ਖੱਬੀਆਂ ਪਾਰਟੀਆਂ ਵੱਲੋਂ ਸੰਵਿਧਾਨ ਬਚਾਓ, ਦੇਸ਼ ਬਚਾਓ ਤਹਿਤ ਕਨਵੈਨਸ਼ਨ

Conserve, Constitution, Parties, Convention, Under, Country, Defense

ਪਟਿਆਲਾ। (ਸੱਚ ਕਹੂੰ ਨਿਊਜ਼) ਦੇਸ਼ ਦੀਆਂ ਛੇ ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਸੀ ਪੀ ਆਈ ਅਤੇ ਸੀ ਪੀ ਐੱਮ ਵੱਲੋਂ ਸਾਂਝੀ ਸੰਵਿਧਾਨ ਬਚਾਓ, ਦੇਸ਼ ਬਚਾਓ ਕਨਵੈਨਸ਼ਨ ਦੋਸਤੀ ਭਵਨ ਪਟਿਆਲਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਕਾਮਰੇਡ ਬ੍ਰਿਜ ਲਾਲ ਬਿਠੋਣੀਆਂ ਅਤੇ ਕਾਮਰੇਡ ਸੁੱਚਾ ਸਿੰਘ ਨੇ ਕੀਤੀ। ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ਹਿੰਦੂਤਵ ਦੇ ਏਜੰਡੇ ਦੀ ਨੁਕਤਾਚੀਨੀ ਕਰਦਿਆਂ ਸੰਵਿਧਾਨ ਬਚਾਉਣ ਲਈ ਲੋਕਾਈ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਟਰੇਡ ਯੂਨੀਅਨ ਆਗੂ ਕਾਮਰੇਡ ਮਨੋਹਰ ਲਾਲ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ ਡੀ ਏ ਸਰਕਾਰ ਦਾ ਮਨਸ਼ਾ ਦੇਸ਼ ਨੂੰ ਵੰਡ ਕੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਕੇ ਸੱਤਾ ਹਥਿਆਉਣਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਹਿੰਦੂਵਾਦ ਦਾ ਰੋਲਾ ਪਾਉਣ ਵਾਲੇ ਅਮਿੱਤ ਸ਼ਾਹ ਤੇ ਉਸਦੀ ਜੁੰਡਲੀ ਦੀਆਂ ਵਾਗਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਮਹੂਰੀ ਢਾਂਚੇ ਨੂੰ ਕਮਜੋਰ ਕਰਨ ਲਈ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਜਿਸਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਧਰਮ ਨਿਰਪੱਖਤਾ ਭਾਰਤੀ ਜਮਹੂਰੀ ਢਾਂਚੇ ਦੀ ਬੁਨਿਆਦ ਰਹੀ ਹੈ ਜਿਸਨੂੰ ਅਜ਼ਾਦੀ ਤੋਂ ਬਾਅਦ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਕਮਜ਼ੋਰ ਕਰਨ ਦੀ ਚਾਰਾਜੋਈ ਨਹੀਂ ਕੀਤੀ ਪਰ ਨਰਿੰਦਰ ਮੋਦੀ ਘਟੀਆ ਚਾਲਾਂ ਚੱਲ ਕੇ ਦੇਸ਼ ਨੂੰ ਵੰਡਣ ਉਤੇ ਲੱਗੀ ਹੋਈ ਹੈ।
ਸੀ ਪੀ ਐੱਮ ਦੇ ਸੂਬਾਈ ਆਗੂ ਕਾ ਗੁਰਦਰਸ਼ਨ ਸਿੰਘ ਖਾਸਪੁਰ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਜਪਾ ਅਤੇ ਇਸਦੀਆਂ ਸਹਿਯੋਗੀ ਪਾਰਟੀਆਂ ਅਗਾਮੀਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਦੇ ਮਕਸਦ ਨਾਲ ਰਾਮ ਮੰਦਰ ਨੂੰ ਮੁੱਦਾ ਬਣਾਉਣਾ ਚਾਹੁੰਦੀਆਂ ਹਨ ਤਾਂ ਕਿ ਹਿੰਦੂ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ। ਕਨਵੈਨਸ਼ਨ ਦੌਰਾਨ ਕਾ ਕਸ਼ਮੀਰ ਸਿੰਘ ਗਦਾਈਆ, ਸੀ ਪੀ ਐੱਮ ਦੇ ਜਿਲ੍ਹਾ ਸਕੱਤਰ ਧਰਮਪਾਲ ਸੀਲ, ਪ੍ਰੋ ਬਲਵਿੰਦਰ ਸਿੰਘ ਅਤੇ ਬੀਬੀ ਰਾਜਵਿੰਦਰ ਕੌਰ ਨੇ ਵਿਚਾਰ ਸ਼ਾਂਝੇ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾ ਰਾਮਚੰਦ ਚੁਨਾਗਰਾ, ਸੰਤੋਖ ਸਿੰਘ ਪਟਿਆਲਾ, ਚੋਧਰੀ ਮਹੁੰਮਦ ਸਦੀਕ, ਕਾ ਰੇਸ਼ਮ ਸਿੰਘ ਪਾਤੜਾਂ, ਰਜਿੰਦਰ ਸਿੰਘ ਰਾਜਪੁਰਾ, ਬਲਦੇਵ ਸਿੰਘ, ਰਣਜੀਤ ਸਿੰਘ ਮੈਣ ਅਤੇ ਰਮੇਸ਼ ਕੁਮਾਰ ਆਜ਼ਾਦ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।