ਪੰਜਾਬ ’ਚ ਹੜ੍ਹਾਂ ਸਬੰਧੀ ਮੁੱਖ ਮੰਤਰੀ ਦਾ ਆਇਆ ਵੱਡਾ ਬਿਆਨ

Chief Minister

ਮੈਂ ਪਾਣੀ ਦੇ ਹਾਲਾਤਾਂ ’ਤੇ ਖੁਦ ਨਿਗਾ ਰੱਖ ਰਿਹਾ ਹਾਂ : ਮੁੱਖ ਮੰਤਰੀ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਲੋਕਾਂ ਨੂੰ ਸੰਕਟ ਵਿੱਚੋਂ ਕੱਢਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹ ਪਠਾਨਕੋਟ ਤੋਂ ਸਰਦੂਲਗੜ੍ਹ ਤੱਕ ਸੂਬਾ ਭਰ ਵਿਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਉਤੇ ਨਿਰੰਤਰ ਨਿਗਰਾਨੀ ਰੱਖ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਕਾਰਨ ਸੂਬੇ ਵਿਚ ਪੈਦਾ ਹੋਏ ਹਾਲਾਤ ਉਤੇ ਉਨ੍ਹਾਂ ਨੇ ਨਿੱਜੀ ਤੌਰ ਉਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹ ਪੀੜਤ ਲੋਕਾਂ ਨੂੰ ਸਮੇਂ ਸਿਰ ਰਾਹਤ ਪਹੁੰਚਾਏ ਜਾਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਔਖੀ ਘੜੀ ਵਿਚ ਲੋਕਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀ ਮਦਦ ਦਿੱਤੀ ਜਾ ਰਹੀ ਹੈ।

ਬਚਾਅ ਕਾਰਜ ਵੱਡੇ ਪੱਧਰ ਉਤੇ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਮੰਤਰੀ, ਉਚ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਮਸ਼ੀਨਰੀ ਪਹਿਲਾਂ ਹੀ ਲੋਕਾਂ ਦੀ ਇਮਦਾਦ ਲਈ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਰਾਹਤ ਤੇ ਬਚਾਅ ਕਾਰਜ ਵੱਡੇ ਪੱਧਰ ਉਤੇ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਮਾਨ ਨੇ ਇਸ ਔਖੇ ਸਮੇਂ ਵਿਚ ਤਨ-ਮਨ ਨਾਲ ਲੋਕਾਂ ਦੀ ਸੇਵਾ ਵਿਚ ਜੁਟੀਆਂ ਗੈਰ-ਸਰਕਾਰੀ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਦੀ ਭਰਵੀਂ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ ਤੇ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਦੀ ਦੁੱਖ-ਤਕਲੀਫਾਂ ਘਟਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। (Floods in Punjab)

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਭਰਪਾਈ ਕਰੇਗੀ। ਉਨ੍ਹਾਂ ਅੱਗੇ ਦੱਸਿਆ ਕਿ ਭਾਰੀ ਮੀਂਹ ਕਾਰਨ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਪਤਾ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਫਸਲਾਂ, ਘਰਾਂ, ਪਸ਼ੂਆਂ ਆਦਿ ਦੀ ਗਿਰਦਾਵਰੀ ਪਹਿਲ ਦੇ ਆਧਾਰ ਉਤੇ ਕਰਵਾਉਣ ਦੀਆਂ ਵਿਸਥਾਰਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ। ਤੁਹਾਨੂੰ ਦੱਸ ਦਈਏ ਕਿ ਕਈ ਦਿਨਾਂ ਤੋਂ ਸਤਲੁਜ ਦੇ ਪਾਣੀ ਨੇ ਜ਼ਿਲ੍ਹਾ ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਮੋਗਾ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸੈਂਕੜੇ ਪਿੰਡਾਂ ਨੂੰ ਆਪਣੇ ਕਲਾਵੇ ਵਿੱਚ ਲੈ ਰੱਖਿਆ ਹੈ।

ਪਾਣੀ ਹੀ ਪਾਣੀ

ਇਸੇ ਤਰ੍ਹਾਂ ਹੀ ਘੱਗਰ ਦੇ ਪਾਣੀ ਨੇ ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ ਦੇ ਸਰਦੂਲਗੜ੍ਹ ਤੱਕ ਤਬਾਹੀ ਮਚਾਈ ਹੈ। ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਸਰਦੂਲਗੜ੍ਹ ਤੱਕ ਜਿੱਧਰ ਵੀ ਨਜ਼ਰ ਮਾਰੀਏ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਘੱਗਰ ਨੇ ਸਰਦੂਲਗੜ੍ਹ ਸ਼ਹਿਰ ਨੂੰ ਚਫੇਰਿਓਂ ਘੇਰ ਰੱਖਿਆ ਹੈ। ਮੌਕੇ ’ਤੇ ਫੌਜ, ਐੱਨਡੀਆਰਐਫ਼ ਤੇ ਸਮਾਜ ਸੇਵੀ ਸੰਸਥਾਵਾਂ ਸਥਾਨਕ ਲੋਕਾਂ ਨਾਲ ਮਿਲ ਕੇ ਇਸ ਆਫ਼ਤ ਦੀ ਘੜੀ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਦਰਿਆ ਦਾ ਮੂੰਹ ਮੋੜਨ ਡਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ