ਸਿਆਸਤ ਤੇ ਪੁਲਿਸ ਦਾ ਕਰੂਪ ਗਠਜੋੜ

Corrupt, Alliance, Police, Politics

ਉਨਾਵ ਦੁਰਾਚਾਰ ਮਾਮਲਾ ਭਿਆਨਕ ਮੋੜ ‘ਤੇ ਪਹੁੰਚ ਗਿਆ ਪੀੜਤਾ ਦੇ ਪਿਤਾ ‘ਤੇ ਮੁਕੱਦਮਾ ਦਰਜ ਕਰਨਾ ਤੇ ਉਸ ਦੀ ਪੁਲਿਸ ਹਿਰਾਸਤ ‘ਚ ਮੌਤ ਤੋਂ ਬਾਦ ਪੀੜਤਾ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਵਾਪਰਿਆ ਹਾਦਸਾ ਸ਼ੱਕ ਦੇ ਘੇਰੇ ‘ਚ ਆ ਗਿਆ ਹੈ ਹਾਦਸੇ ‘ਚ ਪੀੜਤਾ ਤੇ ਉਸ ਦਾ ਵਕੀਲ ਗੰਭੀਰ ਜ਼ਖਮੀ ਹੋਣ ਕਰਕੇ ਜਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਹਨ ਜਦੋਂ ਕਿ ਉਸ ਦੀ ਚਾਚੀ ਤੇ ਮਾਸੀ ਦੀ ਮੌਤ ਹੋ ਗਈ ਪੀੜਤਾ ਦੀ ਗੱਡੀ ਨੂੰ ਟੱਕਰ ਮਾਰਨ ਵਾਲਾ ਟਰੱਕ ਮਾਲਕ ਇੱਕ ਹੋਰ ਸਿਆਸੀ ਆਗੂ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ ਪੀੜਤ ਪਰਿਵਾਰ ਵੱਲੋਂ ਇਸ ਨੂੰ ਮੁਲਜ਼ਮ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਖਤਰਨਾਕ ਸਾਜਿਸ਼ ਕਰਾਰ ਦਿੱਤਾ ਗਿਆ ਵਿਧਾਇਕ ਸੱਤਾਧਾਰੀ ਭਾਜਪਾ ਨਾਲ ਸਬੰਧਿਤ ਹੈ ਭਾਵੇਂ ਵਿਧਾਇਕ ‘ਤੇ ਅਜੇ ਦੋਸ਼ ਸਾਬਤ ਨਹੀਂ ਹੋਏ ਪਰ ਜਿਸ ਤਰ੍ਹਾਂ ਅਤੇ ਜਿਸ ਤਰ੍ਹਾਂ ਦੇ ਦੋਸ਼ਾਂ ਦੀ ਗੱਲ ਹੋ ਰਹੀ ਹੈ, ਉਹ ਸਿਆਸਤ ਦੇ ਕਰੂਪ ਚਿਹਰੇ ਨੂੰ ਸਾਹਮਣੇ ਲਿਆਉਂਦੀ ਹੈ ਇਹ ਘਟਨਾਚੱਕਰ ਕੌਮੀ ਰਾਜਨੀਤੀ ‘ਚ ਆਉਣ ਕਰਕੇ ਭਾਜਪਾ ਲਈ ਵੀ ਸਿਰਦਰਦੀ ਬਣ ਗਿਆ ਹੈ ਭਾਜਪਾ ਨੇ ਵਿਧਾਇਕ ਨੂੰ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ ਆਪਣੇ ਸਥਾਪਨਾ ਸਮੇਂ ਤੋਂ ਹੀ ਭਾਜਪਾ ਅਸੂਲਾਂ ਵਾਲੀ ਪਾਰਟੀ ਹੈ।

ਜਿਸ ਨੇ ਆਗੂਆਂ ਲਈ ਨੈਤਿਕਤਾ ਤੇ ਸਦਾਚਾਰ ਨੂੰ ਮਹੱਤਵ ਦਿੱਤਾ ਹੈ, ਪਰ ਸਿਆਸੀ ਜੋੜ-ਤੋੜ ‘ਚ ਭਾਜਪਾ ਕੁਝ ਅਜਿਹੇ ਆਗੂ ਵੀ ਆ ਗਏ ਹਨ ਜੋ ਬਾਹੂਬਲ ਤੇ ਮੌਕਾਪ੍ਰਸਤੀ ਜਿਹੇ ਹਥਕੰਡੇ ਵਰਤਣ ਤੋਂ ਗੁਰੇਜ਼ ਨਹੀਂ ਕਰਦੇ ਕੁਲਦੀਪ ਸੇਂਗਰ ਦਾ ਸਿਆਸੀ ਪਿਛੋਕੜ ਵੀ ਭਾਜਪਾ ਦੇ ਅਸੂਲਾਂ ਨਾਲ ਮੇਲ ਨਹੀਂ ਖਾਂਦਾ ਇਹ ਆਗੂ ਨਾ ਸਿਰਫ਼ ਦਲ ਬਦਲੀ ‘ਚ ਮਾਹਿਰ ਰਿਹਾ ਹੈ ਸਗੋਂ ਇਸ ਨੇ ਕਿਸੇ ਵੀ ਪਾਰਟੀ ਦੀ ਹਾਈਕਮਾਨ ਦੀ ਅਧੀਨਗੀ ਮੰਨਣ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ ਵਰਤਮਾਨ ਘਟਨਾਚੱਕਰ ਆਮ ਆਦਮੀ ਨੂੰ ਨਿਤਾਣਾ, ਨਿਮਾਣਾ ਤੇ ਬੇਵੱਸ ਸਾਬਤ ਕਰਦਾ ਹੈ ਜਦੋਂ ਕਿ ਸਿਆਸੀ ਆਗੂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਤੇ ਉਹ ਆਪਣੇ ਖਿਲਾਫ਼ ਕਿਸੇ ਅਵਾਜ਼ ਨੂੰ ਦਬਾਉਣ ਲਈ ਕੁਝ ਵੀ ਕਰ ਸਕਦਾ ਹੈ ਸੇਂਗਰ ਦੀ ਪੁਲਿਸ ਪ੍ਰਸ਼ਾਸਨ ‘ਚ ਪਹੁੰਚ ਦੀ ਵੀ ਚਰਚਾ ਹੋ ਰਹੀ ਹੈ ਉਂਜ ਵੀ ਪੀੜਤਾ ਦੇ ਪਿਤਾ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਵੀ ਪੁਲਿਸ ਤੇ ਸਿਆਸਤ ਦੇ ਗਠਜੋੜ ਦੇ ਕਾਲੇ ਚਿਹਰੇ ਨੂੰ ਸਾਹਮਣੇ ਲਿਆਉਂਦੀ ਹੈ ਇਹ ਗੱਲ ਸਿਆਸੀ ਸਿਸਟਮ ਦਾ ਹਿੱਸਾ ਹੀ ਬਣ ਗਈ ਹੈ ਕਿ ਖਿਲਾਫ਼ ਬੋਲਣ ਵਾਲੇ ‘ਤੇ ਮੁਕੱਦਮਾ ਦਰਜ ਕਰਵਾ ਦਿਓ ਤਾਂ ਕਿ ਉਹ ਕਾਨੂੰਨੀ ਪੈਰਵੀ ਕਰਨ ਤੋਂ ਕੰਨਾਂ ਨੂੰ ਹੱਥ ਲਾ ਜਾਵੇ ਆਮ ਲੋਕਾਂ ਦਾ ਸ਼ਾਸਨ-ਪ੍ਰਸ਼ਾਸਨ ‘ਤੇ ਭਰੋਸਾ ਕਾਇਮ ਰਹੇ ਇਸ ਵਾਸਤੇ ਜ਼ਰੂਰੀ ਹੈ ਕਿ ਮੁਲਜ਼ਮਾਂ ਖਿਲਾਫ਼ ਸਖਤ ਕਾਰਵਾਈ ਹੋਵੇ ਤਾਂ ਕਿ ਅਜਿਹੀਆਂ ਘਟਨਾਵਾਂ ਦੁਹਰਾਈਆਂ ਹੀ ਨਾ ਜਾਣ ਕੇਂਦਰ ਤੇ ਸੂਬੇ ‘ਚ ਸੱਤਾਧਾਰੀ ਭਾਜਪਾ ਲਈ ਜ਼ਰੂਰੀ ਬਣ ਗਿਆ ਹੈ ਕਿ ਉਹ ਅਜਿਹੇ ਸੰਗੀਨ ਅਪਰਾਧਾਂ ਦੇ ਦੋਸ਼ਾਂ ‘ਚ ਘਿਰੇ ਆਗੂਆਂ ਨੂੰ ਪਾਰਟੀ ‘ਚ ਰੱਖਣ ਨਾ ਰੱਖਣ ਬਾਰੇ ਗੰਭੀਰਤਾ ਨਾਲ ਵਿਚਾਰ ਕਰੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।