ਕਿਤਾਬਾਂ ਪ੍ਰਤੀ ਘਟਦੀ ਰੁਚੀ ਸਮਾਜ ਲਈ ਖ਼ਤਰਨਾਕ ਸੰਕੇਤ

Study and Studnets

ਕਿਤਾਬਾਂ ਪ੍ਰਤੀ ਘਟਦੀ ਰੁਚੀ ਸਮਾਜ ਲਈ ਖ਼ਤਰਨਾਕ ਸੰਕੇਤ

ਕਿਤਾਬਾਂ ਨੂੰ ਇਨਸਾਨਾਂ ਨੇ ਬਣਾਇਆ ਇਸ ਵਿਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਵਿਚੋਂ ਕਿੰਨਿਆਂ ਨੂੰ ਹੀ ਇਨਸਾਨ ਬਣਾਉਣ ਵਾਲੀਆਂ ਵੀ ਕਿਤਾਬਾਂ ਹੀ ਹਨ ਕਿਤਾਬਾਂ ਗਿਆਨ ਦਾ ਭੰਡਾਰ ਹੀ ਨਹੀਂ ਹੁੰਦੀਆਂ ਸਗੋਂ ਜੀਵਨ ਨੂੰ ਸਹੀ ਸੇਧ ਦੇਣ ਵਾਲੀਆਂ ਮਾਰਗਦਰਸ਼ਕ ਵੀ ਹੁੰਦੀਆਂ ਹਨ ।ਦੁਨੀਆਂ ਦੀ ਸ਼ਾਇਦ ਹੀ ਕੋਈ ਅਜਿਹੀ ਸਮੱਸਿਆ ਹੋਵੇ ਜਿਸਦਾ ਹੱਲ ਕਿਤਾਬਾਂ ਵਿਚੋਂ ਨਾ ਲੱਭੇ। ਜੋ ਲੋਕ ਕਿਤਾਬਾਂ ਪੜ੍ਹਦੇ ਅਤੇ ਵਿਚਾਰਦੇ ਹਨ, ਉਹ ਹਮੇਸ਼ਾ ਮਨੁੱਖੀ ਭਾਵਾਂ ਅਤੇ ਸੰਵੇਦਨਾਵਾਂ ਨਾਲ ਭਰੇ ਰਹਿੰਦੇ ਹਨ। ਕਿਤਾਬਾਂ ਨਾਲ ਪਿਆਰ ਕਰਨ ਵਾਲੇ ਜਿੰਦਗੀ ਅਤੇ ਮਨੁੱਖਤਾ ਨਾਲ ਵੀ ਪਿਆਰ ਕਰਨਾ ਸਿੱਖ ਜਾਂਦੇ ਹਨ।

Dangerous Society | ਕਿਤਾਬਾਂ ਇੱਕ ਚੰਗੇ ਦੋਸਤ ਵਰਗੀਆਂ ਹੁੰਦੀਆਂ ਹਨ ਜੋ ਹਮੇਸ਼ਾ ਸਾਡੇ ਮਨੋਬਲ ਨੂੰ ਵਧਾਈ ਰੱਖਦੀਆਂ ਹਨ ।ਅੱਜ ਦੁਨੀਆਂ ਭਰ ਵਿੱਚ ਸਾਨੂੰ ਜੀਵਨ ਦੇ ਹਰ ਪਹਿਲੂ ਨਾਲ ਸਬੰਧਿਤ ਕਿਤਾਬ ਮਿਲ ਜਾਂਦੀ ਹੈ। ਧਰਮ, ਦਰਸ਼ਨ, ਅਰਥ, ਰਾਜਨੀਤੀ, ਕੂਟਨੀਤੀ, ਵਿਦੇਸ਼ ਨੀਤੀ, ਬਿਜਨਸ-ਵਪਾਰ, ਸਮਾਜ ਸ਼ਾਸਤਰ, ਸਿਹਤ, ਸਿੱਖਿਆ-ਸਿਖਲਾਈ ਆਦਿ ਅਨੇਕਾਂ ਵਿਸ਼ਿਆਂ ‘ਤੇ ਲਗਭਗ ਹਰੇਕ ਭਾਸ਼ਾ ਵਿੱਚ ਅਨੇਕਾਂ ਕਿਤਾਬਾਂ ਅੱਜ ਦੇ ਸਮੇਂ ਉਪਲੱਬਧ ਹਨ। ਕਿਤਾਬਾਂ ਜਿੱਥੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਉੱਥੇ ਹੀ ਸਾਡੀ ਬੌਧਿਕਤਾ ਦਾ ਵੀ ਵਿਕਾਸ ਕਰਦੀਆਂ ਹਨ

Dangerous Society | ਕਿਤਾਬਾਂ ਸਾਨੂੰ ਮਨੋਰੰਜਨ ਦੇ ਨਾਲ-ਨਾਲ ਆਤਮਿਕ ਸ਼ਾਂਤੀ ਅਤੇ ਮਨ ਦੀ ਸਥਿਰਤਾ ਵੀ ਪ੍ਰਦਾਨ ਕਰਦੀਆਂ ਹਨ। ਜਿਸ ਵਿਅਕਤੀ ਦਾ ਮਨ ਡਾਵਾਂਡੋਲ ਰਹਿੰਦਾ ਹੈ, ਉਹ ਕਦੇ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ। ਇਸ ਲਈ ਜਿਵੇਂ-ਜਿਵੇਂ ਅਸੀਂ ਚੰਗੀਆਂ ਅਤੇ ਪ੍ਰੇਰਨਾ ਭਰਪੂਰ ਕਿਤਾਬਾਂ ਪੜ੍ਹਦੇ ਹਾਂ ਅਤੇ ਵਿਚਾਰਦੇ ਹਾਂ, ਤਾਂ ਹੌਲੀ-ਹੌਲੀ ਮਨ ਦੀ ਅਡੋਲ ਪ੍ਰਵਿਰਤੀ ਨੂੰ ਹਾਸਲ ਕਰ ਲੈਂਦੇ ਹਾਂ। ਕਿਤਾਬਾਂ ਨਾਲ ਜੁੜੇ ਰਹਿਣ ਨਾਲ ਇਨਸਾਨ ਵਿੱਚ ਮਾਨਵੀ ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਕਦੇ ਨਹੀਂ ਮਰਦੀਆਂ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇੰਟਰਨੈਟ ਅਤੇ ਮੋਬਾਇਲਾਂ ਦੇ ਅੱਜ ਦੇ ਦੌਰ ਵਿੱਚ ਪੁਸਤਕ ਪ੍ਰੇਮੀਆਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ।

ਕਿਤਾਬਾਂ ਸਿਰਫ ਸਕੂਲਾਂ-ਕਾਲਜਾਂ ਦੇ ਸਿਲੇਬਸਾਂ ਤੱਕ ਸੀਮਤ ਰਹਿ ਗਈਆਂ ਹਨ। ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਵਿੱਚ ਅਲਮਾਰੀਆਂ ਦੀ ਸ਼ਾਨ ਬਣ ਕੇ ਰਹਿ ਗਈਆਂ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਹੁਣ ਕਿਤਾਬਾਂ ਤੋਹਫੇ ਵਜੋਂ ਦੇਣ ਦੀ ਰਵਾਇਤ ਵੀ ਖਤਮ ਜਿਹੀ ਹੋ ਗਈ ਹੈ ਬੱਚਿਆਂ ਨੂੰ ਮਾਪੇ ਮਹਿੰਗੇ-ਮਹਿੰਗੇ ਮੋਬਾਈਲ ਤਾਂ ਲੈ ਦਿੰਦੇ ਨੇ ਪਰ ਸ਼ਾਇਦ ਕੋਈ ਵਿਰਲੇ ਹੀ ਮਾਪੇ ਹਨ ਜੋ ਆਪਣੇ ਬੱਚਿਆਂ ਨੂੰ ਕਿਤਾਬਾਂ ਦਾ ਅਨਮੋਲ ਤੋਹਫ਼ਾ ਦਿੰਦੇ ਹੀ ਨਹੀਂ ਸਗੋਂ ਪੜ੍ਹਨ ਲਈ ਪ੍ਰੇਰਿਤ ਵੀ ਕਰਦੇ ਹਨ ਕਿਤਾਬਾਂ ਪ੍ਰਤੀ ਨੌਜਵਾਨ ਪੀੜ੍ਹੀ ਦਾ ਰੁਝਾਨ ਵੀ ਘਟਦਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਬਹੁਤੇ ਨੌਜਵਾਨ ਸੋਸ਼ਲ ਮੀਡੀਆ ‘ਤੇ ਜਿਆਦਾ ਮਸ਼ਗੂਲ ਰਹਿੰਦੇ ਹਨ। ਜਦਕਿ ਕਿਤਾਬਾਂ ਦੀ ਦੁਨੀਆਂ ਤੋਂ ਦੂਰੀ ਹੀ ਬਣਾ ਕੇ ਰੱਖਦੇ ਹਨ

Dangerous Society | ਕਿਤਾਬਾਂ ਪ੍ਰਤੀ ਘਟਦਾ ਮੋਹ-ਪਿਆਰ ਕਿਸੇ ਵੀ ਦੇਸ਼, ਸਮਾਜ ਅਤੇ ਕੌਮ ਲਈ ਸ਼ੁੱਭ ਸੰਕੇਤ ਨਹੀਂ ਹੈ ਜੇਕਰ ਪਾਠਕਾਂ ਦੀ ਗਿਣਤੀ ਹੀ ਘੱਟ ਗਈ ਤਾਂ ਕਿਤਾਬਾਂ ਨੂੰ ਲਿਖਣ ਵਾਲਿਆਂ ਦੀ ਗਿਣਤੀ ਵੀ ਜਰੂਰ ਘਟ ਜਾਵੇਗੀ ਬੇਸ਼ੱਕ ਗੂਗਲ ਅਤੇ ਇੰਟਰਨੈੱਟ ਦੀ ਮੱਦਦ ਨਾਲ ਕੋਈ ਵੀ ਜਾਣਕਾਰੀ ਆਸਾਨੀ ਨਾਲ ਮਿਲ ਸਕਦੀ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੰਟਰਨੈੱਟ ਕਿਤਾਬਾਂ ਦਾ ਪੂਰਨ ਸਥਾਨ ਕਦੇ ਵੀ ਨਹੀਂ ਲੈ ਸਕਦਾ ਪ੍ਰਾਚੀਨ ਸਮੇਂ ਭੋਜ ਪੱਤਰਾਂ ‘ਤੇ ਲਿਖੀਆਂ ਜਾਣ ਵਾਲੀਆਂ ਕਿਤਾਬਾਂ ਨੇ ਆਧੁਨਿਕ ਸਮੇਂ ਵਿੱਚ ਈ- ਬੁਕਸ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ ਪਰ ਕਿਤਾਬਾਂ ਪ੍ਰਤੀ ਜੋ ਮੋਹ ਅਤੇ ਪਿਆਰ ਪਹਿਲਾਂ ਸੀ, ਉਹ ਅੱਜ ਵੀ ਬਰਕਰਾਰ ਰਹਿਣਾ ਚਾਹੀਦਾ ਹੈ। ਨਾ ਕਿਤਾਬਾਂ ਲਿਖਣ ਵਾਲੇ ਘਟਣੇ ਚਾਹੀਦੇ ਹਨ ਅਤੇ ਨਾ ਹੀ ਕਿਤਾਬਾਂ ਪੜ੍ਹਨ ਵਾਲੇ।

ਪ੍ਰੋਫੈਸਰ ਗੁਰਦਿਆਲ ਸਿੰਘ ਲਿਖਦੇ ਹਨ ਕਿ ਜੇਕਰ ਕਿਤਾਬਾਂ ਨਾ ਹੁੰਦੀਆਂ ਤਾਂ ਦੁਨੀਆਂ ਵਿੱਚ ਪਾਗਲਾਂ ਦੀ ਗਿਣਤੀ ਵੱਧ ਹੁੰਦੀ। ਸੋ ਮਾਪਿਆਂ, ਅਧਿਆਪਕਾਂ ਅਤੇ ਸਮਾਜ ਦੇ ਆਗੂਆਂ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਚੰਗੀਆਂ ਅਤੇ ਪ੍ਰੇਰਨਾ ਭਰਪੂਰ ਕਿਤਾਬਾਂ ਅਤੇ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ ਜੇਕਰ ਨੌਜਵਾਨ ਸਾਹਿਤ ਅਤੇ ਕਿਤਾਬਾਂ ਨਾਲ ਜੁੜਨਗੇ ਤਾਂ ਉਹ ਯਕੀਨਨ ਨਸ਼ਿਆਂ, ਨਿਰਾਸ਼ਾ ਅਤੇ ਹੋਰ ਅਲਾਮਤਾਂ ਤੋਂ ਵੀ ਬਚੇ ਰਹਿਣਗੇ। ਕਿਤਾਬਾਂ ਅਨਮੋਲ ਹੁੰਦੀਆਂ ਹਨ ਅਤੇ ਉਹਨਾਂ ਵਿਚਲਾ ਗਿਆਨ ਬੇਸ਼ਕੀਮਤੀ ਖਜਾਨਾ ਹੁੰਦਾ ਹੈ ਜਿਸ ਨੂੰ ਹਾਸਲ ਕਰਕੇ ਵਿਅਕਤੀ ਇਨਸਾਨੀ ਜੀਵਨ ਦਾ ਲਾਹਾ ਖੱਟ ਸਕਦਾ ਹੈ
ਸ੍ਰੀ ਮੁਕਤਸਰ ਸਾਹਿਬ
ਮੋ. 90413-47351
ਯਸ਼ਪਾਲ ਮਾਹਵਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.