ਜਸਟਿਸ ਮੁਰਲੀਧਰ ਦਾ ਅੱਧੀ ਰਾਤ ਨੂੰ ਤਬਾਦਲਾ

Delhi Violence, Judge Transferred

– ਭਾਜਪਾ ਨੇ ਕਿਹਾ ਕਾਂਗਰਸ ਸਿਆਸਤ ਕਰ ਰਹੀ ਹੈ
– ਕਾਂਗਰਸ ਨੇ ਰਾਸ਼ਟਰਪਤੀ ਨੂੰ ਸੌਂਪਿਆ ਮੰਗ ਪੱਤਰ,ਗ੍ਰਹਿ ਮੰਤਰੀ ਨੂੰ ਹਟਾਉਣ ਦੀ ਮੰਗ

ਨਵੀਂ ਦਿੱਲੀ, ਏਜੰਸੀ। ਦਿੱਲੀ ਦੰਗਿਆਂ ਦੀ ਸੁਣਵਾਈ ਦੌਰਾਨ ਪੁਲਿਸ ਤੇ ਸਾਲਿਸਿਟਰ ਜਨਰਲ ਨੂੰ ਤਿੱਖੇ ਸਵਾਲ ਕਰਨ ਵਾਲੇ ਜਸਟਿਸ ਮੁਰਲੀਧਰ ਦਾ ਤਬਾਦਲਾ ਹੁਣ ਸਿਆਸੀ ਰੂਪ ਲੈ ਚੁੱਕਿਆ ਹੈ। ਵਿਰੋਧੀ ਇਸ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਸਿੱਧਾ ਹਮਲਾ ਕਰ ਰਿਹਾ ਹੈ। ਇਸ ਮੁੱਦੇ ਸਬੰਧੀ ਕਾਂਗਰਸ ਦੇ ਇੱਕ ਵਫ਼ਦ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਦਿੱਲੀ ਹਿੰਸਾ ਸਬੰਧੀ ਵੀਰਵਾਰ ਨੂੰ ਮੁਲਾਕਾਤ ਕੀਤੀ ਸੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਹੁਦੇ ਤੋਂ ਹਟਾਉਣ ਤੇ ਆਮ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਕਰਨ ਦੀ ਮੰਗ ਕੀਤੀ । ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ‘ਚ ਪਾਰਟੀ ਦਾ ਇੱਕ ਵਫ਼ਦ ਰਾਸ਼ਟਰਪਤੀ ਭਵਨ ‘ਚ ਕੋਵਿੰਦ ਨੂੰ ਮਿਲਿਆ ਤੇ ਦਿੱਲੀ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਵਫ਼ਦ ਨੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ‘ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਜਨਤਾ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ‘ਚ ਨਾਕਾਮ ਰਹੀ ਹੈ ਇਸ ਲਈ ਸ਼ਾਹ ਨੂੰ ਕੇਂਦਰੀ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਸ੍ਰੀਮਤੀ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ‘ਚ ਨਾਕਾਮ ਹੋਈ ਹੈ ਇਸ ਲਈ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਤਿਆਗ ਪੱਤਰ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕਾਨੂੰਨ ਤੇ ਨਿਆਂ ਮੰਤਰਾਲਾ ਦੇ ਨਿਆਂ ਵਿਭਾਗ ਵੱਲੋਂ ਬੁੱਧਵਾਰ ਦੇਰ ਰਾਤ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਅਨੁਸਾਰ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਵਿਧਾਨ ਦੀ ਧਾਰਾ 222 ਤਹਿਤ ਪ੍ਰਦੱਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਭਾਰਤ ਦੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਦੀ ਸਲਾਹ ‘ਤੇ ਜਸਟਿਸ ਮੁਰਲੀਧਰ ਦੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ ਹੈ।

  • ਸੁਪਰੀਮ ਕੋਰਟ ਕਾਲੇਜੀਅਮ ਨੇ ਜਸਟਿਸ ਮੁਰਲੀਧਰ ਸਮੇਤ ਤਿੰਨ ਜੱਜਾਂ ਦੇ ਤਬਾਦਲੇ ਦੀ ਸਿਫਾਰਿਸ਼ 12 ਫਰਵਰੀ ਨੂੰ ਸਰਕਾਰ ਨੂੰ ਭੇਜੀ ਸੀ।
  • ਉਨ੍ਹਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਟਰਾਂਸਫਰ ਕੀਤਾ ਗਿਆ ਹੈ।

ਨਿਆਂ ਦਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਸਰਕਾਰ : ਪ੍ਰਿਅੰਕਾ

ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਐਸ. ਮੁਰਲੀਧਰ ਦੇ ਦੇਰ ਰਾਤ ਤਬਾਦਲੇ ‘ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਹੈਰਾਨੀ ਪ੍ਰਗਟਾਈ।

ਪ੍ਰਿਅੰਕਾ ਗਾਂਧੀ ਨੇ ਅੱਜ ਟਵੀਟ ਕਰਕੇ ਕਿਹਾ ਕਿ ਸਰਕਾਰ ਨਿਆਂ ਦਾ ਮੂੰਹ ਬੰਦ ਕਰਵਾਉਣਾ ਚਾਹੁੰਦੀ ਹੈ।

ਉੱਤਰ-ਪੂਰਬੀ ਦਿੱਲੀ ਦੀ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ 37 ਹੋਈ

ਉੱਤਰ-ਪੂਰਬੀ ਦਿੱਲੀ ‘ਚ ਹਿੰਸਕ ਘਟਨਾਵਾਂ ‘ਚ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 37 ਪਹੁੰਚ ਗਈ। ਮਰਨ ਵਾਲਿਆਂ ‘ਚ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬੇਲ ਰਤਨ ਲਾਲ ਤੇ ਇੰਟੈਲੀਜੈਂਸ ਬਿਊਰੋ ਕਰਮਚਾਰੀ ਅਮਿਤ ਸ਼ਰਮਾ ਵੀ ਹਨ। ਜੀਟੀਬੀ ਅਧਿਕਾਰੀਆਂ ਨੇ ਅੱਜ ਦੱਸਿਆ ਸੀ ਕਿ ਘੱਟ ਤੋਂ ਘੱਟ 9 ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਮਰਨ ਵਾਲਿਆਂ ‘ਚ ਇੱਕ ਔਰਤ ਵੀ ਹੈ।

  • ਹਿੰਸਾ ਪ੍ਰਭਾਵਿਤ ਮੁੱਖ ਇਲਾਕੇ ਚਾਂਦ ਬਾਗ, ਜਾਫਰਾਬਾਦ ਤੇ ਸ਼ਿਵ ਵਿਹਾਰ ਸਮੇਤ ਹੁਣ ਸਥਿਤੀ ਆਮ।
  • ਪੁਲਿਸ ਨੇ ਅੱਜ ਤੱਕ 18 ਐਫਆਈਆਰ ਦਰਜ ਕਰਕੇ 106 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।