ਦਾਨੀ ਸੱਜਣ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ : ਡਿਪਟੀ ਕਮਿਸ਼ਨਰ | Punjab Chief Minister
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਵਿੱਚ ਭਾਰੀ ਮੀਂਹ ਉਪਰੰਤ ਬਣੇ ਹੜ੍ਹ ਵਰਗੇ ਹਾਲਾਤ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਹਿੱਸਾ ਭੇਜਣ ਦੀ ਇੱਛਾ ਜ਼ਾਹਿਰ ਕੀਤੀ ਜਾ ਰਹੀ ਹੈ। ਕਈ ਪਰਿਵਾਰ ਤਾਂ ਸਿੱਧਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਸਹਾਇਤਾ ਰਾਸ਼ੀ ਸਪੁਰਦ ਕਰਨ ਲੱਗੇ ਹਨ। ਡਿਪਟੀ ਕਮਿਸ਼ਨਰ ਪਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਦਾਨੀਆਂ ਦਾ ਧੰਨਵਾਦ ਕਰਦਿਆਂ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਹਿੱਸਾ ਦੇਣ ਵਾਲਿਆਂ ਲਈ ਸਬੰਧਿਤ ਖ਼ਾਤੇ ਦਾ ਵੇਰਵਾ ਜਾਰੀ ਕੀਤਾ ਹੈ। (Punjab Chief Minister)
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਦਾਨੀ ਸੱਜਣ ਨੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਰਾਸ਼ੀ ਦੇਣੀ ਹੋਵੇ ਤਾਂ ਉਹ ਸਿੱਧੇ ਤੌਰ ‘ਤੇ ਆਰ. ਟੀ. ਜੀ. ਐੱਸ./ਚੈੱਕ/ਡਰਾਫ਼ਟ ਰਾਹੀਂ ਇਹ ਰਾਸ਼ੀ ਉਕਤ ਫੰਡ ਵਿੱਚ ਜਮ੍ਹਾ ਕਰਵਾ ਸਕਦਾ ਹੈ। ਜਿਸ ਦਾ ਖਾਤਾ ਨੰਬਰ 001934001000589 ਹੈ। ਇਹ ਖਾਤਾ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਸਬੰਧਿਤ ਹੈ ਤੇ ਇਸ ਦਾ ਆਈ. ਐੱਫ. ਐੱਸ. ਸੀ. ਕੋਡ ਯੂ ਟੀ ਆਈ ਬੀ 0 ਪੀ ਐੱਸ ਸੀ ਬੀ 01 (9203201) ਹੈ। ਇਸ ਸਬੰਧੀ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੈਲਪ ਡੈਸਕ ਵੀ ਸਥਾਪਤ ਕੀਤਾ ਜਾ ਰਿਹਾ ਹੈ। ਵਧੇਰੀ ਜਾਣਕਾਰੀ ਲਈ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਪੂਨਮ ਪ੍ਰੀਤ ਕੌਰ (9646501343) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ ਲੁਧਿਆਣਾ ਵਾਸੀ ਜਸਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਭਪ੍ਰੀਤ ਕੌਰ ਨੇ ਆਪਣੀ ਨੇਕ ਕਮਾਈ ‘ਚੋਂ ਫੰਡ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਭੇਜਿਆ ਹੈ। ਉਨ੍ਹਾਂ ਹੋਰ ਦਾਨੀਆਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਘੜੀ ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ।