ਆਪਣੇ ਬੱਚੇ ਨੂੰ ਸਿਰਫ਼ ਕਿਤਾਬੀ ਕੀੜਾ ਹੀ ਨਾ ਬਣਾਓ

Bookworm Sachkahoon

ਆਪਣੇ ਬੱਚੇ ਨੂੰ ਸਿਰਫ਼ ਕਿਤਾਬੀ ਕੀੜਾ ਹੀ ਨਾ ਬਣਾਓ

ਅਬਾਦੀ ਦੇ ਵਧਣ ਨਾਲ-ਨਾਲ ਜਿਵੇਂ-ਜਿਵੇਂ ਨੌਕਰੀ ਪ੍ਰਾਪਤੀ ਲਈ ਮੁਕਾਬਲਾ ਵਧਦਾ ਜਾ ਰਿਹਾ ਹੈ ਉਸੇ ਦੇ ਨਾਲ-ਨਾਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਦਾ ਵਧਣਾ ਸੁਭਾਵਿਕ ਹੀ ਹੈ ਆਪਣੇ ਬੱਚਿਆਂ ਲਈ ਨੌਕਰੀ ਜਾਂ ਮੰਜ਼ਲ ਪ੍ਰਾਪਤੀ ਲਈ ਇਹ ਚਿੰਤਾ ਤੇ ਯਤਨ ਜਦੋਂ ਬੱਚਿਆਂ ’ਤੇ ਭਾਰੂ ਹੋ ਜਾਂਦੇ ਹਨ ਉੱਥੇ ਜਾ ਕੇ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਬਹੁਤੇ ਮਾਪੇ ਇਸ ਹੋੜ ਵਿੱਚ ਆਪਣੇ ਬੱਚਿਆਂ ਨੂੰ ਨੰਬਰ ਲੈਣ ਵਾਲੀ ਮਸ਼ੀਨ ਬਣਾ ਦਿੰਦੇ ਹਨ ਮਾਪਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦਾ ਬੱਚਾ ਸੌ ਫ਼ੀਸਦੀ ਅੰਕਾਂ ਤੱਕ ਪਹੁੰਚੇ, ਜੇਕਰ ਉਹੀ ਬੱਚਾ ਜਦੋਂ ਨੱਬੇ ਫ਼ੀਸਦੀ ਨੰਬਰ ਪ੍ਰਾਪਤ ਕਰਦਾ ਹੈ ਤਾਂ ਉਸਨੂੰ ਸ਼ਾਬਾਸ਼ ਦੇਣ ਦੀ ਬਜਾਏ ਇਸ ਗੱਲ ਲਈ ਬੱਚੇ ਨੂੰ ਸਵਾਲ ਕੀਤੇ ਜਾਂਦੇ ਹਨ ਕਿ ਨੌਂ-ਦਸ ਫ਼ੀਸਦੀ ਅੰਕ ਕਿਵੇਂ ਘਟ ਗਏ?

ਅਜਿਹੇ ਵਿੱਚ ਬੱਚੇ ਦੀ ਮਾਨਸਿਕਤਾ ’ਤੇ ਬਹੁਤ ਅਸਰ ਪੈਂਦਾ ਹੈ ਬੱਚੇ ਵੱਲੋਂ ਆਪਣੀ ਪੂਰੀ ਵਾਹ ਲਾ ਕੇ ਪ੍ਰਾਪਤ ਕੀਤੇ ਗਏ ਨੱਬੇ ਫ਼ੀਸਦੀ ਅੰਕ ਜ਼ੀਰੋ ਸਮਾਨ ਹੋ ਜਾਂਦੇ ਹਨ ਅਤੇ ਉਹ ਆਪਣੀ ਤੁਲਨਾ ਆਪਣੇ ਤੋਂ ਘੱਟ ਨੰਬਰਾਂ ਵਾਲਿਆਂ ਨਾਲ ਕਰਨੀ ਸ਼ੁਰੂ ਕਰ ਦਿੰਦਾ ਹੈ ਅਜਿਹੇ ਵਿੱਚ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਉਹ ਆਉਣ ਵਾਲੇ ਸਮੇਂ ਵਿੱਚ ਪੂਰੇ ਚਾਅ ਨਾਲ ਉਸ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰੇਗਾ ਚਾਹੀਦਾ ਤਾਂ ਇਹ ਹੈ ਕਿ ਅਜਿਹੇ ਬੱਚੇ ਨੂੰ ਉਸ ਵੱਲੋਂ ਪ੍ਰਾਪਤ ਕੀਤੇ ਨੱਬੇ ਫ਼ੀਸਦੀ ਅੰਕਾਂ ਲਈ ਥਾਪੀ ਦਿੱਤੀ ਜਾਂਦੀ ਅਤੇ ਉਸਦੀ ਪ੍ਰਾਪਤੀ ਲਈ ਘਰ ਵਿੱਚ ਆਪਣੇ ਤਰੀਕੇ ਨਾਲ ਖੁਸ਼ੀ ਮਨਾਈ ਜਾਂਦੀ ਅਤੇ ਬੱਚੇ ਨਾਲ ਅਗਲੇ ਦਿਨਾਂ ਵਿੱਚ ਹੋਰ ਮਿਹਨਤ ਕਰਨ ਲਈ ਸਾਰਥਿਕ ਚਰਚਾ ਕੀਤੀ ਜਾ ਸਕਦੀ ਸੀ ਉਜ ਨੱਬੇ ਫ਼ੀਸਦੀ ਅੰਕ ਵੀ ਘੱਟ ਨਹੀਂ ਹੁੰਦੇ।

ਸਵਾਲ ਇਹ ਵੀ ਹੈ ਕਿ ਕੀ ਜਮਾਤ ਵਿੱਚ ਅੱਵਲ ਆਉਣ ਜਾਂ ਵੱਧ ਅੰਕ ਲੈਣ ਵਾਲਾ ਬੱਚਾ ਹੀ ਵੱਡਾ ਹੋ ਕੇ ਕਾਮਯਾਬ ਹੁੰਦਾ ਹੈ? ਇਸ ਸਵਾਲ ਦਾ ਜਵਾਬ ਤੁਹਾਨੂੰ ਇਤਿਹਾਸ ਵੀ ਦੇ ਸਕਦਾ ਹੈ, ਕਿਉਂਕਿ ਕਿੰਨੇ ਹੀ ਅਜਿਹੇ ਲੋਕ ਹਨ ਜਿਹੜੇ ਪੜ੍ਹਾਈ ਮੌਕੇ ਕੋਈ ਜਿਆਦਾ ਮੋਹਰੀ ਨਹੀਂ ਰਹੇ ਪਰ ਉਹਨਾਂ ਅੰਦਰ ਕੁਦਰਤ ਵੱਲੋਂ ਬਖਸ਼ੀਆਂ ਹੋਰ ਕਲਾਵਾਂ ਨੇ ਉਹਨਾਂ ਨੂੰ ਦੁਨੀਆਂ ਭਰ ਵਿੱਚ ਮਿਸਾਲ ਦੇਣ ਯੋਗ ਬਣਾਇਆ ਲੋੜ ਹੈ ਕਿ ਅਸੀਂ ਬੱਚੇ ’ਤੇ ਉਸਦਾ ਕਰੀਅਰ ਜਾਂ ਅੰਕ ਲੈਣ ਲਈ ਟੀਚਾ ਥੋਪਣਾ ਨਹੀਂ ਹੈ ਬਲਕਿ ਉਸ ਦੇ ਅੰਦਰਲੀ ਕਲਾ ਦੀ ਪਹਿਚਾਣ ਕਰਨੀ ਹੈ ਇਹ ਕੰਮ ਉਸਦਾ ਅਧਿਆਪਕ ਬਾਖੂਬੀ ਕਰ ਸਕਦਾ ਹੈ, ਜੇਕਰ ਮਾਪਿਆਂ ਵੱਲੋਂ ਉਸ ਨੂੰ ਇਸ ਦੀ ਖੁੱਲ੍ਹ ਦੇ ਕੇ ਬੱਚੇ ਦੀ ਰੁਚੀ ਅਨੁਸਾਰ ਫੀਲਡ ਵਿੱਚ ਭੇਜੇ ਜਾਣ ਲਈ ਨਿਮਰਤਾ ਸਹਿਤ ਕਿਹਾ ਜਾਵੇ।

ਪਰ ਅਸਲ ਵਿੱਚ ਹੁਣ ਦੀ ਹਕੀਕਤ ਇਹ ਹੈ ਕਿ ਹੁੰਦਾ ਇਸਦੇ ਉਲਟ ਹੈ, ਮਾਪੇ ਜਦੋਂ ਵੀ ਸਕੂਲ ਜਾਂਦੇ ਹਨ ਉਹਨਾਂ ਦਾ ਗਿਲਾ ਇਹੀ ਹੁੰਦਾ ਹੈ ਕਿ ਇਹ ਜਮਾਤ ਵਿੱਚੋਂ ਪਹਿਲੇ ਨੰਬਰ ’ਤੇ ਕਿਉਂ ਨਹੀਂ ਆਇਆ? ਜਾਂ ਬੱਚੇ ਦੀਆਂ ਘਰੇ ਨਾ ਪੜ੍ਹਨ ਆਦਿ ਕੁੱਝ ਰਟੀਆਂ-ਰਟਾਈਆਂ ਸ਼ਿਕਾਇਤਾਂ ਮਾਪਿਆਂ ਨੂੰ ਸਕੂਲ ਜਾਂਦੇ ਰਹਿਣਾ ਚਾਹੀਦਾ ਹੈ ਅਤੇ ਸਕੂਲ ਵਿੱਚ ਉਹਨਾਂ ਵੱਲੋਂ ਅਧਿਆਪਕ ਸਾਹਿਬਾਨ ਨਾਲ ਇਹ ਚਰਚਾ ਵੀ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਬੱਚਾ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਾਹਿਤ, ਸਟੇਜ, ਕਲਾ ਆਦਿ ਕਿਸ ਵੱਲ ਜਿਆਦਾ ਧਿਆਨ ਦਿੰਦਾ ਹੈ ਬੱਚੇ ਦੀ ਜਿਸ ਖੇਤਰ ਵਿੱਚ ਰੁਚੀ ਹੈ ਉਸ ਨੂੰ ਉਸ ਖੇਤਰ ਦੇ ਮੌਕੇ ਦੇਣੇ ਚਾਹੀਦੇ ਹਨ ਕਿਉਂਕਿ ਇਹ ਕੁਦਰਤੀ ਹੁੰਦਾ ਹੈ ਕਿ ਤੁਸੀਂ ਕਿਸੇ ਬੱਚੇ ਨੂੰ ਧੱਕੇ ਨਾਲ ਡੀ. ਸੀ. ਨ੍ਹੀਂ ਬਣਾ ਸਕਦੇ ਅਤੇ ਨਾ ਹੀ ਧੱਕੇ ਨਾਲ ਸਚਿਨ ਤੇਂਦੂਲਕਰ ਬਣਾ ਸਕਦੇ ਹੋ।

ਸਿੱਖਿਆ ਦਾ ਤਾਂ ਅਰਥ ਹੀ ਸਰਵਪੱਖੀ ਵਿਕਾਸ ਹੈ ਫਿਰ ਅਸੀਂ ਉਸਨੂੰ ਕਿਤਾਬੀ ਕੀੜਾ ਕਿਉਂ ਬਣਾਉਣ ’ਤੇ ਲੱਗੇ ਹੋਏ ਹਾਂ? ਬੱਚੇ ਨੂੰ ਵਾਧੇ-ਵਿਕਾਸ ਲਈ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ, ਇਹ ਤਾਂ ਹੋਵੇਗਾ ਜੇਕਰ ਉਸ ਦੀ ਪਿੱਠ ਤੋਂ ਕਿਤਾਬਾਂ ਵਾਲਾ ਬੈਗ ਲਾਹੁਣ ਦੇਵੋਗੇ, ਛੋਟੇ-ਛੋਟੇ ਤੋਤਲੀਆਂ ਗੱਲਾਂ ਕਰਨ ਵਾਲੇ ਬੱਚਿਆਂ ਨੂੰ ਸੂਰਜ ਚੜ੍ਹਦਿਆਂ ਹੀ ਸਕੂਲ ਵੈਨ ਚਾੜ੍ਹ ਦਿੱਤਾ ਜਾਂਦਾ ਹੈ ਅਤੇ ਬਾਅਦ ਦੁਪਹਿਰ ਆਉਂਦਿਆਂ ਹੀ ਟਿਊਸ਼ਨ, ਅਜਿਹੇ ਵਿੱਚ ਦਿਨ ਭਰ ਥੱਕ-ਟੁੱਟ ਕੇ ਉਹ ਕਦੋਂ ਖੇਡੂ ਤੇ ਕਦੋਂ ਨਿੱਕੀ-ਮੋਟੀ ਸ਼ਰਾਰਤ ਕਰੂ?

ਆਹ ਨਰਸਰੀ, ਪ੍ਰੀ ਨਰਸਰੀ ਨੇ ਬੱਚਿਆਂ ਦਾ ਜ਼ਿਆਦਾ ਹੀ ਘਾਣ ਕੀਤਾ ਹੈ ਉਹ ਵੀ ਸਮਾਂ ਸੀ ਜਦੋਂ ਬੱਚੇ ਨੂੰ ਛੇ-ਸੱਤ ਸਾਲ ਦੀ ਉਮਰ ਵਿੱਚ ਪਹਿਲੀ ਜਮਾਤ ਵਿੱਚ ਦਾਖਲ ਕੀਤਾ ਜਾਂਦਾ ਸੀ ਅਤੇ ਛੇਵੀਂ ਤੋਂ ਅੰਗਰੇਜ਼ੀ ਦੀ ਏ ਬੀ ਸੀ ਸਿੱਖਣੀ ਸ਼ੁਰੂ ਕਰਦੇ ਸੀ ਸੋਚਣ ਵਾਲੀ ਗੱਲ ਹੈ ਕਿ ਤਦ ਕਿਹੜਾ ਬੱਚੇ ਸਾਇੰਸਦਾਨ, ਅਫ਼ਸਰ ਨਹੀਂ ਬਣਦੇ ਸਨ ਮੰਨਦੇ ਹਾਂ ਕਿ ਮੁਕਾਬਲੇ ਦਾ ਯੁੱਗ ਹੈ ਵੱਧ ਮਿਹਨਤ ਕਰਨ ਵਾਲਾ ਅਤੇ ਬੱਚੇ ਨੂੰ ਇਸ ਯੁੱਗ ਦੇ ਹਿਸਾਬ ਨਾਲ ਤਿਆਰ ਵੀ ਕਰਨਾ ਚਾਹੀਦਾ ਹੈ ਪਰ ਉਸਨੂੰ ਨੰਬਰ ਲੈਣ ਵਾਲੀ ਮਸ਼ੀਨ ਨਾ ਬਣਾਓ, ਉਸ ਦਾ ਬਚਪਨ ਰੋਲਣਾ ਵੀ ਠੀਕ ਨਹੀਂ, ਬੱਚੇ ਨੂੰ ਜਦੋਂ ਤੱਕ ਉਹ ਬੱਚਾ ਹੈ ਉਸ ’ਤੇ ਕਿਤਾਬਾਂ ਦਾ ਐਨਾ ਭਾਰ ਨਾ ਪਾਓ ਕਿ ਉਹ ਕਿਤਾਬਾਂ ਥੱਲੇ ਦੱਬ ਕੇ ਰਹਿ ਜਾਵੇ ਜਦੋਂ ਉਹ ਵੱਡਾ ਹੋ ਗਿਆ ਜੇਕਰ ਉਸ ਅੰਦਰ ਪੜ੍ਹਨ ਦੀ ਤਾਂਘ ਹੈ ਤਾਂ ਉਸ ਦਾ ਮੋਹ ਕਿਤਾਬਾਂ ਨਾਲ ਆਪਣੇ-ਆਪ ਉਨਾ ਹੀ ਪੈ ਜਾਣਾ ਜਿੰਨਾ ਉਸਨੂੰ ਸਫ਼ਲ ਹੋਣ ਲਈ ਲੋੜ ਹੈ, ਜੇਕਰ ਤਾਂਘ ਨਹੀਂ ਹੈ ਤਾਂ ਕੋਈ ਵੀ ਉਸ ਅੰਦਰ ਘੋਲ ਕੇ ਕੁੱਝ ਨਹੀਂ ਪਾ ਸਕਦਾ।

ਬੱਚੇ ਦੀ ਰੁਚੀ ਦੀ ਪਹਿਚਾਣ ਕਰੋ ਅਤੇ ਉਸ ਨੂੰ ਆਪਣਾ ਖੇਤਰ ਆਪ ਚੁਣਨ ਦਿਓ ਅਤੇ ਜੇਕਰ ਅਜਿਹਾ ਹੋਵੇਗਾ ਤਾਂ ਉਹ ਯਕੀਨਨ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਵੇਗਾ ਕਾਮਯਾਬੀ ਕੇਵਲ ਵੱਡੇ ਅਹੁਦੇ ਪ੍ਰਾਪਤ ਕਰ ਲੈਣ ਨੂੰ ਹੀ ਨਹੀਂ ਕਹਿੰਦੇ ਸਗੋਂ ਅਜਿਹੀ ਕਲਾ ਨੂੰ ਵੀ ਕਹਿੰਦੇ ਹਨ ਜਿਸ ਕਰਕੇ ਲੋਕ ਤੁਹਾਨੂੰ ਪਹਿਚਾਣਦੇ ਹੋਣ ਪੈਸਾ ਕਮਾਉਣ ਲਈ ਹੁਨਰ ਦੀ ਲੋੜ ਹੁੰਦੀ ਹੈ ਇਹ ਹੁਨਰ ਇਨਸਾਨ ਵਿੱਚ ਕਿਸੇ ਵੀ ਖੇਤਰ ਦਾ ਹੋ ਸਕਦਾ ਹੈ ਹਰ ਬੱਚੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ, ਬੱਸ ਸਮੇਂ ਸਿਰ ਉਸ ਦੀ ਪਹਿਚਾਣ ਜਰੂਰੀ ਹੈ ਆਪਣੇ ਬੱਚੇ ਨੂੰ ਖੁੱਲ੍ਹਾ ਅਸਮਾਨ ਦਿਓ , ਰਸਤਾ ਬਣਾ ਕੇ ਨਾ ਦਿਓ, ਰਸਤਾ ਉਹ ਆਪ ਬਣਾਵੇਗਾ ।

ਤੁਸੀਂ ਆਪਣੇ ਬੱਚੇ ਨੂੰ ਉਹ ਬਣਾਉਣ ਦੀ ਕੋਸ਼ਿਸ ਨਾ ਕਰੋ ਜੋ ਤੁਸੀਂ ਬਣ ਨਾ ਸਕੇ ਜਾਂ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ ਸਗੋਂ ਉਸ ਨੂੰ ਉਹ ਬਣਨ ਦਿਓ ਜੋ ਉਹ ਬਣਨਾ ਚਾਹੁੰਦਾ ਹੈ ਨਹੀਂ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਨਾ ਤੁਹਾਡੀ ਇੱਛਾ ਅਨੁਸਾਰ ਬਣ ਸਕੇਗਾ ਨਾ ਆਪਣੀ ਭਾਵ ਬਹੁਤ ਪਿੱਛੇ ਵੀ ਰਹਿ ਸਕਦਾ ਹੈ ਅਤੇ ਉਸ ਨੂੰ ਸਮਾਜ ਵਿੱਚ ਵਿਚਰਨ ਦੀ ਸਿੱਖਿਆ ਦਿਓ, ਕਦਮ ਉਸਨੂੰ ਆਪਣੇ ਪੁੱਟਣ ਦਿਓ ਜੇਕਰ ਉਸ ’ਤੇ ਯਕੀਨ ਕਰੋਗੇ ਤਾਂ ਮੈਨੂੰ ਲੱਗਦਾ ਹੈ?ਕਿ ਉਹ ਤੁਹਾਡਾ ਭਰੋਸਾ ਟੁੱਟਣ ਨਹੀਂ ਦੇਵੇਗਾ।

ਰਾਜੇਸ਼ ਰਿਖੀ ਪੰਜਗਰਾਈਆਂ
ਮੋ. 94644-42300

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ