ਮਾਨਵਤਾ ਨੂੰ ਸਮਰਪਿਤ – ਰੈੱਡ ਕਰਾਸ 

Dedicated, Humanity, RedCross

ਨਵਜੋਤ ਬਜਾਜ (ਗੱਗੂ)

ਕੁਦਰਤ ਦੀ ਗੋਦ ‘ਚ ਵਸੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਿੱਥੇ ਖਾਲਸੇ ਦੀ ਸਿਰਜਣਾ ਦੀ ਪਵਿੱਤਰ ਭੂਮੀ ਹੋਣ ਦਾ ਮਾਣ ਹਾਸਲ ਹੋਇਆ ਹੇ। ਉੱਥੇ ਦੁਖੀ ਤੇ ਪੀੜਤ ਮਨੁੱਖਤਾ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਨ ਦੀ ਮਿਸਾਲ ਪੈਦਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ। ਦੁਖੀ ਮਾਨਵਤਾ ਦੀ ਸੇਵਾ ਦਾ ਇਹੋ ਸੰਕਲਪ ਅੱਜ ਦੀ ਰੈਂਡ ਕਰਾਸ ਸੰਸਥਾ ਦੀ ਬੁਨਿਆਦ ਬਣਿਆ ਹੈ, ਜਿਸ ਨੂੰ ਅੱਜ-ਕੱਲ੍ਹ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋ ਚੁੱਕੀ ਹੈ। ਮੁਗਲ ਫੌਜਾਂ ਤੇ ਸਿੰਘਾਂ ਵਿਚਕਾਰ ਘਮਸਾਨ ਦੀ ਜੰਗ ਦੌਰਾਨ ਕੁਝ ਸਿੰਘਾਂ ਨੇ ਦੇਖਿਆ ਕਿ ਇੱਕ ਸਿੰਘ ਪਿੱਠ ‘ਤੇ ਮਸ਼ਕ ਬੰਨ੍ਹੀ ਮੁਗਲ ਫੌਜ਼ਾਂ ਦੇ ਜ਼ਖ਼ਮੀ ਫੌਜੀਆਂ ਨੂੰ ਵੀ ਪਾਣੀ ਪਿਆਈ ਜਾ ਰਿਹਾ ਸੀ। ਸਿੰਘਾਂ ਦੀ ਸ਼ਿਕਾਇਤ ਸੁਣ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਤੇ ਪਾਣੀ ਪਿਆਉਣ ਵਾਲੇ ਸਿੰਘ ਨੂੰ ਬੁਲਾਵਾ ਭੇਜਿਆ। ਉਹਨਾਂ ਨੇ ਸਿੰਘਾਂ ਦੀ ਸ਼ਿਕਾਇਤ ਬਾਰੇ ਉਸ ਸਿੰਘ ਨੂੰ ਦੱਸਦਿਆਂ ਕਿਹਾ ਭਾਈ ਸਾਹਿਬ, ਕੀ ਇਹ ਸਿੰਘ ਸੱਚ ਆਖ ਰਹੇ ਹਨ?

ਦੋਵੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਭਾਈ ਸਾਹਿਬ ਨੇ ਕਿਹਾ, ਹਾ, ਸੱਚੇ ਪਾਤਸ਼ਾਹ , ਇਹ ਸੱਚ ਹੈ। ਜੰਗ ਦੇ ਮੈਦਾਨ ਵਿੱਚ ਪਾਣੀ-ਪਾਣੀ ਕੁਰਲਾ ਰਹੇ ਤੇ ਜ਼ਖ਼ਮਾਂ ਨਾਲ ਤੜਫ਼ ਰਹੇ ਸਿੰਘਾਂ ਤੇ ਮੁਗਲਾਂ ਚ ਮੈਨੂੰ ਕੋਈ ਫ਼ਰਕ ਨਜ਼ਰ ਨਹੀਂ ਆÀੁਂਦਾ। ਇਹ ਹੋਰ ਕੋਈ ਨਹੀ ਸਗੋਂ ਭਾਈ  ਘਨੱਈਆ ਜੀ ਹੀ ਸਨ, ਜਿਨ੍ਹਾਂ ਨੇ ਗੁਰੂ ਆਸ਼ੇ ਅਨੁਸਾਰ ਮਨੁੱਖਤਾ ਦੀ ਨਿਸ਼ਕਾਮ ਸੇਵਾ ਦਾ ਮੁੱਢ ਬੰਨ੍ਹਿਆ। ਗੁਰੂ ਜੀ ਬੇਹੱਦ ਖੁਸ਼ ਹੋਏ ਤੇ ਕਿਹਾ ਭਾਈ ਘਨੱਈਆ ਜੀ ਤੁਸੀ  ਸੱਚਮੁੱਚ ਹੀ ਸਿੱਖੀ ਤੇ ਸੇਵਾ ਦੇ ਸੰਕਲਪ ਨੂੰ ਧਾਰ ਲਿਆ ਹੈ।  ਤੁਸੀ ਸਿੱਖੀ ਤੇ ਸੇਵਾ ਦੇ ਪੁੰਜ ਹੋ ਗੁਰੂ ਜੀ ਨੇ ਭਾਈ ਘਨੱ੍ਹਈਆ ਦੇ ਹੱਥ ‘ਚ ਮੱਲ੍ਹਮ ਪੱਟੀ ਦਾ ਡੱਬਾ ਫੜਾਉਂਦਿਆਂ ਕਿਹਾ, ਜਾਓ ਹੁਣ ਪਿਆਸਿਆਂ ਦੀ ਪਿਆਸ ਮਿਟਾਉਣ ਦੇ ਨਾਲ-ਨਾਲ ਜ਼ਖ਼ਮੀਆਂ ਦਾ ਦਰਦ ਵੀ ਦੂਰ ਕਰੋ। ਇਹ ਸੀ ਮਹਾਨ ਗੁਰੂ ਜੀ ਤੇ ਮਹਾਨ ਸਿੱਖ ਦਾ ਧਰਮ ਤੇ ਸੇਵਾ ਦਾ ਸੰਕਲਪ।

ਰੈੱਡ ਕਰਾਸ ਵਿਸ਼ਵ ਪੱਧਰ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਸੇਵਾ ਤੇ ਸਹਾਇਤਾ ਵਾਲੀ ਸੰਸਥਾ ਹੈ, ਜਿਸ ਦਾ ਮੁੱਖ ਦਫ਼ਤਰ ਜਨੇਵਾ (ਸਵਿਟਜ਼ਰਲੈਂਡ) ਵਿੱਚ ਹੈ,ਜਿਸ ਦੇ ਬਾਨੀ ਜੀਨ ਹੈਨਰੀ ਡਿਉਨਾ ਹਨ। ਰੈੱਡ ਕਰਾਸ ਦਿਵਸ ਨੂੰ ਹੈਨਰੀ ਡਿਉਨਾ ਦੇ ਜਨਮ ਦਿਨ (8 ਮਈ) ਨਾਲ ਜੋੜਿਆ ਗਿਆ ਹੈ।

ਹੈਨਰੀ ਡਿਊਨਾ ਦਾ ਜਨਮ 8 ਮਈ 1828 ਵਿੱਚ ਸਵਿੱਟਜ਼ਰਲੈਂਡ ਵਿਖੇ ਹੋਇਆ। ਉਹ ਕਿਸੇ ਕੰਮ ਲਈ ਇਟਲੀ ਦੇ ਕਸਬੇ ਮੈਲਫਰੀਨੋ ਵਿਖੇ ਗਿਆ। ਇਨ੍ਹਾਂ ਦਿਨਾਂ ‘ਚ 1859 ਨੂੰ ਇਸ ਕਸਬੇ ਵਿੱਚ ਫਰਾਂਸ ਅਤੇ ਆਸਟਰੀਆ ਦੀਆਂ ਫੌਜਾਂ ‘ਚ ਖਤਰਨਾਕ ਯੁੱਧ ਹੋਇਆ, ਜਿਸ ਵਿੱਚ ਹਜ਼ਾਰਾਂ ਫੌਜੀ ਜ਼ਖਮੀ ਹੋ ਗਏ ਤੇ ਹਜ਼ਾਰਾਂ ਹੀ ਮਾਰੇ ਗਏ। ਹੈਨਰੀ ਡਿਊਨਾ ਦਾ ਮਨ ਪਸੀਜ ਗਿਆ। ਉਸ ਨੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਦੁੱਖੀਆਂ ਤੇ ਜ਼ਖਮੀਆਂ ਦੀ ਸੇਵਾ ਲਈ ਪ੍ਰੇਰਿਆ। ਇਸ ਦਰਦਨਾਕ ਘਟਨਾ ਸਬੰਧੀ ਡਿਊਨਾ ਨੇ ਇੱਕ ਕਿਤਾਬ ਲਿਖੀ ਤੇ ਕਿਤਾਬ ਦੇ ਅੰਤ ਵਿੱਚ ਇਸ ਕਾਰਜ ਲਈ ਕੋਈ ਸੰਸਥਾ ਖੜ੍ਹੀ ਕਰਨ ਦਾ ਸੁਝਾਅ ਦਿੱਤਾ। ਅਕਤੂਬਰ 1863 ਵਿੱਚ ਕੁਝ ਦੇਸ਼ਾਂ ਦੇ ਪ੍ਰਤੀਨਿਧਾਂ ਦੀ ਜਨੇਵਾ ਵਿਖੇ ਮੀਟਿੰਗ ਵਿੱਚ ਸੰਸਥਾ ਬਾਰੇ ਫ਼ੈਸਲਾ ਤੈਅ ਹੋਇਆ। ਡਿਊਨਾ ਤੇ ਸਵਿੱਟਜਰਲਂੈਡ ਨੂੰ ਮਾਣ ਦੇਣ ਲਈ ਸਵਿੱਟਜ਼ਰਲੈਡ ਦੇ ਕੌਮੀ ਝੰਡੇ ਤੇ ਇਸ ਦੇ ਚਿੰਨ੍ਹ ਦੇ ਰੰਗਾਂ ਨੂੰ ਆਪਸ ਵਿੱਚ ਬਦਲ ਕੇ ਅਪਣਾਇਆ ਗਿਆ।

ਜਨੇਵਾ ਸੰਧੀਆਂ ਅਨੁਸਾਰ ਰੈੱਡ ਕਰਾਸ ਦਾ ਉਦੇਸ਼ ਹਵਾਈ, ਥਲ ਤੇ ਜਲ ਫੌਜ ਦੇ ਜ਼ਖ਼ਮੀਆਂ ਤੇ ਕੁਦਰਤੀ ਆਫ਼ਤਾਂ ਦੇ ਮਾਰਿਆਂ ਦੀ ਸੰਭਾਲ, ਜੰਗੀ ਕੈਦੀਆਂ ਨਾਲ ਮਨੁੱਖੀ ਸਲੂਕ, ਅਪਾਹਜ਼ਾਂ ਦੀ ਸੇਵਾ, ਮੁੜ ਵਸੇਬਾ ਤੇ ਸੰਸਾਰ ਵਿੱਚ ਅਮਨ-ਸ਼ਾਂਤੀ ਲਈ ਸਾਰਥਕ ਯਤਨ ਕਰਨਾ ਹੈ। ਲਗਭਗ 180 ਦੇਸ਼ ਰੈਂਡ ਕਰਾਸ ਦੇ ਮੈਂਬਰ ਹਨ। 1901 ਵਿੱਚ ਪਹਿਲਾ ਨੋਬਲ ਸ਼ਾਂਤੀ ਇਨਾਮ ਹੈਨਰੀ ਡਿਊਨਾ ਨੁੰ ਦਿੱਤਾ ਗਿਆ ਪਰ ਉਸ ਨੇ ਇਨਾਮ ਦੀ ਸਾਰੀ ਰਾਸ਼ੀ ਤੇ ਸੁਗਾਤਾਂ ਦੀ ਰਕਮ ਬਿਮਾਰ, ਦੁਖੀਆਂ ਤੇ ਜ਼ਖ਼ਮੀਆਂ ਦੀ ਸੇਵਾ ਲਈ ਖਰਚਣ ਦੀ ਵਸੀਅਤ ਕਰ ਦਿੱਤੀ। 1963 ਦਾ ਨੋਬਲ ਸ਼ਾਂਤੀ ਪੁਰਸਕਾਰ ਵਿਸ਼ਵ ਰੈਂਡ ਕਰਾਸ ਸੰਸਥਾ ਨੂੰ ਮਿਲਿਆ। ਲੋਕ ਭਲਾਈ ਤੇ ਰਾਹਤ ਦੀ ਇਹ ਸੰਸਥਾ ਆਪਣੇ ਕਾਰਜ ਲੋਕਾਂ ਦੇ ਸਹਿਯੋਗ ਨਾਲ ਕਰਦੀ ਹੈ।  ਜੰਗ ਜਾਂ ਕੁਦਰਤੀ ਆਫ਼ਤਾਂ ਸਮੇ ਹੀ ਨਹੀ ਸਗੋ ਇਹ ਸੰਸਥਾਂ ਸ਼ਾਂਤੀ ਸਮੇਂ ਵੀ ਸਹਾਇਤਾ ਕਾਰਜ ਕਰਦੀ ਹੈ। ਜਿਵੇਂ ਗਰੀਬਾਂ, ਅਨਾਥਾਂ, ਅਪਾਹਜਾਂ ਨੂੰ ਸਹਾਇਤਾ ਦੇਣਾ, ਦੁਰਘਟਨਾ ਸਮੇ ਜ਼ਖਮੀਆਂ ਦੀ ਸੰਭਾਲ ਕਰਨੀ, ਅੱਖਾਂ, ਖੂਨ ਤੇ ਹੋਰ ਸਰੀਰਕ ਅੰਗ ਦਾਨ ਲੈ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਗਰੀਬ ਬੱਚਿਆਂ ਦੀ ਪੜ੍ਹਾਈ ਚ ਸਹਾਇਤਾ ਆਦਿ। ਇਹ ਸੰਸਥਾ ਸਵੈ-ਸੇਵਕਾਂ ਦੀ ਅੰਤਰਰਾਸ਼ਟਰੀ ਜਥੇਬੰਦੀ ਵੀ ਹੈ, ਜਿਸ ਦਾ ਧੁਰਾ ਵੀ ਸਵੈ-ਸੇਵਾ ਹੈ। ਜਨਵਰੀ 2001 ‘ਚ ਗੁਜਰਾਤ ‘ਚ ਆਏ ਭੁਚਾਲ ਦੇ ਪੀੜਤਾਂ ਦੀ ਸਹਾਇਤਾ ਲਈ ਦੁਨੀਆ ਭਰ ਤੋਂ ਆਏ ਰੈਡ ਕਰਾਸ ਸਵੈ-ਸੇਵਕਾਂ ਨੇ ਦਿਖਾ ਦਿੱਤਾ ਕਿ ਇਹ ਸੰਸਥਾ ਬਿਨਾਂ ਕਿਸੇ ਸਰਹੱਦ ਦੀ ਪ੍ਰਵਾਹ ਕਰਦਿਆਂ ਨਿਸ਼ਕਾਮ ਸੇਵਾ ਲਈ ਅੱਗੇ ਆਉਂਦੀ ਹੈ।

ਰੈਡ ਕਰਾਸ ਦੇ ਭਾਵ ਤੇ ਭਾਵਨਾ ਨੂੰ ਸਮਝਣ ਤੇ ਅਪਣਾਉਣ ਦੀ ਲੋੜ ਹੈ ਮਾਨਵਤਾ ਦੀ ਸੇਵਾ ਰੂਪੀ ਜੋਤ ਨੂੰ ਭਾਈ ਘਨੱਈਆ ਜੀ ਨੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਜਗਾਇਆ, ਜਿਸ ਨੂੰ ਹੈਨਰੀ ਡਿਊਨਾ ਨੇ ਸਮੁੱਚੇ ਵਿਸ਼ਵ ਪੱਧਰ ‘ਤੇ ਰੋਸ਼ਨੀ ਕਰਨ ਲਈ ਰੈਡ ਕਰਾਸ ਦੇ ਨਾਂਅ  ਹੇਠ ਅਪਣਾਇਆ ਪੰਜਾਬ ਵਿੱਚ ਭਾਈ ਘਨ੍ਹੱਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਵਜੋਂ ਯਾਦ ਕੀਤਾ ਜਾਦਾ ਹੈ ਅੱਜ ਲੋੜ ਹੈ ਅਸੀਂ ਪੀੜਤ ਮਾਨਵਤਾ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣੀਏ ਅਜਿਹੀਆਂ ਮਾਨਵਤਾਵਾਦੀ ਸੰਸਥਾਵਾਂ ਨਾਲ ਜੁੜੀਏ ਅਤੇ ਸਮਾਜ ਸੇਵਾ ਦੇ ਇਸ ਦਾਇਰੇ ਨੂੰ ਹੋਰ ਵਿਸ਼ਾਲ ਕਰੀਏ ਤਾਂ ਜੋ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਪਹੁੰਚਾਇਆ ਜਾ ਸਕੇ ।

ਭਗਤਾ ਭਾਈ ਕਾ। 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।