ਕਾਂਗਰਸ ਨੇ ਪਰਨੀਤ ਕੌਰ ਨੂੰ ਪੰਜਵੀਂ ਵਾਰ ਟਿਕਟ ਦੇ ਕੇ ਨਿਵਾਜ਼ਿਆ, 20 ਸਾਲਾਂ ਬਾਅਦ ਮੁੜ ਹੋਵੇਗੀ ਰੱਖੜਾ ਨਾਲ ਟੱਕਰ

Congress, Parneet Kaur, Ticket, Rakhra

ਸਾਲ 2014 ‘ਚ ਡਾ. ਗਾਂਧੀ ਨੇ ਰੋਕਿਆ ਸੀ ਪਰਨੀਤ ਕੌਰ ਦਾ ਜੇਤੂ ਰੱਥ, ਇਸ ਵਾਰ ਵੀ ਡਾ. ਗਾਂਧੀ ਬਣਨਗੇ ਚੁਣੌਤੀ

ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ‘ਤੇ ਭਾਰੀ ਪਏ ਮੋਤੀ ਮਹਿਲਾ ਵਾਲੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਕਾਂਗਰਸ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਵੀ ਪਟਿਆਲਾ ਸੀਟ ਲਈ ਅਪਲਾਈ ਕੀਤਾ ਹੋਇਆ ਸੀ, ਪਰ ਮੋਤੀ ਮਹਿਲ ਅੱਗੇ ਉਨ੍ਹਾਂ ਦੀ ਇੱਕ ਨਾ ਚੱਲੀ। ਕਾਂਗਰਸ ਪਾਰਟੀ ਵੱਲੋਂ ਇੱਕ ਪਰਿਵਾਰ ਲਈ ਇੱਕ ਟਿਕਟ ਦਾ ਸਿਧਾਂਤ ਵੀ ਅੱਖੋਂ ਪਰੋਖੇ ਕਰ ਦਿੱਤਾ ਗਿਆ ਅਤੇ ਮਹਿਲਾਂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਪਰਨੀਤ ਕੌਰ ਲਗਭਗ 20 ਸਾਲਾਂ ਬਾਅਦ ਮੁੜ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨਾਲ ਟੱਕਰ ਲੈਣਗੇ।

ਜਾਣਕਾਰੀ ਅਨੁਸਾਰ ਸਾਲ 1944 ਨੂੰ ਸ਼ਿਮਲਾ ਵਿਖੇ ਜਨਮੀ ਪਰਨੀਤ ਕੌਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਲ 1999 ਵਿੱਚ ਪਹਿਲੀ ਵਾਰ ਲੋਕ ਸਭਾ ਦੀ ਟਿਕਟ ਲੜੀ ਗਈ ਸੀ। ਉਨ੍ਹਾਂ ਵੱਲੋਂ ਪਹਿਲੀ ਵਾਰ ਹੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੂੰ ਮਾਤ ਦਿੱਤੀ ਸੀ। 2004 ਵਿੱਚ ਕਾਂਗਰਸ ਨੇ ਫਿਰ ਪਰਨੀਤ ਕੌਰ ਨੂੰ ਟਿਕਟ ਦਿੱਤੀ ਤਾਂ ਉਨ੍ਹਾਂ ਅਕਾਲੀ ਦਲ ਦੇ ਕੈਪਟਨ ਕੰਵਲਜੀਤ ਸਿੰਘ ਨੂੰ ਹਰਾ ਦਿੱਤਾ। ਕਾਂਗਰਸ ਨੇ ਮੁੜ ਤੀਜੀ ਵਾਰ ਸਾਲ 2009 ਵਿੱਚ ਪਰਨੀਤ ਕੌਰ ਉਮੀਦਵਾਰ ਬਣਾਇਆ ਤਾਂ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾ ਕੇ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ। ਇਸ ਦੌਰਾਨ ਪਰਨੀਤ ਕੌਰ ਮਨਮੋਹਨ ਸਰਕਾਰ ਵਿੱਚ ਵਿਦੇਸ਼ ਰਾਜ ਮੰਤਰੀ ਬਣੇ।

ਇਸ ਤੋਂ ਬਾਅਦ ਸਾਲ 2014 ਵਿੱਚ ਕਾਂਗਰਸ ਵੱਲੋਂ ਫਿਰ ਚੌਥੀ ਵਾਰ ਮੋਤੀ ਮਹਿਲਾ ਉੱਪਰ ਭਰੋਸਾ ਜਿਤਾਇਆ ਗਿਆ ਤੇ ਪਰਨੀਤ ਕੌਰ ਨੂੰ ਟਿਕਟ ਦਿੱਤੀ ਤਾ ਇਸ ਵਾਰ ਸਭ ਕੁਝ ਪੁੱਠਾ ਪੈ ਗਿਆ। ਨਵੀਂ ਨਕੋਰ ਆਈ ਆਮ ਆਦਮੀ ਪਾਰਟੀ ਦੇ ਨਵੇਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਰਨੀਤ ਕੌਰ ਨੂੰ ਅਜਿਹੀ ਪਟਕਨੀ ਦਿੱਤੀ ਕਿ ਮਹਿਲਾਂ ਵਾਲੇ ਹੱਕੇ ਬੱਕੇ ਰਹਿ ਗਏ। ਡਾ. ਗਾਂਧੀ 20 ਹਜਾਰ ਤੋਂ ਵੱਧ ਵੋਟਾਂ ਨਾਲ ਪਰਨੀਤ ਕੌਰ ਤੋਂ ਜੇਤੂ ਰਹੇ। ਜਦਕਿ ਅਕਾਲੀ ਦਲ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਤੀਜੇ ਸਥਾਨ ਤੇ ਰਹੇ। ਹੁਣ 2019 ਵਿੱਚ ਵੀ ਕਾਂਗਰਸ ਹਾਈ ਕਮਾਂਡ ਵੱਲੋਂ ਪਰਨੀਤ ਕੌਰ ਨੂੰ ਪੰਜਵੀਂ ਵਾਰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਜਦਕਿ ਕਾਂਗਰਸ ਵੱਲੋਂ ਇਸ ਸੀਟ ਤੋਂ ਹਲਕਾ ਅਮਲੋਹ ਤੋਂ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਵੀ ਅਪਲਾਈ ਕੀਤਾ ਹੋਇਆ ਸੀ। ਪਰਨੀਤ ਕੌਰ ਦੀ ਟੱਕਰ 20 ਸਾਲ ਬਾਅਦ ਮੁੜ  ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀਡੀਏ ਦੇ ਡਾ. ਧਰਮਵੀਰ ਗਾਂਧੀ ਨਾਲ ਹੋਵੇਗੀ। ਆਮ ਆਦਮੀ ਪਾਰਟੀ ਵੱਲੋਂ ਅਜੇ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ। ਪਰਨੀਤ ਕੌਰ ਵੱਲੋਂ ਚੌਥੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਤਕੜੀ ਮਿਹਨਤ ਕਰਨੀ ਹੋਵੇਗੀ ਕਿਉਂਕਿ ਸਰਕਾਰ ਹੋਣ ਦੇ ਬਾਵਜ਼ੂਦ ਵੀ ਉਨ੍ਹਾਂ ਲਈ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਦੱਸਣਯੋਗ ਹੈ ਕਿ ਸਾਲ 1964 ਵਿੱਚ ਪਰਨੀਤ ਕੌਰ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਇੱਕ ਧੀ ਜੈਇੰਦਰ ਕੌਰ ਤੇ ਇੱਕ ਪੁੱਤਰ ਰਣਇੰਦਰ ਸਿੰਘ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।