ਵਾਈਸ ਚਾਂਸਲਰ ਦਫ਼ਤਰ ਅੱਗੇ ਪੂਟਾ ਵੱਲੋਂ ਰੋਸ਼ ਪ੍ਰਦਰਸ਼ਨ

ਮੰਗਾਂ ਦੇ ਹੱਲ ਤੱਕ ਧਰਨਾ ਜਾਰੀ ਰੱਖਣ ਦਾ ਲਿਆ ਫੈਸਲਾ

ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਲਈ 300 ਕਰੋੜ ਦੇ ਪੈਕੇਜ਼ ਦੀ ਮੰਗ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ (Punjabi University) ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਅੱਜ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਦੁਪਹਿਰ ਮੌਕੇ ਰੋਸ ਧਰਨਾ ਦਿੱਤਾ ਗਿਆ। ਪੂਟਾ ਦਾ ਸ਼ਿਕਵਾ ਸੀ ਕਿ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ ‘ਤੇ ਪਹਿਰਾ ਨਾ ਦੇਣ ਦੇ ਰੋਸ ਵਜੋਂ ਭਲਕੇ 5 ਮਾਰਚ ਨੂੰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਆਗੂਆਂ ਇਹ ਧਰਨਾ ਨਿਰੰਤਰ ਉਦੋਂ ਤੱਕ ਜਾਰੀ ਰੱਖਣ ਦਾ ਆਹਿਦ ਲਿਆ ਗਿਆ ਜਦੋਂ ਤੱਕ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ  ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਹ ਧਰਨਾ ਦੁਪਹਿਰੇ 11 ਤੋਂ 1 ਵਜੇ ਦਰਮਿਆਨ ਦਿੱਤਾ ਗਿਆ।

 ਇਸ ਮੌਕੇ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਨੇ ਅਧਿਆਪਕਾਂ ਦੀਆਂ ਪਿਛਲੇ ਸਮੇਂ ਤੋਂ ਲਮਕ ਰਹੀਆਂ  ਮੰਗਾਂ ਦੇ ਜਿਕਰ ‘ਚ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਬਹੁਤ ਗ਼ੈਰ ਜ਼ਿੰਮੇਵਾਰਾਨਾ ਢੰਗ ਨਾਲ ਕੰਮ ਕਰ ਰਿਹਾ ਹੈ, ਜਿਸ ਕਾਰਨ ਅਧਿਆਪਕਾਂ ‘ਚ ਗੁੱਸੇ ਦੀ ਲਹਿਰ ਹੈ। ਉਹਨਾਂ ਅਧਿਆਪਕਾਂ ਦੀਆਂ  ਮੰਗਾਂ ਦੇ ਜਿਕਰ ਵਿੱਚ ਤਿੱਖੇ ਸ਼ਿਕਵੇ ‘ਚ ਆਖਿਆ ਕਿ ਅਧਿਆਪਕਾਂ ਨੂੰ ਸਮੇਂ ਸਿਰ ਤਨਖ਼ਾਹਾਂ ਵੀ ਨਹੀ ਮਿਲ ਰਹੀਆਂ, ਮਹਿੰਗਾਈ ਭੱਤੇ ਦੀ ਕਿਸ਼ਤ 2013-2014 ਤੋਂ ਜਾਰੀ ਨਹੀ ਕੀਤੀ ਜਾ ਸਕੀ, ਅਧਿਆਪਕਾਂ ਦੇ ਐੱਨਪੀਐੱਸ ਅਤੇ ਜੀਪੀਐਫ ਖਾਤਿਆਂ ਦਾ ਕੋਈ ਹੱਲ ਨਹੀ ਕੱਢਿਆ ਜਾ ਰਿਹਾ। ਇਨ੍ਹਾਂ ਖਾਤਿਆਂ ਵਿੱਚ ਪੈਸੇ ਦਾ ਵਿਆਜ ਸਮੇਤ ਟਰਾਂਸਫਰ ਨਾ ਹੋਣਾ, ਐਡਹਾਕ ਸੇਵਾ ਦੇ  ਲਾਭ ਦੇ ਨਿਯਮਾਂ ਵਿੱਚ ਇੱਕਸਾਰਤਾ ਦਾ ਨਾ ਹੋਣਾ, ਪਦਉਨਤ ਹੋਏ ਅਧਿਆਪਕਾਂ ਦੇ ਵਧੇ ਗ੍ਰੇਡ ਅਤੇ ਉਨ੍ਹਾਂ ਦੇ ਏਰੀਅਰ ਦਾ ਭੁਗਤਾਨ ਨਾ ਹੋਣ ਨਾਲ ਮੁਲਾਜ਼ਮਾਂ ਵਿੱਚ ਨਿਰਾਸ਼ਾ ਹੈ।

ਪੂਟਾ ਸਕੱਤਰ ਡਾ .ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਯੂਨੀਵਰਸਿਟੀ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕੋਈ ਢੁੱਕਵਾਂ ਅਤੇ ਠੋਸ ਯਤਨ ਨਹੀਂ ਕਰ ਰਿਹਾ, ਬੱਸ ਹਰ ਅਧਿਕਾਰੀ ਆਪਣਾ ਸਮਾਂ ਟਪਾ ਰਿਹਾ ਹੈ।ਉਨ੍ਹਾਂ ਪੂਟਾ ਦੇ ਪਲੇਟਫਾਰਮ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਇਸ ਵਿੱਚ ਦਖ਼ਲਅੰਦਾਜ਼ੀ ਕਰਦਿਆਂ ਯਨੀਵਰਸਿਟੀ ਨੂੰ ਬਚਾਉਣ ਲਈ ਤਿੰਨ ਸੌ ਕਰੋੜ ਰੁਪਏ ਦਾ ਫਾਈਨੈਸ਼ੀਅਲ ਪੈਕੇਜ ਦੇਣਾ ਚਾਹੀਦਾ ਹੈ ਤਾਂ ਜੋ ਯੂਨੀਵਰਸਿਟੀ ਮੁੜ ਤੋਂ ਲੀਹ ਤੇ ਆ ਸਕੇ।  ਇਸ ਮੌਕੇ ਡਾ. ਸੁਰਜੀਤ ਸਿੰਘ, ਡਾ. ਕੇਸਰ ਸਿੰਘ ਭੰਗੂ,  ਡਾ.ਵਰਿੰਦਰ ਕੌਸ਼ਿਕ, ਡਾ. ਰਾਜਿੰਦਰ ਚੰਦੇਲ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਡਾ. ਯੋਗਰਾਜ ਵੱਲੋਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਯੂਨੀਵਰਸਿਟੀ ਵਿੱਚ ਅਕਾਦਮਿਕ ਮਾਹੌਲ ਬਹਾਲ ਹੋਵੇ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।