ਸਿੱਧੂ ਬਾਰੇ ਫੈਸਲਾ ਕਰਕੇ ਅਮਰਿੰਦਰ ਬਣੇ ਮਜ਼ਬੂਤ ਮੁੱਖ ਮੰਤਰੀ

Amarinder, Strong, Chief, Minister, Decides, Sidhu

ਦਰਬਾਰਾ ਸਿੰਘ ਕਾਹਲੋਂ

ਅਨੁਸ਼ਾਸਨਹੀਣਤਾ ਅਤੇ ਆਪ-ਹੁਦਰੀ ਮਾਨਸਿਕਤਾ ਦੇ ਮਾਲਿਕ ਸ: ਨਵਜੋਤ ਸਿੰਘ ਸਿੱਧੂ, ਜੋ ਕ੍ਰਿਕਟ ਖਿਡਾਰੀ ਤੋਂ ਕੁਮੈਂਟੇਟਰ, ਕੁਮੈਂਟੇਟਰ ਤੋਂ ਰਾਜਨੀਤੀਵਾਨ, ਚਾਰ ਵਾਰ ਭਾਰਤੀ ਜਨਤਾ ਪਾਰਟੀ ‘ਚ ਮੈਂਬਰ ਪਾਰਲੀਮੈਂਟ, ਦਲਬਦਲੀ ਕਰਕੇ ਕਾਂਗਰਸ ਵਿਚ ਵਿਧਾਇਕ ਤੇ ਕੈਬਨਿਟ ਮੰਤਰੀ ਬਣੇ, ਆਖ਼ਰ ਢਾਈ ਸਾਲ ਦਾ ਕੈਬਨਿਟ ਮੰਤਰੀ ਵਜੋਂ ਕਰੀਅਰ ਪੂਰਾ ਕਰਨ ਤੋਂ ਪਹਿਲਾਂ ਹੀ ਪੰਜਾਬ ਦੇ ਤਾਕਤਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ। ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇ ਚੁੱਕੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜੰਦ ਰਾਹੁਲ ਗਾਂਧੀ ਅਤੇ ਇਸੇ ਪਰਿਵਾਰ ਦੀ ਧੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ, ਜਨਰਲ ਸਕੱਤਰ ਦੇ ਅਤਿ ਨੇੜੇ ਹੋਣ ਦੇ ਬਾਵਜੂਦ ਪੰਜਾਬ ਕੈਬਨਿਟ ‘ਚੋਂ ਬਾਹਰ ਵਗਾਹ ਮਾਰੇ ਸਿੱਧੂ ਦੀ ਅਲਹਿਦੀ ‘ਤੇ ਕਿਸੇ ਕਾਂਗਰਸ ਆਗੂ ਜਾਂ ਪੰਜਾਬ ਅੰਦਰ ਵਿਰੋਧੀ ਪਾਰਟੀਆਂ ਦੇ ਕਿਸੇ ਆਗੂ ਨੇ ਇੱਕ ਅੱਥਰੂ ਵੀ ਨਾ ਵਹਾਇਆ।

ਨਵਜੋਤ ਸਿੰਘ ਨਾਲ ਵਾਪਰੇ ਇਸ ਰਾਜਨੀਤਿਕ ਦੁਖਾਂਤ ਬਾਰੇ ਸਭ ਤੋਂ ਸਟੀਕ ਅਤੇ ਸੂਝ ਭਰੀ ਟਿੱਪਣੀ ਸ਼੍ਰੋਮਣੀ ਅਕਾਲੀ ਦਲ ‘ਚੋਂ ਦਲ ਬਦਲ ਕੇ ਆਏ ਹਾਕੀ ਕਪਤਾਨ ਰਹੇ ਸ: ਪ੍ਰਗਟ ਸਿੰਘ ਕਾਂਗਰਸ ਵਿਧਾਇਕ, ਜੋ ਉਸਦੇ ਮਿੱਤਰ ਵਜੋਂ ਵੀ ਜਾਣੇ ਜਾਂਦੇ  ਹਨ, ਨੇ ਕੀਤੀ ਕਿ ਸਿੱਧੂ ਕਿਸੇ ਦੀ ਗੱਲ ਨਹੀਂ ਸੁਣਦੇ। ਰਾਜਨੀਤੀ ਵਿਚ ਐਸਾ ਵਰਤਾਰਾ ਪ੍ਰਵਾਨ ਕਰਨ ਯੋਗ ਨਹੀਂ ਹੁੰਦਾ। ਮੈਂ ਉਸ ਨੂੰ ਬਦਲੇ ਹੋਏ ਹਲਾਤਾਂ ਅਨੁਸਾਰ ਆਪਣੇ-ਆਪ ਨੂੰ ਬਦਲਣ ਲਈ ਜ਼ੋਰ ਦਿੰਦਿਆਂ ਬਹੁਤ ਯਤਨ ਕੀਤੇ ਪਰ ਉਹ ਜ਼ਰਾ ਵੀ ਸੁਣਨ ਲਈ ਤਿਆਰ ਨਹੀਂ ਸਨ। ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਸਿੱਧੂ ਘਟਨਾਕ੍ਰਮ ਨਹੀਂ ਸੀ ਵਾਪਰਨਾ ਚਾਹੀਦਾ। ਇਸ ਨੇ ਪੰਜਾਬ ਸਰਕਾਰ, ਕਾਂਗਰਸ ਪਾਰਟੀ ਅਤੇ ਸਿੱਧੂ ‘ਤੇ ਮਾੜਾ ਪ੍ਰਭਾਵ ਪਾਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ਵਾਸ ਪਾਤਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ ਸ:ਸਿੱਧੂ ਨੂੰ ਰਾਜਨੀਤੀ ਦੇ ਅਯੋਗ ਦੱਸਿਆ ਕਿਉਂਕਿ ਉਹ ਮਨੋਵੇਗੀ, ਉੱਚ ਇੱਛਾਵਾਂ ਰੱਖਦੇ ਤੇਜ਼ੀ ਨਾਲ ਉੱਚੀਆਂ ਪੌੜੀਆਂ ਚੜ੍ਹਨਾ ਚਾਹੁੰਦੇ ਹਨ। ਰਾਜਨੀਤੀ ਵਿਚ ਹਰ ਇੱਕ ਨੂੰ ਆਪਣੇ ਆਗੂ ਦਾ ਸਨਮਾਨ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਦੇ ਬੇਸਬਰੇ ਵਤੀਰੇ ਕਰਕੇ ਪੰਜਾਬ ਨੇ ਇੱਕ ਚੰਗਾ ਆਗੂ ਗੁਆ ਦਿੱਤਾ ਹੈ।

ਸਿੱਧੂ ਦੇ ਬੜਬੋਲੇਪਣ, ਸਨਮਾਨਿਤ ਆਗੂਆਂ ਲਈ ਭੱਦੀ ਸ਼ਬਦਾਵਲੀ ਵਰਤਣ ਅਤੇ ਕਿਸੇ ਦੀ ਨੇਕ ਸਲਾਹ ਨਾ ਸੁਣਨ ਕਰਕੇ ਉਹ ਕਾਮਯਾਬੀਆਂ ਨੇੜੇ ਪਹੁੰਚਦੇ ਮੂੰਹ ਪਰਨੇ ਡਿੱਗਦੇ ਰਹੇ। ਸੰਨ 1996 ਵਿੱਚ ਕ੍ਰਿਕਟ ਟੀਮ ਦੇ ਕਪਤਾਨ ਮੁਹਮੰਦ ਅਜ਼ਹਰੁਦੀਨ ਦੇ ਅਪਮਾਨਜਨਕ ਵਰਤਾਰੇ ਤੋਂ ਨਰਾਜ਼ ਹੋ ਕੇ ਇੰਗਲੈਂਡ ਦਾ ਟੂਰ ਵਿੱਚੇ ਛੱਡ ਕੇ ਵਾਪਸ ਭਾਰਤ ਪਰਤ ਆਏ ਸਨ।

ਜਦੋਂ ਉਹ ਭਾਜਪਾ ਵਿਚ ਹੁੰਦੇ ਸਨ ਤਾਂ ਸ੍ਰੀ ਨਰਿੰਦਰ ਮੋਦੀ ਦੇ ਕਸੀਦੇ ਕੱਢਦਾ ਹੁੰਦੇ ਸੀ। ਵਿਸ਼ਵ ਦੇ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਯੂ. ਪੀ. ਏ. ਗਠਜੋੜ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਮੋਨੀ ਬਾਬਾ’, ‘ਨਾ ਸਰਦਾਰ-ਨਾ ਅਸਰਦਾਰ’, ਰਾਹੁਲ ਗਾਂਧੀ ਨੂੰ ‘ਪੱਪੂ’ ਤੇ ਸੋਨੀਆ ਗਾਂਧੀ ਲਈ ਭੱਦੇ ਸ਼ਬਦ ਬੋਲਦੇ ਹੁੰਦੇ ਸੀ। ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਪ ਤੇ ਫਿਰ ਕਾਂਗਰਸ ਵਿਚ ਜਾਣ ਬਾਅਦ ਅਨਾਪ-ਸ਼ਨਾਪ ਬੋਲਦੇ ਰਹੇ। ਇਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਭੱਦੇ ਸ਼ਬਦ, ਰਾਜਨੀਤਕ ਗੁਰੂ ਅਰੁਣ ਜੇਤਲੀ ਨੂੰ ‘ਵਿਅਰਥ ਸ਼ਾਸਤਰੀ’ ਵਜੋਂ ਅਪਮਾਨਿਤ ਕਰਦੇ ਰਹੇ ਹਨ ਸੰਨ 2004 ਵਿਚ ਜਦੋਂ ਭਾਜਪਾ ਵਿਚ ਦਾਖਲੇ ਬਾਅਦ ਪਹਿਲੀ ਲੋਕ ਸਭਾ ਚੋਣ ਅੰਮ੍ਰਿਤਸਰ ਤੋਂ ਲੜੀ ਤਾਂ ਕਿਹਾ ਕਿ ਸ੍ਰੀ ਅਟਲ ਜੀ (ਪ੍ਰਧਾਨ ਮੰਤਰੀ) ਨੇ ਮੈਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੇ ਹੁਕਮ ਦਿੱਤੇ ਹਨ। ਸਿਪਾਹੀ ਸਵਾਲ ਨਹੀਂ ਕਰਦੇ। ਪਰ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕੈਬਨਿਟ ਮੰਤਰੀ ਹੁੰਦੇ ਹੋਏ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਹਿੰਦਾ ‘ਕੌਣ ਕੈਪਟਨ? ਹਾਂ… ਉਹ ਫੌਜ ਦੇ ਕੈਪਟਨ ਸਨ। ਮੇਰੇ ਕੈਪਟਨ ਰਾਹੁਲ ਗਾਂਧੀ ਹਨ।’ ਸੰਨ 2007 ਵਿਚ ਪਟਿਆਲਾ ਹਾਦਸੇ ਤੇ ਇੱਕ ਵਿਅਕਤੀ ਦੀ ਮੌਤ ਸਬੰਧੀ ਜਦੋਂ ਉਸ ਨੂੰ ਸਜ਼ਾ ਸੁਣਾਈ ਤਾਂ ਉਸ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਉਸ ਨੂੰ ਉਪ ਚੋਣ ਵੇਲੇ ਫਿਰ ਉਮੀਦਵਾਰ ਬਣਾਇਆ। ਸੰਨ 2009 ਵਿਚ ਫਿਰ ਤੀਸਰੀ ਵਾਰ ਲੋਕ ਸਭਾ ਉਮੀਦਵਾਰ ਬਣਾਇਆ ਪਰ ਉਹ ਮਸਾਂ 6900 ਵੋਟ ‘ਤੇ ਜਿੱਤੇ। ਸੰਨ 2014 ਦੀਆਂ ਚੋਣਾਂ ਵਿਚ ਉਸ ਨੂੰ ਟਿਕਟ ਨਾ ਦੇਣ ‘ਤੇ ਉਹ ਨਰਾਜ਼ ਹੋ ਗਏ। ਫਿਰ ਵੀ 2016 ਵਿਚ ਰਾਜ ਸਭਾ ਮੈਂਬਰ ਬਣਾਇਆ ਪਰ ਉਨ੍ਹਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਿਚ ਜਾਣ ਲਈ ਮਹੀਨੇ-ਡੇਢ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਵਿਚ ਉਸਨੂੰ ਮੁੱਖ ਮੰਤਰੀ ਪਦ ਦੇਣ ਦੀ ਸਹਿਮਤੀ ਨਾ ਬਣਨ ਕਰਕੇ ਉਹ ਬੈਂਸ ਭਰਾਵਾਂ, ਪਰਗਟ ਸਿੰਘ ਆਦਿ ਨੂੰ ਛੱਡ ਕੇ ਕਾਂਗਰਸ ਵਿਚ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਰਾਹੀਂ ਜਾ ਰਲੇ। ਉਨ੍ਹਾਂ ਦੇ ਅਸ਼ੀਰਵਾਦ ਨਾਲ ਪਹਿਲੀ ਵਾਰ ਵਿਧਾਇਕ ਬਣਨ ਦੇ ਬਾਵਜੂਦ ਇਨ੍ਹਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਹਾਲਾਂਕਿ ਇਹ ਉੱਪ ਮੁੱਖ ਮੰਤਰੀ ਦੇ ਸੁਪਨੇ ਸਜਾਈ ਬੈਠੇ ਸਨ।

ਜਦੋਂ ਇਹ ਭਾਜਪਾ ਵਿਚ ਸਨ ਤਾਂ ਇਨ੍ਹਾਂ ਨਾਲ ਇੱਕ ਵੀ ਸਾਂਸਦ ਨਹੀਂ ਸੀ ਹੁੰਦਾ। ਇਨ੍ਹਾਂ ਨੇ ਪਰਿਵਾਰਵਾਦ ਦੀਆਂ ਲੀਹਾਂ ‘ਤੇ ਚਲਦੇ ਪਤਨੀ ਡਾ. ਨਵਜੋਤ ਕੌਰ ਸਿੱਧ ਨੂੰ ਭਾਜਪਾ ਵਿਧਾਇਕ ਬਣਾਇਆ। ਬਾਦਲ ਸਰਕਾਰ ਵਿਚ ਉਨ੍ਹਾਂ ਨੂੰ ਪਾਰਲੀਮਾਨੀ ਸਕੱਤਰ ਬਣਾਇਆ ਗਿਆ।

ਕਾਂਗਰਸ ਪਾਰਟੀ ਵਿਚ ਇਨ੍ਹਾਂ ਨਾਲ ਨਾ ਇੱਕ ਸਾਂਸਦ, ਨਾ ਵਿਧਾਇਕ ਜਾਂ ਹੇਠਲੇ ਪੱਧਰ ਦਾ ਸਥਾਪਤ ਅਹੁਦੇਦਾਰ ਰਿਹਾ ਹੈ। ਰਾਜ ਅੰਦਰ ਮੁੱਖ ਮੰਤਰੀ ਨਾਲ ਜਾਂ ਸੂਬਾ ਪ੍ਰਧਾਨ ਨਾਲ ਆਢਾ ਉਹੀ ਲਾ ਸਕਦਾ ਜਿਸ ਨਾਲ ਵੱਡੀ ਗਿਣਤੀ ਵਿਚ ਸਾਂਸਦ, ਵਿਧਾਨਕਾਰ, ਮੰਤਰੀ ਜਾਂ ਅਹੁਦੇਦਾਰ ਹੋਣ।  ਸ੍ਰੀ ਸਿੱਧੂ ਇਹ ਨਹੀਂ ਸਮਝ ਸਕੇ ਕਿ ਪੰਜਾਬ ਕਾਂਗਰਸ ਵਿਚ ਉਨ੍ਹਾਂ ਕੋਲ ਅਜਿਹੀ ਹਮਾਇਤ ਨਹੀਂ ਹੈ। ਉਹ ਤਾਂ ਆਪਣੀ ਪਤਨੀ ਲਈ ਚੰਡੀਗੜ੍ਹ ਤੋਂ ਟਿਕਟ ਨਹੀਂ ਲੈ ਸਕੇ। ਨਾ ਉਨ੍ਹਾਂ ਨੂੰ ਸ੍ਰੀ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਉੱਥੋਂ ਟਿਕਟ ਦੇ ਸਕੇ ਕਿਉਂਕਿ ਉੱਥੇ ਤਾਕਤਵਰ ਬਜ਼ੁਰਗ ਕਾਂਗਰਸ ਉਮੀਦਵਾਰ ਪਵਨ ਬਾਂਸਲ ਮੌਜੂਦ ਸਨ।

ਸਿੱਧੂ ਵੱਲੋਂ ਰਾਹੁਲ ਗਾਂਧੀ ਜਾਂ ਪ੍ਰਿਅੰਕਾ ਨਾਲ ਮੇਲ-ਜੋਲ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਜਨੀਤਕ ਆਢਾ ਲਾਉਣਾ ਵੱਡੀ ਰਾਜਨੀਤਕ ਭੁੱਲ ਸੀ। ਕੈਪਟਨ ਪੰਜਾਬ ਕਾਂਗਰਸ ਅੰਦਰ ਸਥਾਪਿਤ ਹੋ ਚੁੱਕੇ ਹਨ ਤੇ ਦੂਸਰੀ ਵਾਰ ਮੁੱਖ ਮੰਤਰੀ ਬਣੇ ਹਨ। ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ‘ਚੋਂ 77 ਸੀਟਾਂ ‘ਤੇ ਜਿੱਤ ਹਾਸਲ ਕੀਤੀ। ਕੇਰਲ ਦੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਓਮਨ ਚੈਂਡੀ, ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਦੀ ਸਲਾਹ ਬਗੈਰ ਸ੍ਰੀ ਸੁਧੀਰਨ ਨੂੰ ਸੂਬਾ ਕਾਂਗਰਸ ਪ੍ਰਧਾਨ ਥਾਪਣ ਕਰਕੇ ਸੰਨ 2014 ਵਿਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਵਾਹ ਨਹੀਂ ਸੀ ਕੀਤੀ ਜਦੋਂ ਰਾਜ ਦੇ ਇੱਕ ਰੋਜ਼ਾ ਚੋਣ ਮੁਹਿੰਮ ਦੇ ਦੌਰੇ ‘ਤੇ ਗਏ ਸਨ। ਨਾ ਉਹ ਹਵਾਈ ਅੱਡੇ ‘ਤੇ ਉਨ੍ਹਾਂ ਦੀ ਅਗਵਾਨੀ ਕਰਨ, ਨਾ ਹੀ ਅਲਵਿਦਾ ਕਹਿਣ ਆਏ। ਓਮਨ ਚੈਂਡੀ ਨੂੰ ਪ੍ਰਦੇਸ਼ ਕਾਂਗਰਸ ਅੰਦਰ ਵੱਡੇ ਬਹੁਮਤ ਦੀ ਹਮਾਇਤ ਹਾਸਲ ਸੀ। ਇਹੀ ਸਥਿਤੀ ਅੱਜ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਹੈ। ਕੈਬਨਿਟ ਸੰਗਠਿਤ ਕਰਨਾ, ਉਸ ਵਿਚ ਫੇਰ-ਬਦਲ ਕਰਨਾ, ਵਿਭਾਗਾਂ ਦੀ ਵੰਡ ਦਾ ਸੰਵਿਧਾਨਕ ਅਧਿਕਾਰ ਪਾਰਲੀਮਾਨੀ ਲੋਕਤੰਤਰੀ ਵਿਵਸਥਾ ਵਿਚ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਲ ਹੁੰਦਾ ਹੈ। ਸਿੱਧੂ ਨੇ ਸ਼ੂਰੁ ਤੋਂ ਮੁੱਖ ਮੰਤਰੀ ਦੀ ਕੁਰਸੀ ‘ਤੇ ਆਪਣੀ ਲੋਕਤੰਤਰੀ ਤਾਕਤ ਦੀ ਥਾਂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਸਬੰਧਾਂ ਦੇ ਬਲਬੂਤੇ ਅੱਖ ਰੱਖੀ ਕੈਪਟਨ ਅਮਰਿੰਦਰ ਨਾਲ ਆਢਾ ਲਾਈ ਬੈਠਾ ਸੀ। ਹਾਲਾਂਕਿ ਕਈ ਵਾਰ ਅਜਿਹਾ ਕਰਨ ਕਰਕੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਉਨ੍ਹਾਂ ‘ਤੇ ਹਮਲਾਵਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਸਮਝ ਨਾ ਆਈ। ਉਨ੍ਹਾਂ ਦੀ ਪਤਨੀ ਡਾ. ਨਵਜੋਤ ਸਿੱਧੂ ਹਰ ਮੌਕੇ ਬਲਦੀ ‘ਤੇ ਤੇਲ ਪਾਉਂਦੀ ਰਹੇ। ਕੈਪਟਨ ਅਮਰਿੰਦਰ ਸਿੰਘ ਏਨੇ ਉਦਾਰਵਾਦੀ ਆਗੂ ਨਹੀਂ ਹਨ ਜੋ ਇਨ੍ਹਾਂ ਦੀ ਲਗਾਤਾਰ ਆਲੋਚਨਾ ਨੂੰ ਪਚਾਉਂਦੇ ਰਹਿੰਦੇ।

ਅਗਸਤ, 2018 ਵਿਚ ਸ੍ਰੀ ਸਿੱਧੂ ਵੱਲੋਂ ਪਾਕਿਸਤਾਨੀ ਫੌਜ ਮੁਖੀ ਕੁਮਰਜਾਵੇਦ ਬਾਜਵਾ ਨਾਲ ਬਗਲਗੀਰ ਹੋਣ ਅਤੇ ਸ੍ਰੀ ਕਰਤਾਰਪੁਰ ਲਾਂਘੇ ਦੀ ਗੱਲ ਹੋਣ, ਨਵੰਬਰ 28, 2018 ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਲਾਂਘਾ ਸਮਾਰੋਹ ਵਿਚ ਮੁੱਖ ਮੰਤਰੀ ਦੀ ਇੱਛਾ ਉਲਟ ਜਾਣ, ਨਵੰਬਰ 30 ਨੂੰ ਕੈਪਟਨ ਸਾਹਿਬ ਦੀ ਬਜਾਏ ਰਾਹੁਲ ਗਾਧੀ ਨੂੰ ਆਪਣਾ ਕੈਪਟਨ ਮੰਨਣ ਆਦਿ ਨੇ ਕੈਪਟਨ ਸਾਹਿਬ ਨੂੰ ਉਨ੍ਹਾਂ ਦੇ ਰਾਜਨੀਤਕ ਖੰਭ ਕੁਤਰਨ ਲਈ ਮਜ਼ਬੂਰ ਕੀਤਾ। ਮਾਰਚ 7, 2019 ਨੂੰ ਮੋਗਾ ਰੈਲੀ ਵੇਲੇ ਸ੍ਰੀ ਰਾਹੁਲ ਗਾਂਧੀ ਦੀ ਮੌਜੂਦਗੀ ਵਿਚ ਸਿੱਧੂ ਨੂੰ ਬੋਲਣ ਦਾ ਮੌਕਾ ਨਾ ਦਿੱਤਾ। ਪਰ ਸਮਝੇ ਫਿਰ ਨਾ। ਮਈ 17, 2019 ਨੂੰ ਉਨ੍ਹਾਂ ਨੇ ਬਠਿੰਡਾ ਚੋਣ ਰੈਲੀ ਵਿਚ ਕੈਪਟਨ ‘ਤੇ ਸਿੱਧਾ ਹੱਲਾ ਬੋਲਿਆ ਕਿ ਉਹ ਬਾਦਲ ਪਰਿਵਾਰ ਨਾਲ ਮਿਲ ਕੇ ਚੋਣਾਂ ਲੜ ਰਹੇ ਹਨ। ਪੰਜਾਬ ਅੰਦਰ ਕਾਂਗਰਸ 13 ਲੋਕ ਸਭਾ ਸੀਟਾਂ ‘ਚੋਂ 8 ਜਿੱਤ ਗਈ ਜਦਕਿ ਸਾਰੇ ਦੇਸ਼ ਵਿਚ 51 ਸੀਟਾਂ ਜਿੱਤੀ ਸੀ। ਕੈਪਟਨ ਸਾਹਿਬ ਨੇ ਮਈ 19 ਨੂੰ ਸੰਕੇਤ ਦਿੱਤਾ ਸੀ ਕਿ ਸਿੱਧੂ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ। ਜੂਨ 6, 2019 ਨੂੰ ਹੋਰਨਾਂ ਮੰਤਰੀਆਂ ਨਾਲ ਉਸਦਾ ਵਿਭਾਗ ਬਦਲ ਦਿੱਤਾ। ਸਥਾਨਕ ਸਰਕਾਰਾਂ ਦੀ ਥਾਂ ਬਿਜਲੀ ਮੰਤਰਾਲਾ ਦਿੱਤਾ ਗਿਆ। ਉਹ ਅੱੜ ਬੈਠੇ ਜੋ ਸਰਾਸਰ ਗਲਤ ਅਤੇ ਗੈਰ-ਸੰਵਿਧਾਨਕ ਸੀ। 10 ਜੂਨ ਨੂੰ ਰਾਹੁਲ ਗਾਂਧੀ ਸਾਬਕਾ ਕਾਂਗਰਸ ਪ੍ਰਧਾਨ ਨੂੰ ਅਸਤੀਫਾ ਸੌਂਪ ਕੇ ਉਨ੍ਹਾਂ ਵੱਲੋਂ ਕੈਪਟਨ ‘ਤੇ ਦਬਾਅ ਨੂੰ ਉਡੀਕਦੇ ਰਹੇ। ਉਨ੍ਹਾਂ ਵੱਲੋਂ ਅਹਿਮਦ ਪਟੇਲ ਨੂੰ ਸਥਿਤੀ ਸੁਲਝਾਉਣ ਦੀ ਵੀ ਜਦੋਂ ਕੈਪਟਨ ਸਾਹਿਬ ਨੇ ਕੋਈ ਪ੍ਰਵਾਹ ਨਾ ਕੀਤੀ ਤਾਂ ਉਨ੍ਹਾਂ ਨੂੰ ਇੱਕ ਸਤਰ ਦਾ ਅਸਤੀਫਾ ਉਨ੍ਹਾਂ ਨੂੰ ਸੌਂਪਣਾ ਪਿਆ। ਉਨ੍ਹਾਂ ਇਸ ‘ਤੇ ਕਾਰਵਾਈ ਕਰਦਿਆਂ ਕੈਬਨਿਟ ‘ਚੋਂ ਲਾਂਭੇ ਕਰ ਦਿੱਤਾ

ਇਸ ਸਮੁੱਚੇ ਘਟਨਾਕ੍ਰਮ ਨੇ ਕੈਪਟਨ ਦੀ ਰਾਜਨੀਤਕ ਪੁਜ਼ੀਸ਼ਨ ਅਜੋਕੇ ਸਮੇਂ ਵਿਚ ਦੇਸ਼ ਦੇ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਮੁੱਖ ਮੰਤਰੀ ਵਜੋਂ ਸਥਾਪਿਤ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਏ. ਡੀ. ਜੀ. ਪੀ. ਨੂੰ ਨਸ਼ੀਲੇ ਪਦਾਰਥਾਂ ਦੀ ਰਾਜ ਅੰਦਰ ਵਿਕਰੀ ਰੋਕਣ ਲਈ ਐਸ. ਟੀ. ਐਫ. ਦੇ ਮੁੜ ਮੁਖੀ ਥਾਪਣ ਬਾਅਦ ਉਨ੍ਹਾਂ ਪੂਰੇ ਪ੍ਰਸ਼ਾਸਨ ਨੂੰ ਸਪੱਸ਼ਟ ਕਰ ਦਿੱਤਾ ਕਿ ਪੰਜਾਬ ਵਿਚ ਉਹੀ ਹੋਵੇਗਾ ਜੋ ਉਹ ਚਾਹੁਣਗੇ। ਜੋ ਅਫਸਰ ਕੋਈ ਇਤਰਾਜ ਰੱਖਦੇ ਹਨ, ਰਾਜ ਛੱਡ ਕੇ ਕੇਂਦਰ ਜਾਂ ਹੋਰ ਥਾਂ ਡੈਪੂਟੇਸ਼ਨ ‘ਤੇ ਚਲੇ ਜਾਣ। ਉਨ੍ਹਾਂ ਨੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਕੇਂਦਰ ਸਰਕਾਰ ਨਾਲ ਵਧੀਆ ਸਬੰਧ ਬਣਾ ਰੱਖੇ ਹਨ।

ਕੈਪਟਨ ਦੀ ਮੌਜ਼ੂਦਾ ਮਜ਼ਬੂਤ ਰਾਜਨੀਤਕ ਸਥਿਤੀ ‘ਤੇ ਸਟੀਕ ਟਿੱਪਣੀ ਕਰਦਿਆਂ ਸਾਂਸਦ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਕੈਪਟਨ ਸਾਹਿਬ ਇਸ ਵੇਲੇ ਪੰਜਾਬ ਦੇ ਸਰਵੇ-ਸਰਵਾ ਆਗੂ ਹਨ। ਪੂਰੇ ਦੇਸ਼ ਵਿਚ ਉਨ੍ਹਾਂ ਬਰਾਬਰ ਕੋਈ ਨਹੀਂ ਹੈ।

ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।