ਕਿਹਾ ਕਿ ਹੁਣ ਤਾਂ ਬਾਰਸ਼ ਹੀ ਕਿਸਾਨਾਂ ਨੂੰ ਰਾਹਤ ਦੇ ਸਕਦੀ ਹੈ। (Bhakra Dam)

ਕੋਈ ਬਹੁਤਾ ਪ੍ਰਭਾਵ ਨਹੀਂ | Bhakra Dam

ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ.ਗੁਰਾਂਦਿੱਤਾ ਸਿੰਘ ਦਾ ਕਹਿਣਾ ਸੀ ਕਿ ਇਸ ਵੇਲੇ ਫਸਲਾਂ ਚੱਲ ਪਈਆਂ ਹਨ, ਜਿਸ ਕਰਕੇ ਕੋਈ ਬਹੁਤਾ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। (Bhakra Dam)