ਰੋਸ ਵਿਖਾਵੇ ਆਮ ਲੋਕਾਂ ਲਈ ਬਣਦੇ ਮੁਸ਼ਕਲਾਂ

Demonstrate, Problems, Ordinary, People

ਬਲਜੀਤ ਘੋਲੀਆ

ਆਪਣੇ ਹੱਕ ਲੈਣਾ ਸਾਡਾ ਅਧਿਕਾਰ ਹੈ, ਪਰ ਆਪਣੇ ਹੱਕ ਲੈਣ ਵਾਸਤੇ ਦੂਜਿਆਂ ਦੇ ਅਧਿਕਾਰ ਖੋਹ ਲੈਣਾ ਇਹ ਸਾਡੇ ਅਧਿਕਾਰਾਂ ਵਿੱਚ ਸ਼ਾਮਲ ਨਹੀਂ ਹੈ। ਜਦੋਂ ਅਸੀਂ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਦੇ ਹਾਂ ਤੇ ਇਸ ਸੰਘਰਸ ਵਿੱਚ ਜਦੋਂ ਅਸੀਂ ਆਮ ਜਨਤਾ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਅਸੀਂ ਉਹਨਾਂ ਦੇ ਅਧਿਕਾਰ ਖੋਹਣ ਦੇ ਜਿੰਮੇਵਾਰ ਖੁਦ ਵੀ ਬਣ ਜਾਂਦੇ ਹਾਂ। ਅਸੀਂ ਆਪਣੇ ਹੱਕ ਤਦ ਹੀ ਮੰਗ ਸਕਦੇ ਹਾਂ, ਜੇ ਅਸੀਂ ਦੂਜਿਆਂ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਜਾਣਦੇ ਹਾਂ। ਚਾਹੇ ਸ਼ਾਂਤੀਪੂਰਵਕ ਢੰਗ ਨਾਲ ਧਰਨੇ ਲਾ ਕੇ ਆਪਣੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣਾ ਇੱਕ ਵਧੀਆ ਤਰੀਕਾ ਹੈ, ਪਰ ਅੱਜ ਇਹਨਾਂ ਧਰਨਿਆਂ ਨੇ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਲਿਆ ਹੈ ਇਸ ਵਿਚ ਆÀੁਂਦੇ-ਜਾਂਦੇ ਲੋਕਾਂ ਨੂੰ ਪਰੇਸ਼ਾਨ ਕਰਨਾ, ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣਾ, ਗੁੰਡਾਗਰਦੀ ਕਰਨੀ, ਗਰੀਬ ਜਨਤਾ ਨੂੰ ਨੁਕਸਾਨ ਪਹੁੰਚਾਉਣਾ, ਇਨਸਾਨੀਅਤ ਨੂੰ ਭੁੱਲ ਜਾਣਾ, ਖੂਨ-ਖਰਾਬਾ ਕਰਨਾ, ਆਮ ਲੋਕਾਂ ਦੀਆਂ ਚੀਜਾਂ ਨੂੰ ਨੁਕਸਾਨ ਪਹੁੰਚਾਉਣਾ, ਹੁਲੜਬਾਜੀ ਕਰਨਾ, ਬੇਕਸੂਰ ਲੋਕਾਂ ਨੂੰ ਪਰੇਸ਼ਾਨ ਕਰਨਾ, ਕਾਨੂੰਨ ਤੋੜਨਾ ਆਦਿ ਸ਼ਾਮਲ ਹੈ।

ਅੱਜ-ਕੱਲ੍ਹ ਤਾਂ ਇਹਨਾਂ ਧਰਨਿਆਂ ਵਿੱਚ ਰਾਜਨੀਤੀ ਸ਼ਾਮਲ ਹੋ ਚੁੱਕੀ ਹੈ ਤੇ ਰਾਜਨੀਤਕ ਲੋਕ ਇਹਨਾਂ ਵਿੱਚੋਂ ਆਪਣੇ ਫਾਇਦੇ ਉਠਾਉਂਦੇ ਹਨ। ਕਈ ਵਾਰ ਤਾਂ ਅਸੀਂ ਇਹਨਾਂ ਧਰਨਿਆਂ ਵਿੱਚ ਅਜਿਹੇ ਲੋਕ ਵੀ ਵੇਖਦੇ ਹਾਂ ਜੋ ਧਰਨਿਆਂ ਵਿਚ ਸ਼ਾਮਲ ਤਾਂ ਹੋਏ ਹਨ ਪਰ ਕਿਸ ਵਜ੍ਹਾ ਕਾਰਨ ਉਹ ਇੱਥੇ ਪਹੁੰਚੇ ਹਨ, ਇਹ ਗੱਲ ਪੁੱਛਣ ‘ਤੇ ਉਹਨਾਂ ਵੱਲੋਂ ਨਾ-ਪੱਖੀ ਹੀ ਜਵਾਬ ਮਿਲਦਾ ਹੈ। ਜਿਆਦਾਤਰ ਲੋਕਾਂ ਨੂੰ ਇਹਨਾਂ ਧਰਨਿਆਂ ਦਾ ਕਾਰਨ ਵੀ ਪਤਾ ਨਹੀਂ ਹੁੰਦਾ। ਕੁਝ ਲੋਕ ਇਹਨਾਂ ਧਰਨਿਆਂ ਵਿੱਚ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਿਲਕੁਲ ਗਿਆਨ ਨਹੀਂ ਹੁੰਦਾ ਕਿ ਇਹ ਰਾਜਨੀਤਕ ਲੋਕ ਸਾਡੀ ਵਰਤੋਂ ਕਰਕੇ ਆਪਣੀ ਵਿਰੋਧੀ ਸਰਕਾਰ ਨੂੰ ਨੀਵਾਂ ਦਿਖਾਉਣ ਵਾਸਤੇ ਆਏ ਦਿਨ ਕੋਈ ਨਾ ਕੋਈ ਮੁੱਦਾ ਖੜ੍ਹਾ ਕਰ ਦਿੰਦੇ ਹਨ।

ਸਾਡੇ ਵਿੱਚ ਅੱਜ ਵੀ ਅਧਿਕਾਰਾਂ ਦੀ ਬਹੁਤ ਘਾਟ ਹੈ। ਰਾਜਨੀਤਕ ਲੋਕ ਤੇ ਹੋਰ ਸੰਸਥਾਵਾਂ ਇਹਨਾਂ ਧਰਨਿਆਂ ਵਿੱਚ ਸ਼ਾਮਲ ਲੋਕਾਂ ਦੀ ਵਰਤੋਂ ਕਰਦੀਆਂ ਹਨ। ਕੁਝ ਲੋਕ ਦਿਹਾੜੀ ਦੇ ਕੇ ਵੀ ਸ਼ਾਮਲ ਕੀਤੇ ਜਾਂਦੇ ਹਨ, ਜੋ ਕਿ ਇੱਕ ਵੱਡੇ ਇੱਕਠ ਦਾ ਦਿਖਾਵਾ ਕੀਤਾ ਜਾਂਦਾ ਹੈ। ਇਸ ਇਕੱਠ ਵਿੱਚ ਸ਼ਾਮਲ ਹੋਣ ਦਾ ਕਾਰਨ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ, ਉੁਹਨਾਂ ਨੂੰ ਸਿਰਫ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਪੈਸਿਆਂ ਤੱਕ ਮਤਲਬ ਹੁੰਦਾ ਹੈ।

ਕੁਝ ਸੂਬਿਆਂ ਵਿੱਚ ਸੱਤਾਧਾਰੀ ਪਾਰਟੀਆਂ ਇਹਨਾਂ ਦੀ ਵਰਤੋਂ ਸਿਆਸੀ ਸਾਧਨਾਂ ਵਜੋਂ ਕਰ ਰਹੀਆਂ ਹਨ ਅਤੇ ਸਿਆਸੀ ਲਾਭ ਵਾਸਤੇ ਵੀ ਕੀਤੀ ਜਾਂਦੀ ਹੈ, ਅਤੇ ਕਦੇ-ਕਦੇ ਆਪਣੀ ਸਿਆਸੀ ਸੱਤਾ ਤੇ ਆਪਣੇ ਸਮੱਰਥਕਾਂ ਨੂੰ ਬਚਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਅਪਣਾਣਿਆ ਜਾਂਦਾ ਹੈ। ਸਰਕਾਰੀ ਸੰਪੱਤੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾਂਦਾ ਹੈ। ਧਰਨੇ ਵਿੱਚ ਸ਼ਾਮਲ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਇਹ ਗੱਲ ਭੁੱਲ ਜਾਂਦੇ ਹਨ ਕਿ ਹੁਣ ਉਹ ਆਮ ਜਨਤਾ ਦਾ ਨੁਕਸਾਨ ਅਤੇ ਪਰੇਸ਼ਾਨ ਕਰ ਰਹੇ ਹਨ।

ਜੇਕਰ ਅਸੀਂ ਆਪਣੀਆਂ ਮੰਗਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਰੱਖੀਏ ਅਤੇ ਆਮ ਜਨਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਫਿਰ ਆਮ ਜਨਤਾ ਵੀ ਧਰਨਾਕਾਰੀਆਂ ਦੇ ਹੱਕਾਂ ਦੀ ਗੱਲ ਕਰੇਗੀ, ਪਰ ਜਦੋਂ ਆਮ ਲੋਕ ਪਰੇਸ਼ਾਨ ਹੁੰਦੇ ਹਨ ਤਾਂ ਉਹ ਵੀ ਦਿਲੋਂ ਇਹਨਾਂ ਧਰਨਿਆਂ ਦਾ ਵਿਰੋਧ ਕਰਦੇ ਹਨ। ਭੀੜ ਵੱਲੋਂ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਸਾਡੀ ਕਾਨੂੰਨੀ ਕਮਜ਼ੋਰੀ ਦਾ ਸੰਕੇਤ ਹਨ, ਜਿਸ ਤੋਂ ਸਾਨੂੰ ਇਹ ਗਿਆਨ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਹੁਣ ਸਾਡੇ ਦੇਸ਼ ਵਿੱਚ ਨਫਰਤ ਅਤੇ ਗੁੱਸੇ ਦਾ ਇੱਕ ਨਵਾਂ ਰਾਜ ਕਾਇਮ ਹੋ ਗਿਆ ਹੈ। ਗੁੰਡਾਗਰਦੀ ਕਰਕੇ ਘਿਨਾਉਣੇ ਅਪਰਾਧ ਕੀਤੇ ਜਾ ਰਹੇ ਹਨ।

ਜਦੋਂ ਕਿਤੇ ਕੁਦਰਤੀ ਘਟਨਾ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਗੁੱਸੇ ਵਿੱਚ ਕਈ ਵਾਰ ਤਾਂ ਕਾਨੂੰਨ ਨੂੰ ਵੀ ਤੋੜ ਦਿੱਤਾ ਜਾਂਦਾ ਹੈ ਅਤੇ ਭੰਨ੍ਹ-ਤੋੜ ਕੀਤੀ ਜਾਂਦੀ ਹੈ ਅਤੇ ਗੱਡੀਆਂ ਫੂਕੀਆਂ ਜਾਂਦੀਆਂ ਹਨ। ਕਦੇ-ਕਦੇ ਇਹ ਘਟਨਾਵਾਂ ਇੰਨਾ ਭਿਆਨਕ ਰੂਪ ਧਾਰਨ ਕਰ ਲੈਦੀਆਂ ਹਨ ਕਿ ਇੱਕ ਵਿਅਕਤੀ ਦੀ ਮੌਤ ਦੀ ਵਜ੍ਹਾ ਕਰਨ ਕਈ ਵਿਅਕਤੀ ਮੌਤ ਦੇ ਘਾਟ ਉਤਾਰੇ ਜਾਂਦੇ ਹਨ ਅਤੇ ਆਉਂਦੇ-ਜਾਂਦੇ ਲੋਕਾਂ ਨੂੰ ਇਹਨਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਇੱਥੇ ਹੀ ਬੱਸ ਨਹੀਂ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਖਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਾਨੂੰਨ ਸਭ ਲਈ ਬਰਾਬਰ ਹੈ, ਉਸ ਦਾ ਸਤਿਕਾਰ ਕਰਨਾ ਸਾਡੀ ਜਿੰਮੇਵਾਰੀ ਬਣਦੀ ਹੈ, ਪਰ ਬਿਨਾਂ ਜਾਣਕਾਰੀ ਦੇ ਫੈਸਲੇ ਦੇ ਖਿਲਾਫ਼ ਰੋਸ ਵਿਖਾਵਾ ਕੀਤਾ ਜਾਂਦਾ ਹੈ, ਚਾਹੇ ਇਹੋ-ਜਿਹੇ ਰੋਸ ਵਿਖਾਵੇ ਦਾ ਸਿੱਟਾ ਨਹੀਂ ਨਿੱਕਲਦਾ, ਸਗੋਂ ਸਾਡੀ ਨਾਸਮਝੀ, ਅਨਪੜ੍ਹਤਾ ਤੇ ਕਾਨੂੰਨ ਦੀ ਜਾਣਕਾਰੀ ਨਾ ਹੋਣਾ ਸਾਡੇ ਸਮਾਜ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਪੇਸ਼ ਕਰਦਾ ਹੈ।

ਕੁਝ ਸੂਬਿਆਂ ਨੂੰ ਅਜਿਹੀਆਂ ਅਫਵਾਹਾਂ ਤੋਂ ਚੌਕੰਨੇ ਕਰਨ ਲਈ ਕੁਝ ਲੋਕਾਂ ਦੀਆਂ ਸੇਵਾਵਾਂ ਲਈਆਂ ਹਨ। ਜਿਵੇਂ ਲਾਉੂਡ ਸਪੀਕਰ ਲੈ ਕੇ ਪਿੰਡ-ਪਿੰਡ ਜਾ ਰਹੇ ਹਨ ਅਤੇ ਲੋਕਾਂ ਨੂੰ ਝੂਠੀਆਂ ਖਬਰਾਂ ਦੇ ਖਤਰਿਆਂ ਬਾਰੇ ਦੱਸ ਰਹੇ ਹਨ। ਇਹ ਅਜਿਹੀ ਹਿੰਸਾ ‘ਤੇ ਕਾਬੂ ਪਾਉਣ ਦਾ ਸਹੀ ਰਸਤਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਭੀੜ ਵੱਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਹੱਤਿਆਵਾਂ ਨੂੰ ਸੱਭਿਅਕ ਸਮਾਜ ਵਿੱਚ ਨਾ ਕਬੂਲਣ ਯੋਗ ਅਪਰਾਧ ਕਿਹਾ ਹੈ ਅਤੇ ਕਿਹਾ ਹੈ ਕਿ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ। ਅਦਾਲਤ ਨੇ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਉਣ ਦੀ ਜਿੰਮੇਵਾਰੀ ਸੂਬਿਆਂ ‘ਤੇ ਪਾਈ ਹੈ। ਅਦਾਲਤ ਨੇ ਕਿਹਾ ਹੈ ਕਿ ਸੂਬਿਆਂ ਨੂੰ ਅਜਿਹੀਆਂ ਘਟਨਾਵਾਂ ਰੋਕਣ ਦੇ ਨਾਲ-ਨਾਲ ਪੀੜਤਾਂ ਨੂੰ ਮੁਆਵਜਾ ਦੇਣ ਲਈ ਦਿਸ਼ਾਂ-ਨਿਰਦੇਸ਼ ਬਣਾਉਣੇ ਚਾਹੀਦੇ ਹਨ।

ਲੁਧਿਆਣਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।