ਚਕਮਾ ਦੇ ਕੇ ਅਕਾਲੀਆਂ ਘੇਰੀ ਮੁੱਖ ਮੰਤਰੀ ਦੀ ਕੋਠੀ 

Chief Minister, Office, Akali Dal, Chakma

ਇਤਿਹਾਸ ਦੀ ਪੁਸਤਕ ਮਾਮਲੇ ‘ਚ ਤੋੜ ਦਿੱਤੇ ਬੈਰੀਕੇਡ, ਪੁਲਿਸ ਨੂੰ ਪਈਆਂ ਭਾਜੜਾਂ

ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੀ ਪੁਲਿਸ ਨੇ ਗੱਡੀਆਂ ਦੀ ਬੈਰੀਕੇਡ ਲਾ ਮੁਸ਼ਕਲ ਨਾਲ ਅਕਾਲੀਆਂ ਨੂੰ ਰੋਕਿਆ

ਪ੍ਰੈਸ ਕਾਨਫਰੰਸ ਵਿੱਚ ਹੀ ਕੀਤੀ ਰੱਦ, ਕੋਰ ਕਮੇਟੀ ਨੇ ਲਿਆ ਫੈਸਲਾ

ਅਸ਼ਵਨੀ ਚਾਵਲਾ, ਚੰਡੀਗੜ੍ਹ

ਚੰਡੀਗੜ੍ਹ ਵਿਖੇ ਕੋਰ ਕਮੇਟੀ ਦੀ ਮੀਟਿੰਗ ਤੋਂ ਤੁਰੰਤ ਬਾਅਦ ਪ੍ਰੈਸ ਕਾਨਫਰੰਸ ਦੀ ਤਿਆਰੀ ਕਰੀ ਬੈਠੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਪੈਂਤੜਾ ਬਦਲਦੇ ਹੋਏ ਅਚਾਨਕ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵੱਲ ਰੁਖ ਕਰ ਲਿਆ ਅਤੇ ਚੰਡੀਗੜ੍ਹ ਪੁਲਿਸ ਦੇ ਬੈਰੀਕੇਡਾਂ ਨੂੰ ਤੋੜਦੇ ਹੋਏ ਆਗੂ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਪੁੱਜ ਗਏ। ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤੈਨਾਤ ਸੁਰੱਖਿਆ ਕਰਮਚਾਰੀਆਂ ਨੇ ਸੁਖਬੀਰ ਬਾਦਲ ਸਣੇ ਸਾਰੀ ਅਕਾਲੀ ਲੀਡਰਸ਼ਿਪ ਨਾਲ ਕਾਫ਼ੀ ਜ਼ਿਆਦਾ ਧੱਕਾ-ਮੁੱਕੀ ਕਰਕੇ ਤੇ ਗੱਡੀਆਂ ਰਾਹੀਂ ਰਸਤਾ ਰੋਕ ਕੇ ਬੜੀ ਹੀ ਮੁਸ਼ਕਲ ਨਾਲ ਅਕਾਲੀਆ ਨੂੰ ਕਾਬੂ ਕੀਤਾ।

ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਹੱਥਾਂ ਵਿੱਚ ਫੜੇ ਹੋਏ ਬੋਰਡ ਅਤੇ ਤਖਤੀਆਂ ਇਸ ਗੱਲ ਦੀ ਗਵਾਹੀ ਦੇ ਰਹੀਆਂ ਸਨ ਕਿ ਅਮਰਿੰਦਰ ਸਿੰਘ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ ਪਰ ਇਸ ਸਬੰਧੀ ਕਿਸੇ ਨੂੰ ਵੀ ਕੰਨੋਂ ਕੰਨ ਭਿਣਕ ਨਹੀਂ ਦਿੱਤੀ ਅਤੇ ਇਸ ਮਾਮਲੇ ਵਿੱਚ ਪੰਜਾਬ ਦਾ ਖੂਫੀਆ ਤੰਤਰ ਵੀ ਫੇਲ੍ਹ ਨਜ਼ਰ ਆਇਆ|

ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਸਵੇਰੇ ਚੰਡੀਗੜ੍ਹ ਵਿਖੇ ਅਮਰਿੰਦਰ ਸਿੰਘ ਦੀ ਕੋਠੀ ਨੇੜੇ ਐਮ.ਐਲ.ਏ.  ਫਲੈਟ ਵਿੱਚ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੋਈ ਸੀ, ਜਿਸ ਵਿੱਚ ਕਈ ਸੀਨੀਅਰ ਲੀਡਰਾਂ ਦੇ ਨਾਲ ਹੀ ਅਕਾਲੀ ਦਲ ਦੀ ਵੱਡੇ ਪੱਧਰ ‘ਤੇ ਲੀਡਰਸ਼ਿਪ ਚੰਡੀਗੜ੍ਹ ਵਿਖੇ ਆਈ ਹੋਈ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ 12:30 ‘ਤੇ ਸੁਖਬੀਰ ਬਾਦਲ ਅਤੇ ਹੋਰ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਬਾਅਦ ਵਿੱਚ ਲਗਭਗ 12:45 ‘ਤੇ ਇਹ ਦੱਸਿਆ ਗਿਆ ਕਿ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਨਹੀਂ ਕਰਨਗੇ, ਸਗੋਂ ਉਹ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਨੂੰ ਘੇਰਨ ਲਈ ਨਿਕਲ ਗਏ ਹਨ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਜਦੋਂ ਤੱਕ ਜਾਣਕਾਰੀ ਮਿਲ ਪਾਉਂਦੀ ਉਸ ਸਮੇਂ ਤੱਕ ਅਕਾਲੀ ਲੀਡਰ ਵੱਡੀ ਗਿਣਤੀ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦੇ ਨੇੜੇ ਪੁੱਜ ਗਏ, ਜਿਥੇ ਕਿ ਚੰਡੀਗੜ੍ਹ ਪੁਲਿਸ ਦੇ ਲਗਭਗ 10 ਪੁਲਿਸ ਮੁਲਾਜ਼ਮਾਂ ਨੇ ਬੈਰੀਕੇਡਿੰਗ ਕਰਦੇ ਹੋਏ ਅਕਾਲੀਆਂ ਨੂੰ ਰੋਕਣ ਦੀ ਕੋਸ਼ਸ਼ ਕੀਤੀ

ਪਰ ਅਕਾਲੀਆਂ ਨੇ ਬੈਰੀਕੇਡ ਤੋੜਨ ਵਿੱਚ ਕਾਮਯਾਬ ਹੋ ਗਏ ਅਤੇ ਅੱਗੇ ਵਧ ਗਏ, ਜਿੱਥੇ ਕਿ ਮੁੱਖ ਮੰਤਰੀ ਦੀ ਕੋਠੀ ਵਿਖੇ ਲੱਗੇ ਸੁਰੱਖਿਆ ਮੁਲਾਜ਼ਮਾਂ ਨੂੰ ਹੱਥ-ਪੈਰਾਂ ਦੀ ਪੈ ਗਈ ਅਤੇ ਕੁਝ ਸੁਰੱਖਿਆ ਮੁਲਾਜ਼ਮਾਂ ਨੇ ਅਮਰਿੰਦਰ ਸਿੰਘ ਦੀ ਕੋਠੀ ਤੋਂ ਕੁਝ ਹੀ ਦੂਰੀ ‘ਤੇ 3-4 ਗੱਡੀਆਂ ਅੜਾ ਕੇ ਰਸਤਾ ਰੋਕ ਦਿੱਤਾ ਤਾਂ 25-30 ਸੁਰੱਖਿਆ ਮੁਲਾਜ਼ਮਾਂ ਨੇ ਅਕਾਲੀਆਂ ਨਾਲ ਧੱਕਾ ਮੁੱਕੀ ਕਰਦੇ ਹੋਏ ਉਨ੍ਹਾਂ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕਰ ਲਈ। ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਕਥਿਤ ਛੇੜ-ਛਾੜ ਵਾਲੀ ਕਿਤਾਬ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।

ਅਕਾਲੀਆਂ ਨੂੰ ਕੀਤਾ ਗ੍ਰਿਫ਼ਤਾਰ, ਥਾਣੇ ਅੰਦਰ ਹੀ ਲਾਇਆ ਧਰਨਾ

ਚੰਡੀਗੜ੍ਹ ਪੁਲਿਸ ਨੇ ਲਗਭਗ ਇੱਕ ਘੰਟਾ ਬਾਅਦ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਵੱਡੀ ਗਿਣਤੀ ਵਿੱਚ ਲੀਡਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਸੈਕਟਰ 3 ਦੇ ਥਾਣੇ ਵਿਖੇ ਲੈ ਗਏ। ਜਿਥੇ ਪਹੁੰਚਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਥਾਣੇ ਅੰਦਰ ਹੀ ਪੰਜਾਬ ਸਰਕਾਰ ਤੇ ਅਮਰਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦੇ ਦਿੱਤਾ ਤੇ ਕੁਝ ਦੇਰ ਬਾਅਦ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।

ਸੁਖਬੀਰ ਬਾਦਲ ਇਸ ਕ੍ਰੋਧ ਭਰੀ ਕਾਰਵਾਈ ਰਾਹੀਂ ਸ਼੍ਰੋਮਣੀ ਅਕਾਲੀ ਦਲ ਵਿਚਲੇ ਸੰਕਟ ਤੋਂ ਲੋਕਾਂ ਦਾ ਧਿਆਨ ਹਟਾਉਣ ਦਾ ਯਤਨ ਕਰ ਰਿਹਾ ਹੈ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਗਾਵਤ ਦਾ ਸਾਹਮਣਾ ਕਰਨਾ ਪੈ?ਚੁੱਕਾ ਹੈ ਅਸੀਂ ਪਹਿਲਾਂ ਹੀ ਨਿਰਦੇਸ਼ ਦੇ ਚੁੱਕੇ ਹਾਂ ਕਿ ਇਤਿਹਾਸ ਦੀਆਂ ਨਵੀਆਂ ਪੁਸਤਕਾਂ ਉਦੋਂ ਤੱਕ ਜਾਰੀ ਨਹੀਂ ਕੀਤੀਆਂ ਜਾਣਗੀਆਂ ਜਦੋਂ ਤੱਕ ਮਾਹਿਰਾਂ ਦੇ ਗਰੁੱਪ ਵੱਲੋਂ ਲੋੜੀਂਦਾ ਸੁਧਾਰ ਨਹੀਂ ਕੀਤਾ ਜਾਂਦਾ

ਅਮਰਿੰਦਰ ਸਿੰਘ, 
ਮੁੱਖ ਮੰਤਰੀ ਪੰਜਾਬ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।