ਚੀਨ ਦੀ ਧਮਕੀ: ਸਰਹੱਦ ਤੋਂ ਤੁਰੰਤ ਫੌਜ ਹਟਾਏ ਭਾਰਤ

Indo China Border

ਨਵੀਂ ਦਿੱਲੀ: ਸਿੱਕਮ ਸਰਹੱਦ ‘ਤੇ ਭਾਰਤ ਅਤੇ ਚੀਨ ਦੀ ਫੌਜ ਆਹਮੋ ਸਾਹਮਣੇ ਖੜ੍ਹੀ ਹੈ। ਇਸ ਕਾਰਨ ਹਾਲਾਤ ਦੀ ਸਮੀਖਿਆ ਕਰਨ ਲਈ ਥਲ ਸੈਨਾ ਮੁਖੀ ਬਿਪਿਨ ਰਾਵਤ ਵੀਰਵਾਰ ਨੂੰ ਸਿੱਕਮ ਪਹੁੰਚੇ। ਇਸ ਦਰਮਿਆਨ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਨੇ ਭਾਰਤ ਨੂੰ ਆਪਣੀ ਫੌਜ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕੀਤੀ ਹੈ। ਕਾਂਗ ਨੇ ਕਿਹਾ ਕਿ ਅਸੀਂ ਭਾਰਤ ਨੂੰ ਆਪਣੀ ਫੌਜ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕਰਦੇ ਹਾਂ। ਦੋਵੇਂ ਦੇਸ਼ਾਂ ਦਰਮਿਆਨ ਸਮਝੌਤੇ ਅਤੇ ਗੱਲਬਾਤ ਲਈ ਇਹ ਪਹਿਲੀ ਸ਼ਰਤ ਹੈ।

ਕੁਝ ਦਿਨਾਂ ਪਹਿਲਾਂ ਸ਼ੁਰੂ ਹੋਇਆ ਸੀ ਰੱਫੜ

ਪਿਛਲੇ ਦਿਨੀਂ ਸਿੱਕਮ ਸੈਕਟਰ ਦੇ ਡੋਂਗਲਾਂਗ ਵਿੱਚ ਚੀਨ ਵੱਲੋਂ ਸੜਕ ਬਣਾਉਣ ਦਾ ਭਾਰਤੀ ਫੌਜੀਆਂ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਚੀਨੀ ਫੌਜੀਆਂ ਨੇ ਸਿਕੱਮ ਸੈਕਟਰ ਵਿੱਚ ਭਾਰਤ ਦੇ ਦੋ ਬੰਕਰਾਂ ਨੂੰ ਤੋੜ ਦਿੱਤਾ। ਚੀਨ ਇਸ ਨੂੰ ਆਪਣੀ ਹੱਦ ਵਿੱਚ ਦੱਸ ਰਿਹਾ ਹੈ। ਭਾਰਤੀ ਫੌਜ਼ ਨੇ ਚੀਨੀ ਫੌਜ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਉਦੋਂ ਤੋਂ ਦੋਵੇਂ ਦੇਸ਼ਾਂ ਦੇ ਹਜ਼ਾਰਾਂ ਫੌਜੀ ਆਹਮੋ ਸਾਹਮਣੇ ਖੜ੍ਹੇ ਹਨ ਚੀਨ ਸਰਹੱਦ ‘ਤੇ ਭਾਰਤ ਨੇ ਆਪਣੀਆਂ ਤਿਆਰੀਆਂ ਮਜ਼ਬੂਤ ਕੀਤੀਆਂ ਹਨ ਅਤੇ ਪੁਰਾਣੇ ਬੰਕਰਾਂ ਦੀ ਜਗ੍ਹਾ ਨਵੇਂ ਬੰਕਰਾਂ ਦੀ ਭਾਰਤੀ ਫੌਜ ਦੇ ਨਿਰਮਾਣ ਕਾਰਜਾਂ ਨੂੰ ਚੀਨ ਹਜ਼ਮ ਨਹੀਂ ਕਰ ਰਿਹਾ ਅਤੇ ਇਸ ਨੂੰ ਉਕਸਾਊ ਕਾਰਵਾਈ ਦੱਸ ਰਿਹਾ ਹੈ।

ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ

ਚੀਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਮੀਦ ਹੈ ਕਿ ਦੇਸ਼ ਹੋਰ ਦੇਸ਼ਾ ਦੀ ਅਖੰਡਤਾ ਦਾ ਸਨਮਾਨ ਕਰੇ। ਚੀਨ ਭੂਟਾਨ ਸਰਹੱਦ ਐਲਾਨੀ ਨਹੀਂ ਹੈ, ਕਿਸੇ ਤੀਜੀ ਧਿਰ ਨੂੰ ਇਸ ਮਾਮਲੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਅਤੇ ਗੈਰ ਜਿੰਮੇਵਾਰਾਨਾ ਟਿੱਪਣੀ ਜਾਂ ਕਾਰਵਾਈ ਨਹੀਂ ਕਰਨੀ ਚਾਹੀਦੀ। ਚੀਨ ਨੇ ਭਾਰਤ ‘ਤੇ ਗੁਪਤ ਏਜੰਡੇ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜੇਕਰ ਕੋਈ ਤੀਜੀ ਧਿਰ, ਗੁਪਤ ਏਜੰਡੇ ਨਾਲ, ਦਖਲ ਕਰਦੀ ਹੈ ਤਾਂ ਇਹ ਭੂਟਾਨ ਦੀ ਅਖੰਡਤਾ ਦਾ ਅਪਮਾਨ ਹੈ। ਅਸੀਂ ਅਜਿਹਾ ਨਹੀਂ ਵੇਖਣਾ ਚਾਹੁੰਦੇ ਕਿਉਂਕਿ ਭੂਟਾਨ ਕੌਮਾਂਤਰੀ ਭਾਈਚਾਰੇ ਵੱਲੋਂ ਅਖੰਡਤਾ ਦਾ ਹੱਕਦਾਰ ਹੈ। ਚੀਨ ਨੇ ਸਿੱਕਮ ਸੈਕਟਰ ਵਿੱਚ ਸੜਕ ਨਿਰਮਾਣ ਨੂੰ ਜਾਇਜ਼ ਦੱਸਿਆ ਅਤੇ ਜ਼ੋਰ ਦਿੱਤਾ ਇਹ ਚੀਨੀ ਖੇਤਰ ਵਿੱਚ ਬਣਾਇਆ ਜਾ ਰਿਹਾ ਹੈ ਜੋ ਨਾ ਤਾਂ ਭਾਰਤ ਦਾ ਅਤੇ ਨਾ ਹੀ ਭੂਟਾਨ ਦਾ ਹੈ।

ਚੀਨ ਬੌਖਲਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਤੋਂ ਵੀ ਚੀਨ ਕਾਫ਼ੀ ਬੌਖਲਾਇਆ ਹੋਇਆ ਹੈ। ਟਰੰਪ ਮੋਦੀ ਦੀ ਦੋਸਤੀ ਦੀਆਂ ਤਸਵੀਰਾਂ ਤੋਂ ਬਾਅਦ ਚੀਨ ਦੀ ਪ੍ਰਤੀਕਿਰਆ ਆਈ ਸੀ ਕਿ ਭਾਰਤ ਗੁਟ ਨਿਰਪੱਖਤਾ ਦੀ ਆਪਣੀ ਨੀਤੀ ਛੱਡ ਕੇ ਅਮਰੀਕਾ ਦੇ ਨਾਲ ਚੀਨ ਦੇ ਖਿਲਾਫ਼ ਖੜ੍ਹਾ ਹੋ ਰਿਹਾ ਹੈ। ਇਹ ਭਾਰਤ ਲਈ ਤਬਾਹਕਾਰੀ ਸਾਬਤ ਹੋ ਸਕਦਾ ਹੈ।