ਯੂਨੀਵਰਸਿਟੀ ’ਚ ਰਾਖਵਾਂਕਰਨ ਖਿਲਾਫ ਹੋ ਰਹੀਆਂ ਗਤੀਵਿਧੀਆਂ ਤੋਂ ਭੜਕਿਆ ਦਲਿਤ ਸਮਾਜ

ਗੈਰਸੰਵਿਧਾਨਿਕ ਕਾਰਵਾਈਆਂ ਨਾ ਰੁਕੀਆਂ ਤਾਂ ਵਿੱਢਾਂਗੇ ਸੰਘਰਸ਼ : ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ, (ਸੱਚ ਕਹੂੰ ਨਿਉੂਜ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਭਾਰਤੀ ਸੰਵਿਧਾਨ ਅਤੇ ਰਾਖਵਾਂਕਰਨ ਖਿਲਾਫ ਕਈ ਦਿਨਾਂ ਤੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਖਿਲਾਫ ਦਲਿਤ ਸਮਾਜ ਵਿੱਚ ਰੋਸ ਅਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਯੂਨੀਵਰਸਿਟੀ ਦੇ ਐਸ.ਸੀ. ਕਰਮਚਾਰੀਆਂ ਦੀ ਇੱਕ ਅਹਿਮ ਮੀਟਿੰਗ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਕੀਤੀ ਗਈ।

ਇਸ ਮੌਕੇ ਸਮੁੱਚੇ ਕਰਮਚਾਰੀਆਂ ਨੇ ਪਿਛਲੇ ਕਈ ਦਿਨਾਂ ਤੋਂ ਯੂਨੀਵਰਸਿਟੀ ਅੰਦਰ ਅਤੇ ਬਾਹਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਆਮਦ ਕਰਵਾ ਕੇ ਭਾਰਤੀ ਸੰਵਿਧਾਨ ਅਤੇ ਸੰਵਿਧਾਨ ਅੰਦਰ ਅਨੁਸੂਚਿਤ ਜਾਤੀਆਂ ਨੂੰ ਮਿਲੇ ਹੋਏ ਰਾਖਵਾਂਕਰਨ ਅਤੇ ਸੰਵਿਧਾਨ ਦੀ 85ਵੀਂ ਸੰਵਿਧਾਨਿਕ ਸੋਧ ਖਿਲਾਫ ਗਿਣੀ ਮਿਥੀ ਸਾਜਿਸ਼ ਤਹਿਤ ਕੂੜ ਪ੍ਰਚਾਰ ਕਰਕੇ ਰਾਖਵਾਂਕਰਨ ਦੇ ਵਿਰੋਧ ਦੀ ਕਾਰਵਾਈ ਦੀ ਨਿੰਦਾ ਕੀਤੀ। ਇਸ ਮੌਕੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਯੂਨੀਵਰਸਿਟੀ ਅਥਾਰਟੀ ਨੂੰ ਅਜਿਹੀਆਂ ਗੈਰਸੰਵਿਧਾਨਿਕ ਕਾਰਵਾਈਆਂ ਰੋਕਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਆਪਣਾ ਹੱਕ ਮੰਗਣਾ ਹਰ ਕਿਸੇ ਦਾ ਲੋਕਤਾਂਤਰਿਕ ਅਧਿਕਾਰ ਹੈ ਪਰ ਭਾਰਤੀ ਸੰਵਿਧਾਨ ਅੰਦਰ ਅਨੁਸੂਚਿਤ ਜਾਤੀ ਲੋਕਾਂ ਦੇ ਪਛੜੇਪਣ ਨੂੰ ਦੂਰ ਕਰਨ ਲਈ ਮਿਲੇ ਰਾਖਵਾਂਕਰਨ ਦਾ ਵਿਰੋਧ ਕਰਨਾ ਸਿੱਧਾ-ਸਿੱਧਾ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ, ਜੋ ਕਾਨੂੰਨੀ ਜੁਰਮ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕੈਂਪਸ ਅੰਦਰ ਸਾਰੇ ਭਾਈਚਾਰੇ ਇੱਕ ਦੂਸਰੇ ਦਾ ਸਨਮਾਨ ਕਰਦੇ ਹਨ ਪਰ ਕੁਝ ਲੋਕ ਕੈਂਪਸ ਦੇ ਮਾਹੌਲ ਨੂੰ ਲਾਂਬੂ ਲਾਉਣ ਦੀਆਂ ਸਾਜਿਸ਼ਾਂ ਰਚ ਰਹੇ ਹਨ। ਲਿਹਾਜਾ ਯੂਨੀਵਰਸਿਟੀ ਅਥਾਰਟੀ ਨੂੰ ਇਸ ਪਾਸੇ ਕੰਟਰੋਲ ਕਰਨਾ ਚਾਹੀਦਾ ਹੈ। ਜੇਕਰ ਸੰਵਿਧਾਨ ਵਿਰੋਧੀ ਕਾਰਵਾਈਆਂ ਨਾ ਰੁਕੀਆਂ ਤਾਂ ਸੋਮਵਾਰ ਤੋਂ ਐਸ.ਸੀ. ਸਮਾਜ ਦੇ ਕਰਮਚਾਰੀ ਵੀ ਅਜਿਹੀਆਂ ਕਾਰਵਾਈਆਂ ਦਾ ਵਿਰੋਧ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ