ਨਾਂਹ ਦੇ ਬਾਵਜ਼ੂਦ ਸਿੱਧੂ ਪਰਿਵਾਰ ਦੀ ਨੌਕਰੀ ਬਰਕਰਾਰ

Sidhoo, Family, Retains, job, Despite, Neel

ਨਾ ਹੀ ਮੈਡਮ ਸਿੱਧੂ ਅਤੇ ਨਾ ਹੀ ਕਰਨ ਸਿੱਧੂ ਨੇ ਭੇਜੀ ਸਰਕਾਰ ਨੂੰ ਅਹੁਦਾ ਨਾ ਲੈਣ ਦੀ ਸੂਚਨਾ | Navjot Singh Sidhu

  • ਸਰਕਾਰੀ ਕਾਗ਼ਜ਼ ਅੱਜ ਵੀ ਕਰ ਰਹੇ ਹਨ ਮੈਡਮ ਸਿੱਧੂ ਤੇ ਕਰਨ ਸਿੱਧੂ ਦੀ ਉਡੀਕ | Navjot Singh Sidhu

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਅਤੇ ਬੇਟੇ ਕਰਨ ਸਿੱਧੂ ਦੀ ਅੱਜ ਵੀ ਪੰਜਾਬ ਸਰਕਾਰ ਦੇ ਕਾਗ਼ਜ਼ਾਂ ਵਿੱਚ ਸਰਕਾਰੀ ਨੌਕਰੀ ‘ਬਰਕਰਾਰ’ ਹੈ। ਸਿੱਧੂ ਪਰਿਵਾਰ ਦੇ ਦੋਵਂੇ ਮੈਂਬਰ ਜਦੋਂ ਵੀ ਚਾਹੁਣ ਆਪਣੇ ਅਹੁਦੇ ਸੰਭਾਲ ਸਕਦੇ ਹਨ ਕਿਉਂਕਿ ਨਵਜੋਤ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਗ੍ਰਹਿ ਵਿਭਾਗ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਇਹ ਜਾਣਕਾਰੀ ਲਿਖਤੀ ਰੂਪ ਵਿੱਚ ਨਹੀਂ ਦਿੱਤੀ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਅਹੁਦੇ ਸੰਭਾਲਣਾ ਚਾਹੁੰਦੇ ਹਨ ਜਾਂ ਫਿਰ ਨਹੀਂ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸੇ ਸਾਲ 25 ਅਪਰੈਲ ਨੂੰ ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਅਤੇ ਐੱਮ.ਡੀ. ਲਗਾਉਂਦੇ ਹੋਏ ਨਿਯੁਕਤੀ ਪੱਤਰ ਦਿੱਤਾ ਸੀ।

ਜਿਸ ਤੋਂ ਲਗਭਗ ਇੱਕ ਮਹੀਨਾ ਬਾਅਦ ਹੀ ਨਵਜੋਤ ਸਿੱਧੂ ਦੇ ਬੇਟੇ ਕਰਨ ਸਿੱਧੂ ਨੂੰ 24 ਮਈ ਨੂੰ ਵਧੀਕ ਐਡਵੋਕੇਟ ਜਨਰਲ ਲਾਉਂਦੇ ਹੋਏ ਵੱਡੀ ਪੋਸਟ ਦੇ ਦਿੱਤੀ ਗਈ ਸੀ। ਨਵਜੋਤ ਸਿੱਧੂ ਦੇ ਪਰਿਵਾਰ ‘ਤੇ ਇੰਨੀ ਜਿਆਦਾ ਮਿਹਰਬਾਨੀ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਘਰ-ਘਰ ਨੌਕਰੀ ਨਹੀਂ ਬੇਰੁਜ਼ਗਾਰ ਘੁੰਮ ਰਹੇ ਨਵਜੋਤ ਸਿੱਧੂ ਦੇ ਪਰਿਵਾਰ ਨੂੰ ਨੌਕਰੀ ਦੇਣ ਵਿੱਚ ਲੱਗੇ ਹੋਏ ਹਨ।

ਇਸ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਉਨਾਂ ਦੇ ਪਰਿਵਾਰ ਦੇ ਦੋਵੇਂ ਮੈਂਬਰ ਆਪਣੇ ਆਪਣੇ ਅਹੁਦਿਆਂ ਦਾ ਕਾਰਜ਼ਭਾਰ ਨਹੀਂ ਲੈਣਗੇ। ਨਵਜੋਤ ਸਿੱਧੂ ਨੂੰ ਇਹ ਐਲਾਨ ਕੀਤੇ ਹੋਏ ਵੀ ਹੁਣ ਦੋ ਮਹੀਨੇ ਬੀਤ ਚੁੱਕੇ ਹਨ ਪਰ ਨਵਜੋਤ ਕੌਰ ਜਾਂ ਫਿਰ ਕਰਨ ਸਿੱਧੂ ਵਲੋਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਕੁਝ ਵੀ ਨਹੀਂ ਭੇਜਿਆ ਗਿਆ ਹੈ ਕਿ ਉਹ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ ਤੈਨਾਤੀ ਲੈਣਾ ਚਾਹੁੰਦੇ ਹਨ ਜਾਂ ਫਿਰ ਨਹੀਂ ਲੈਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ

ਗ੍ਰਹਿ ਵਿਭਾਗ ਨੇ ਇਸ ਸਬੰਧੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਰਨ ਸਿੱਧੂ ਨੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਭੇਜੀ ਹੈ ਕਿ ਉਹ ਅਹੁਦਾ ਸੰਭਾਲਣਾ ਚਾਹੁੰਦੇ ਹਨ ਜਾਂ ਫਿਰ ਨਹੀਂ, ਇਸ ਲਈ ਨਿਯਮਾਂ ਅਨੁਸਾਰ ਉਹ ਅੱਜ ਵੀ ਅਹੁਦਾ ਸੰਭਾਲ ਸਕਦੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਨਵਜੋਤ ਕੌਰ ਨੂੰ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ, ਇਸ ਲਈ ਜਦੋਂ ਤੱਕ ਨਵਜੋਤ ਕੌਰ ਲਿਖਤੀ ਰੂਪ ਵਿੱਚ ਅਹੁਦਾ ਨਹੀਂ ਸੰਭਾਲਣ ਬਾਰੇ ਜਾਣਕਾਰੀ ਨਹੀਂ ਦਿੰਦੇ ਹਨ, ਉਨਾਂ ਦਾ ਇੰਤਜ਼ਾਰ ਕੀਤਾ ਜਾਏਗਾ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਦਿੱਤੇ ਨਿਯੁਕਤੀ ਪੱਤਰ ਨੂੰ ਰੱਦ ਕਰਦੇ ਹੋਏ ਕਿਸੇ ਹੋਰ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੇ ਹਨ।

ਨਿਯਮਾਂ ਵਿੱਚ ਨਹੀਂ ਐ ਸਮੇਂ ਦੀ ਪਾਬੰਦੀ | Navjot Singh Sidhu

ਮੁੱਖ ਮੰਤਰੀ ਦਫ਼ਤਰ ਅਤੇ ਗ੍ਰਹਿ ਵਿਭਾਗ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਵਿੱਚ ਨਿਯੁਕਤੀ ਲਈ ਦਿੱਤੀ ਗਈ ਆਫਰ ਦੀ ਕੋਈ ਸਮਾਂ ਹੱਦ ਨਹੀਂ ਹੈ, ਇਸ ਲਈ ਜੇਕਰ ਹੁਣ ਵੀ ਨਵਜੋਤ ਸਿੱਧੂ ਜਾਂ ਫਿਰ ਕਰਨ ਸਿੱਧੂ ਆਪਣੇ ਅਹੁਦੇ ਨੂੰ ਸੰਭਾਲਣ ਲਈ ਆਉਂਦੇ ਹਨ ਤਾਂ ਉਨਾਂ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਦੋਂ ਤੱਕ ਕੋਈ ਅਗਲੇ ਆਦੇਸ਼ ਜਾਰੀ ਨਹੀਂ ਕੀਤੇ ਜਾਂਦੇ ਹਨ, ਉਸ ਸਮੇਂ ਤੱਕ ਅਹੁਦਾ ਸੰਭਾਲਣ ਦਾ ਹੱਕ ਸਿੱਧੂ ਪਰਿਵਾਰ ਦੇ ਦੋਵਾਂ ਮੈਂਬਰਾਂ ਕੋਲ ਰਹੇਗਾ।