ਆਓ! ਮੋਹ ਦੀਆਂ ਤੰਦਾਂ? ਮੁੜ ਜੋੜੀਏ

ਜਿਉਂਦਿਆਂ ਦੇ ਹੁੰਦੇ ਸਭ ਸਾਕ-ਸਬੰਧੀ, ਮੋਇਆਂ ਬਾਦ ਹੁੰਦਾ ਸਭ ਖ਼ਾਕ ਮੀਆਂ।

ਰਿਸ਼ਤਿਆਂ ਵਿੱਚ ਸਿਰਫ਼ ਇਨਸਾਨ ਹੀ ਜਿਉਂਦਾ ਹੈ। ਪਸ਼ੂ-ਪਰਿੰਦੇ, ਜੀਵ-ਜੰਤੂ ਸਮਾਂ ਬੀਤਣ ਨਾਲ ਸਭ ਰਿਸ਼ਤੇ ਭੁੱਲ ਜਾਂਦੇ ਹਨ। ਇਨਸਾਨੀ ਰਿਸ਼ਤਿਆਂ ਵਿੱਚ ਵੀ ਅੱਜ-ਕੱਲ੍ਹ ਬੜੀ ਕੁੜੱਤਣ ਆ ਗਈ ਹੈ। ਮਤਲਬਪ੍ਰਸਤੀ, ਰਿਸ਼ਤਿਆਂ ਵਿੱਚ ਵਪਾਰੀਕਰਨ, ਹੰਕਾਰ ਨੇ ਸਾਨੂੰ ਸਕਿਆਂ ਨੂੰ ਵੀ ਇੱਕ-ਦੂਸਰੇ ਤੋਂ ਦੂਰ ਕੀਤਾ ਹੈ। ਅੱਜ-ਕੱਲ੍ਹ ਰਿਸ਼ਤਿਆਂ ਵਿੱਚ ਮਿਠਾਸ ਤੇ ਆਪਸੀ ਮੋਹ-ਮੁਹੱਬਤਾਂ ਤਾਂ ਗਾਇਬ ਹੀ ਹੋ ਗਈਆਂ ਹਨ।
ਅਸੀਂ 20 ਜਣਿਆਂ ਦਾ ਪਰਿਵਾਰ, ਇੱਕੋ ਘਰ ਵਿੱਚ ਰਹਿੰਦੇ ਸਾਂ।

ਬੇਸ਼ੱਕ ਮੇਰੇ ਪਾਪਾ ਤੇ ਮੇਰੇ ਚਾਚਾ ਜੀ ਦੇ ਚੁੱਲ੍ਹੇ ਵੱਖੋ-ਵੱਖ ਸਨ, ਪਰ ਉਹ ਦਿਲੋਂ ਦੂਰ ਨਹੀਂ ਸਨ। ਸਾਡੇ ਹਰ ਦੁੱਖ-ਸੁਖ, ਵਾਧ-ਘਾਟ ਦਾ ਮੇਰੇ ਦਾਦਾ-ਦਾਦੀ ਖ਼ਿਆਲ ਰੱਖਦੇ ਸਨ। ਕਦੇ ਸਖ਼ਤੀ, ਕਦੇ ਨਰਮੀ, ਸ਼ਾਇਦ ਇਸੇ ਲਈ ਉਹਨਾਂ ਦੇ ਜਿਉਂਦੇ ਜੀਅ ਸਾਡਾ ਘਰ ਖਿੱਲਰ ਨਹੀਂ ਸੀ ਸਕਿਆ। ਮੇਰੇ ਦਾਦੀ ਜੀ ਸਾਡੇ ਘਰ ਦੀ ਸ਼ਾਨ ਹੁੰਦੇ ਸਨ ਤੇ ਉਹ ਆ ਕੇ ਸਾਡੇ ਵਿਹੜੇ ਵਿੱਚ ਪਈ ਮੰਜੀ ‘ਤੇ ਬੈਠ ਜਾਂਦੇ ਹਨ। ਮੇਰੇ ਪਾਪਾ ਬੜੇ ਸ਼ਰਾਰਤੀ ਸਨ।

ਉਹ ਸਾਡੇ ਨਾਲ਼ ਵੀ ਅਕਸਰ ਬੜੀ ਚੌੜ ਕਰਦੇ। ਇੱਕ ਦਿਨ ਮੇਰੇ ਦਾਦੀ ਜੀ ਜਦ ਵਿਹੜੇ ਵਿੱਚ ਪਈ ਮੰਜੀ ‘ਤੇ ਆ ਕੇ ਬੈਠੇ ਤਾਂ ਮੇਰੇ ਪਾਪਾ ਵੀ ਉਸੇ ਮੰਜੀ ‘ਤੇ ਮੇਰੇ ਦਾਦੀ ਜੀ ਦੇ ਗੀਝੇ ਵਾਲੇ ਪਾਸੇ ਬੈਠੇ ਤੇ ਉਹਨਾਂ ਦੇ ਗੀਝੇ ਵਿੱਚੋਂ ਧੱਕੇ ਨਾਲ ਪੈਸੇ ਕੱਢ ਲਏ ਤੇ ਬੜਾ ਖ਼ੁਸ਼ ਹੋਏ।

ਮੇਰੇ ਦਾਦੀ ਜੀ ਤਾਂ ਵਿਚਾਰੇ ਮਨ ਮਸੋਸ ਕੇ ਰਹਿ ਗਏ, ਕਿਉਂ ਜੋ ਔਰਤਾਂ ਨੂੰ ਗੋਝੀ ਵਾਲੇ ਪੈਸੇ ਜਾਨ ਤੋਂ ਵੀ ਵੱਧ ਪਿਆਰੇ ਹੁੰਦੇ ਹਨ। ਸ਼ਾਇਦ ਇਸੇ ਲਈ ਗੋਝੀਆਂ ਤੇ ਗੀਝੇ ਸ਼ਬਦਾਂ ਵਿੱਚ ਬੜੀ ਸਮਾਨਤਾ ਦਿਸਦੀ ਹੈ। ਪਰ ਮੇਰੇ ਪਾਪਾ ਨੇ ਉਹਨਾਂ ਨੂੰ ਥੋੜ੍ਹੀ ਦੇਰ ਬਾਅਦ ਉਹ ਪੈਸੇ ਮੋੜ ਦਿੱਤੇ। ਇਹ ਵਾਕਿਆ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਮੁਸੱਲਸਲ ਦੁਹਰਾਇਆ ਜਾਂਦਾ। ਪਾਪਾ ਤਾਂ ਇਸ ਵਿੱਚ ਮਜ਼ਾ ਲੈਂਦੇ ਹੀ ਸਨ, ਮੈਨੂੰ ਵੀ ਬੜਾ ਅਨੰਦ ਆਉਂਦਾ।

ਸਮਾਂ ਪਾ ਕੇ ਦਾਦਾ-ਦਾਦੀ ਰੁਖ਼ਸਤ ਪਾ ਗਏ। ਪਰਿਵਾਰ ਵੱਡਾ ਹੋਣ ਕਾਰਨ ਸਾਨੂੰ ਚਾਰ ਭਰਾਵਾਂ ਨੂੰ ਵੀ ਅਲੱਗ-ਅਲੱਗ ਮਕਾਨ ਬਣਾਉਣੇ ਪਏ। ਮੇਰੇ ਪਾਪਾ ਸਾਡੇ ਮਹਿਕਮੇ ਵਿੱਚ ਮੇਰੇ ਸੀਨੀਅਰ ਵੀ ਸਨ। ਮੈਂ ਹਫ਼ਤੇ-ਦਸ ਦਿਨਾਂ ਬਾਅਦ ਆਪਣੇ ਮੰਮੀ-ਪਾਪਾ ਨੂੰ ਮਿਲ ਕੇ ਆਉਂਦਾ ਸਾਂ।

ਮੇਰੇ ਪਾਪਾ ਆਪਣੇ ਨੋਕੀਆ 3310 ਮੋਬਾਈਲ ਨੂੰ ਦਫਤਰ ਜਾਂਦੇ ਸਮੇਂ ਆਪਣੀ ਸ਼ਰਟ ਦੀ ਜੇਬ੍ਹ ਵਿੱਚ ਪਾ ਕੇ ਚਾਂਦੀ ਦੀ ਚੇਨੀ ਨਾਲ ਕਾਜ਼ ਨਾਲ ਬੰਨ੍ਹ ਕੇ ਰੱਖਦੇ।

ਘਰ ਆ ਕੇ ਉਸੇ ਚਾਂਦੀ ਦੀ ਚੈਨੀ ਦੀ ਹੁੱਕ ਨਾਲ ਨੂੜ ਕੇ ਕੁੜਤੇ ਦੇ ਗੀਝੇ ਵਿੱਚ ਪਾ ਕੇ ਰੱਖਦੇ ਤੇ ਉਸ ਚੈਨੀ ਦੇ ਦੂਸਰੇ ਸਿਰੇ ‘ਤੇ ਲੱਗੀ ਹੁੱਕ ਆਪਣੇ ਪਹਿਨੇ ਹੋਏ ਕੁੜਤੇ ਦੇ ਕਾਜ ਨਾਲ ਨੂੜ ਕੇ ਰੱਖਦੇ। ਤੇ ਇੱਕ ਦਿਨ ਮੈਂ ਬੈਠ ਗਿਆ ਉਹਨਾਂ ਦੇ ਗੀਝੇ ਵਾਲੇ ਪਾਸੇ। ਉਹਨਾਂ ਨੂੰ ਗੱਲੀਂ ਲਾ ਕੇ ਮੈਂ ਉਹਨਾਂ ਦੇ ਗੀਝੇ ਵਿੱਚੋਂ ਹੌਲੀ ਜਿਹੇ ਮੋਬਾਈਲ ਕੱਢਿਆ, ਚੈਨੀ ਦੀ ਹੁੱਕ ਵਿੱਚ ਨਹੁੰ ਅੜਾ ਕੇ ਹੁੱਕ ਸਿੱਧੀ ਕਰਕੇ ਮੋਬਾਈਲ ਲਾਹ ਲਿਆ ਤੇ ਆਪਣੀ ਜੇਬ੍ਹ ਵਿਚ ਪਾ ਕੇ, ਚੰਗਾ ਡੈਡੀ ਮੈਂ ਚਲਦੈਂ, ਕਹਿ ਕੇ ਤੁਰ ਪਿਆ।

ਪਰ ਇਹ ਕੀ, ਮੈਂ ਅਜੇ ਘਰ ਦੀ ਦਹਿਲੀਜ਼ ਤੋਂ ਬਾਹਰ ਨਹੀਂ ਸਾਂ ਹੋਇਆ ਕਿ ਉਹਨਾਂ ਦੇ ਮੁਬਾਈਲ ਦੀ ਕਾਲਿੰਗ ਰਿੰਗ ਵੱਜ ਉੱਠੀ ਤੇ ਉਹਨਾਂ ਨੇ ਆਪਣੇ ਗੀਝੇ ‘ਤੇ ਹੱਥ ਮਾਰਿਆ, ਗੀਝਾ ਖ਼ਾਲੀ ਸੀ। ਮੈਂ ਕਾਹਲੀ ਨਾਲ ਬਾਹਰ ਜਾਣ ਲੱਗਾ ਤਾਂ ਮੈਨੂੰ ਕਹਿੰਦੇ, ਖੜ੍ਹ ਜਾ ਓਏ ਸ਼ਰਾਰਤੀਆ! ਇਹੋ-ਜਿਹਾ ਸਵਾਦ ਤਾਂ ਕਿਸੇ ਸੱਤ-ਬੇਗਾਨੇ ਵੱਲੋਂ ਦਿੱਤੀ ਗਈ ਸ਼ਾਬਾਸ਼ ‘ਚ ਵੀ ਨਹੀਂ ਆਉਂਦਾ ਜਿਹੜਾ ਮਾਪਿਆਂ ਦੀ ਝਿੜਕ ਤੇ ਥਾਪਿਆਂ ਨਾਲ਼ ਕੀਤੀ ਸੇਵਾ ਵਿੱਚ ਆਉਂਦਾ ਹੈ।

ਪਰ ਅੱਜ-ਕੱਲ੍ਹ ਇਹ ਮੋਹ ਦੀਆਂ ਤੰਦਾਂ ਜ਼ਮੀਨ-ਜਾਇਦਾਦਾਂ, ਧਨ-ਦੌਲਤਾਂ ਵਿੱਚ ਬੁਰੀ ਤਰ੍ਹਾਂ ਉਲਝ ਕੇ ਟੁੱਟ ਰਹੀਆਂ ਹਨ। ਰਿਸ਼ਤਿਆਂ ਵਿੱਚ ਉਹ ਕਸ਼ਿਸ਼ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਮੋਬਾਈਲ ਇੰਟਰਨੈੱਟ ਨੇ ਇੱਕ ਘਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀ ਅਜ਼ਨਬੀ ਬਣਾ ਦਿੱਤਾ ਹੈ।

ਅੱਜ-ਕੱਲ੍ਹ ਤਾਂ ਸਾਨੂੰ ਆਪਣਾ-ਆਪ ਇਕੱਲਾ-ਇਕੱਲਾ ਜਿਹਾ ਲੱਗਦਾ ਰਹਿੰਦਾ ਹੈ। ਕਿਉਂਕਿ ਜਿਨ੍ਹਾਂ ਨਾਲ ਸਾਡਾ ਮੋਹ ਸੀ, ਉਹ ਹੁਣ ਰਹੇ ਨਹੀਂ, ਜਿਹੜੇ ਸਾਡੇ ਕੋਲ ਹਨ, ਉਹਨਾਂ ਨਾਲ ਮੋਹ ਨਹੀਂ ਹੈ। ਲੋਕੀਂ ਹੌਲੀ-ਹੌਲੀ ਪੁਰਾਤਨਤਾ ਵੱਲ ਮੁੜ ਰਹੇ ਹਨ। ਜਿਵੇਂ ਪਿੱਤਲ ਦੇ ਭਾਂਡੇ ਵਰਤਣਾ, ਸਾਈਕਲ ਚਲਾਉਣਾ, ਕਾਦਰ ਦੀ ਕੁਦਰਤ ਨੂੰ ਮਾਣਨਾ, ਪਹਾੜਾਂ-ਉਜਾੜਾਂ ਵਿੱਚ ਖੋਜਾਂ ਕਰਨਾ ਆਦਿ। ਕਿੰਨਾ ਚੰਗਾ ਹੋਵੇ ਕਿ ਆਪਣਿਆਂ ਦੇ ਵੀ ਨੇੜੇ ਆਈਏ। ਨਿਰਮਲ ਹਿਰਦੇ ਤੇ ਖੁੱਲ੍ਹੀ ਸੋਚ ਦੇ ਮਾਲਿਕ ਬਣੀਏ।
ਜਗਸੀਰ ਸਿੰਘ ਤਾਜ਼ੀ
ਮੋ. 99889-95533

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।