Punjab Vidhan Sabha Session: ਸੱਤਾਧਿਰ ਤੇ ਵਿਰੋਧੀ ਧਿਰ ਦੀ ਬਹਿਸ, ਕਾਂਗਰਸ ਨੇ ਕੀਤਾ ਵਾਕ ਆਊਟ

Sach Kahoon Punjabi Desk Picture
Published On

Punjab Vidhan Sabha Session: ਭਗਵੰਤ ਮਾਨ ਨੇ ਘੇਰੀ ਕਾਂਗਰਸ, ਕਿਹਾ, ਹੁਣ ਬਾਹਰ ਕਿਉਂ ਭੱਜ ਰਹੇ ਹੋ, ਸੁਣ ਕੇ ਜਾਓ ਸਾਰਾ ਕੁਝ

  • ਮੈ ਪਹਿਲਾਂ ਇਸ ਕਰਕੇ ਹੀ ਤਾਲਾ ਲੈ ਕੇ ਆਉਂਦਾ ਰਿਹਾਂ, ਇਹ ਆਪਣਾ ਬੋਲ ਕੇ ਭੱਜ ਜਾਂਦੇ ਹਨ : ਭਗਵੰਤ ਮਾਨ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਦੇ ਦੌਰਾਨ ਸੱਤਾਧਿਰ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਿਚਕਾਰ ਜੰਮ ਕੇ ਬਹਿਸ ਹੋਈ ਅਤੇ ਇਸ ਦੌਰਾਨ ਜਿਥੇ ਕਾਂਗਰਸ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੱਤਾਧਿਰ ਨੂੰ ਘੇਰਣ ਦੀ ਕੋਸ਼ਸ਼ ਕੀਤੀ ਗਈ ਤਾਂ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਘੇਰਦੇ ਹੋਏ ਸਦਨ ਨੂੰ ਅੰਦਰੋਂ ਤਾਲਾ ਲਾਉਣ ਦਾ ਮੁੱਦਾ ਮੁੜ ਚੁੱਕ ਲਿਆ ਗਿਆ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਗਭਗ 18-20 ਮਿੰਟ ਬੋਲਣ ਤੋਂ ਬਾਅਦ ਇੱਕ ਮੁੱਦੇ ’ਤੇ ਹੰਗਾਮਾ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ 1-2 ਮਿੰਟ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿੱਚੋਂ ਵਾਕ ਆਊਟ ਕਰ ਦਿੱਤਾ।

ਸਦਨ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਿਹਾ ਕਿ ਉਹ ਪਹਿਲਾਂ ਹੀ ਇਸ ਕਰਕੇ ਤਾਲਾ ਲੈ ਕੇ ਆਏ ਸਨ ਕਿ ਇਹ ਕਾਂਗਰਸੀ ਇਥੇ ਬੋਲ ਕੇ ਬਾਹਰ ਭੱਜ ਜਾਂਦੇ ਹਨ, ਜਦੋਂ ਕਿ ਸੱਤਾਧਿਰ ਦੀ ਬੋਲਣ ਮੌਕੇ ਇਨ੍ਹਾਂ ਦੇ ਬੈਂਚ ਖਾਲੀ ਹੀ ਦਿਖਾਈ ਦਿੰਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਇਨ੍ਹਾਂ ਨੇ ਸਦਨ ਵਿੱਚ ਬੈਂਚ ਖਾਲੀ ਹੀ ਛੱਡਣੇ ਹਨ ਤਾਂ ਆਉਣ ਵਾਲੀ 2027 ਵਿਧਾਨ ਸਭਾ ਦੀ ਚੋਣਾਂ ’ਚ ਪੰਜਾਬ ਦੀ ਜਨਤਾ ਨੇ ਹੀ ਇਨ੍ਹਾਂ ਨੂੰ ਬਾਹਰ ਕਰ ਦੇਣਾ ਹੈ ਅਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਲ ਕਰਦੇ ਹੋਏ ਰਿਕਾਰਡ ਸੀਟਾਂ ਨਾਲ ਮੁੜ ਸੱਤਾ ਵਿੱਚ ਆਏਗੀ।

Read Also : ਪੰਜਾਬ ਬਜਟ ’ਚ ਲੁਧਿਆਣਾ ਲਈ ਵੱਡੇ ਐਲਾਨ, ਬਣੇਗਾ ਮੈਡੀਕਲ ਕਾਲਜ

ਭਗਵੰਤ ਮਾਨ ਨੇ ਕਿਹਾ ਕਿ 4 ਸਾਲਾਂ ਤੋਂ ਅਸੀਂ ਇੱਥੇ ਬੈਠੇ ਹਾਂ ਅਤੇ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ। ਪੰਜਾਬ ਦੀ ਜਨਤਾ ਨੂੰ ਕੀਤਾ ਹੋਇਆ ਹਰ ਵਾਅਦਾ ਅਤੇ ਗਰੰਟੀ ਨੂੰ ਪੂਰਾ ਕਰਨ ਤੋਂ ਬਾਅਦ ਕਈ ਕੰਮ ਤਾਂ ਬਿਨਾਂ ਵਾਅਦੇ ਕੀਤੇ ਹੀ ਪੂਰੇ ਕਰ ਦਿੱਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਥੇ 12 ਗੁਣਾ 5 ਨੂੰ 48 ਕਹਿਣ ਵਾਲਾ ਵੀ ਦਿਖਾਈ ਨਹੀਂ ਦੇ ਰਿਹਾ ਹੈ ਤਾਂ ਅਗਲੀ ਚੋਣਾਂ ਵਿੱਚ ਇਨ੍ਹਾਂ ਵਿੱਚੋਂ ਕੋਈ ਹੋਰ ਵੀ ਦਿਖਾਈ ਨਹੀਂ ਦੇਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਮੁਫ਼ਤ, ਮਹਿਲਾਵਾਂ ਨੂੰ ਸਫ਼ਰ ਮੁਫ਼ਤ, ਦਵਾਈ-ਇਲਾਜ਼ ਮੁਫ਼ਤ, ਰਾਸ਼ਨ ਮੁਫ਼ਤ ਅਤੇ ਹੁਣ 1000 ਰੁਪਏ ਦੇਣਾ ਵੀ ਸ਼ੁਰੂ ਕਰ ਦਿੱਤਾ ਜਾਣਾ ਹੈ। ਪੰਜਾਬ ਵਿੱਚ ਹਰ ਘਰ ਦਾ ਖ਼ਰਚਾ ਬਿਲਕੁਲ ਹੀ ਖ਼ਤਮ ਕਰ ਦਿੱਤਾ ਗਿਆ ਹੈ, ਜਦੋਂ ਕਿ ਉਨ੍ਹਾਂ ਨੂੰ 1 ਹਜ਼ਾਰ ਰੁਪਏ ਵੱਖਰੇ ਤੌਰ ’ਤੇ ਦਿੱਤਾ ਜਾ ਰਿਹਾ ਹੈ।

Punjab Vidhan Sabha Session

ਭਗਵੰਤ ਮਾਨ ਨੇ ਕਿਹਾ ਕਿ ਘਰ ਦਾ ਚੁਲ੍ਹਾ ਹੀ ਚਾਰਟਡ ਅਕਾਊਟੈਂਟ ਹੁੰਦਾ ਹੈ ਅਤੇ ਚੁਲ੍ਹਾ ਹੀ ਦੱਸ ਦਿੰਦਾ ਹੈ ਕਿ ਘਰ ਦੀ ਹਾਲਤ ਕੀ ਹੈ। ਇਸ ਲਈ ਹੁਣ ਚੁਲ੍ਹਾਂ ਵਿੱਚ ਤਿਆਰ ਹੋਣ ਵਾਲੇ ਰਾਸ਼ਨ ਦੀ ਕਿੱਟ ਵੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਮਹਿਲਾਵਾਂ ਨੂੰ ਆਪਣੇ ਖਰਚੇ ਕਰਨ ਲਈ 1 ਹਜ਼ਾਰ ਰੁਪਏ ਵੀ ਮਿਲਣ ਜਾ ਰਹੇ ਹਨ। ਇਸ ਸਰਕਾਰ ਨੇ ਉਹ ਸਾਰੇ ਕੰਮ ਕਰ ਦਿੱਤੇ ਹਨ, ਜਿਹੜੇ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ। ਇਸ ਲਈ ਵਿਰੋਧੀ ਧਿਰ ਕੋਲ ਕੋਈ ਵੀ ਮੁੱਦਾ ਨਹੀਂ ਹੈ, ਉਹ ਵਿਧਾਨ ਸਭਾ ਦੇ ਸਦਨ ਵਿੱਚੋਂ ਬਾਹਰ ਭੱਜ ਕੇ ਨਿੱਕਲ ਗਏ ਹਨ।

ਅਕਾਲੀ ਦਲ ਦਾ ਡਰਾਇਵਰ ਨਹੀਂ ਐ ਚੰਗਾ, ਨਹਿਰ ਵੱਲ ਨੂੰ ਕਰ ਰੱਖਿਆ ਹੋਇਆ ਮੂੰਹ, ਡੋਬ ਕੇ ਰੱਖ ਦਿੱਤਾ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਡਰਾਇਵਰ ਹੀ ਚੰਗਾ ਨਹੀਂ ਹੈ। ਉਹ ਨੇ ਨਹਿਰ ਵੱਲ ਨੂੰ ਆਪਣਾ ਮੁੰਹ ਕੀਤਾ ਹੋਇਆ ਹੈ ਅਤੇ ਇਸ ਨੇ ਤਾਂ ਡੋਬ ਕੇ ਹੀ ਰੱਖ ਦੇਣਾ ਹੈ। ਇਹ ਕਹਿੰਦੇ ਹੁੰਦੇ ਸਨ ਕਿ ਦਿੱਲੀ ਤੋਂ ਨੋਟਾਂ ਵਾਲੇ ਟਰੱਕ ਪੰਜਾਬ ਵਿੱਚ ਲੈ ਕੇ ਆਵਾਂਗੇ ਪਰ ਹੁਣ ਤੱਕ ਇਨ੍ਹਾਂ ਨੋਟਾਂ ਵਾਲੇ ਟਰੱਕ ਦਾ ਹੀ ਕੋਈ ਪਤਾ ਨਹੀਂ ਚੱਲ ਰਿਹਾ ਹੈ। ਅਸੀਂ ਤਾਂ ਦਿੱਲੀ ਤੋਂ ਆਉਣ ਵਾਲੀ ਸੜਕਾਂ ਜਾਂ ਫਿਰ ਚੁੰਗੀ ਨਾਕੇ ਵੀ ਕਈ ਵਾਰ ਚੈਕ ਕਰਵਾ ਲਏ ਹਨ ਕਿ ਕਿੱਥੇ ਰਸਤੇ ਵਿੱਚ ਰੁੱਕਿਆ ਤਾਂ ਨਹੀਂ ਪਿਆ ਹੈ ਪਰ ਸਾਨੂੰ ਇਹ ਨੋਟਾਂ ਵਾਲੇ ਟਰੱਕ ਨਹੀਂ ਮਿਲੇ ਹਨ।

ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲ ਨੂੰ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਚੰਗੇ ਰਹੇ ਕਿ ਮੌਕਾ ਸਾਭਦੇ ਹੋਏ ਟਰੱਕ ਵਿੱਚੋਂ ਉੱਤਰ ਗਏ ਕਿਉਂਕਿ ਇਸ ਨੇ ਡੋਬ ਹੀ ਦੇਣਾ ਸੀ। ਇਸ ਟਰੱਕ ਦਾ ਡਰਾਇਵਰ ਚੰਗਾ ਨਹੀਂ ਹੈ, ਤੁਸੀਂ ਆਪਣਾ ਹੀ ਕੋਈ ਛੋਟਾ ਮੋਟਾ ਟਰੱਕ ਪਾ ਲਓ, ਖ਼ੁਦ ਚਲਾਓਗੇ ਤਾਂ ਬ੍ਰੇਕਾਂ ਤਾਂ ਤੁਹਾਡੇ ਕੋਲ ਹੀ ਹੋਣਗੀਆ। ਇਹਦਾ (ਸੁਖਬੀਰ ਬਾਦਲ) ਦਾ ਕੁਝ ਵੀ ਨਹੀਂ ਪਤਾ ਕੀ ਕਹਿੰਦਾ ਰਹਿੰਦਾ ਹੈ। ਹੁਣ ਸੱਤਾ ਵਿੱਚੋਂ ਬਾਹਰ ਹੁੰਦੇ ਹੋਏ ਵੀ ਆਸੇ-ਪਾਸੇ ਦੀ ਗੱਲਾਂ ਮਾਰੀ ਜਾਂਦਾ ਹੈ ਕਿ ਸਾਨੂੰ ਇੱਕ ਵਾਰੀ ਆਉਣ ਦਿਓ, ਸਾਰਾ ਕੁਝ ਹੀ ਚੱਕ ਦਿਆਂਗੇ।

About The Author

Related Posts