ਅੱਜ ਹੋ ਸਕਦਾ ਐ ਫੂਲਕਾ ਦੇ ਅਸਤੀਫ਼ੇ ਬਾਰੇ ਫੈਸਲਾ

Decision About, Phoolka, Resignation, Today

ਸਪੀਕਰ ਰਾਣਾ ਕੇ.ਪੀ. ਸਿੰਘ ਅੱਜ ਅਸਤੀਫ਼ੇ ਨੂੰ ਦੇਖਣ ਤੋਂ ਬਾਅਦ ਲੈਣਗੇ ਫੈਸਲਾ

ਐਚ.ਐਸ. ਫੂਲਕਾ ਨੇ ਬੀਤੇ ਸ਼ੁੱਕਰਵਾਰ ਨੂੰ ਦਿੱਤਾ ਸੀ ਆਪਣਾ ਅਸਤੀਫ਼ਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਆਮ ਆਦਮੀ ਪਾਰਟੀ ਦੇ ਦਾਖ਼ਾ ਤੋਂ ਵਿਧਾਇਕ ਐਚ.ਐਸ. ਫੂਲਕਾ ਵੱਲੋਂ ਦਿੱਤੇ ਗਏ ਵਿਧਾਨ ਸਭਾ ਤੋਂ ਅਸਤੀਫ਼ੇ ਸਬੰਧੀ ਫੈਸਲਾ ਅੱਜ ਕੀਤਾ ਜਾ ਸਕਦਾ ਹੈ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਇਸ ਅਸਤੀਫ਼ੇ ਨੂੰ ਦੇਖਣ ਤੋਂ ਬਾਅਦ ਫੈਸਲਾ ਲਿਆ ਜਾਣਾ ਹੈ ਕਿ ਉਹ ਇਸ ਨੂੰ ਸਵੀਕਾਰ ਕਰਨਗੇ ਜਾਂ ਫਿਰ ਇੱਕ ਵਾਰ ਫੂਲਕਾ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਕਹਿਣਗੇ।

ਕਿਉਂਕਿ ਐਚ.ਐਸ. ਫੂਲਕਾ ਵੱਲੋਂ ਆਪਣਾ ਅਸਤੀਫ਼ਾ ਨਿੱਜੀ ਤੌਰ ‘ਤੇ ਪੇਸ਼ ਹੋਣ ਦੀ ਥਾਂ ‘ਤੇ ਈ ਮੇਲ ਰਾਹੀਂ ਹੀ ਵਿਧਾਨ ਸਭਾ ਨੂੰ ਭੇਜਿਆ ਸੀ। ਵਿਧਾਨ ਸਭਾ ਵਿੱਚ ਅਸਤੀਫ਼ਾ ਪੁੱਜਣ ਤੋਂ ਬਾਅਦ 2 ਦਿਨ ਦੀ ਸ਼ਨਿੱਚਰਵਾਰ ਅਤੇ ਐਤਵਾਰ ਦੀ ਛੁੱਟੀ ਆ ਗਈ ਸੀ, ਜਿਸ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਇਸ ਸਬੰਧੀ ਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਿਆ।

ਦੱਸਣਯੋਗ ਹੈ ਕਿ ਐਚ.ਐਸ. ਫੂਲਕਾ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਣ ਦੇ ਰੋਸ ਹੇਠ ਆਪਣਾ ਅਸਤੀਫ਼ਾ ਬੀਤੇ ਸ਼ੁੱਕਰਵਾਰ ਨੂੰ ਦਿੱਤਾ ਸੀ। ਐਚ. ਐਸ. ਫੂਲਕ ਵਲੋਂ ਦਿੱਤਾ ਗਿਆ ਅਸਤੀਫ਼ਾ ਇੱਕ ਲਾਈਨ ਵਿੱਚ ਹੋਣ ਦੀ ਥਾਂ ‘ਤੇ 2 ਸਫ਼ਿਆਂ ਦਾ ਸੀ, ਜਿਸ ‘ਚ ਉਨਾਂ ਨੇ ਕਾਂਗਰਸ ਸਰਕਾਰ ਅਤੇ ਉਨ੍ਹਾਂ ਦੇ 5 ਮੰਤਰੀਆਂ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਅਸਤੀਫ਼ਾ ਦਿੱਤਾ ਸੀ।

ਇਸ ਅਸਤੀਫ਼ੇ ਵਿੱਚ ਕਾਂਗਰਸ ਸਰਕਾਰ ਅਤੇ ਮੰਤਰੀਆਂ ਖ਼ਿਲਾਫ਼ ਤਿੱਖੀ ਭਾਸ਼ਾ ਦੀ ਵਰਤੋਂ ਕੀਤੇ ਜਾਣ ਦੇ ਕਾਰਨ ਇਸ ਨੂੰ ਪ੍ਰਵਾਨ ਕਰਨਾ ਥੋੜਾ ਜਿਹਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਲਈ ਔਖਾ ਹੋ ਸਕਦਾ ਹੈ ਪਰ ਇਸ ਸਬੰਧੀ ਹਰ ਤਰ੍ਹਾਂ ਦਾ ਅਖਤਿਆਰ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਹੀ ਹੈ। ਉਹ ਇਸ ਅਸਤੀਫ਼ੇ ਨੂੰ ਇਸੇ ਭਾਸ਼ਾ ਨਾਲ ਸਵੀਕਾਰ ਵੀ ਕਰ ਸਕਦੇ ਹਨ ਜਾਂ ਫਿਰ ਇਸ ਅਸਤੀਫ਼ੇ ਨੂੰ ਨਾਮਨਜ਼ੂਰ ਕਰਦੇ ਹੋਏ ਦੁਬਾਰਾ ਘੱਟ ਸ਼ਬਦਾਂ ਵਿੱਚ ਲਿਖ ਕੇ ਭੇਜਣ ਲਈ ਵੀ ਕਹਿ ਸਕਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।