ਜਹਿਰੀਲੀ ਸ਼ਰਾਬ ਦੀਆਂ ਜੜਾਂ ਮੁੱਖ ਮੰਤਰੀ ਦਫਤਰ ਤੱਕ ਪੁੱਜਦੀਆਂ ਦੇਖ ਕਾਂਗਰਸ ‘ਚ ਹਫੜਾ ਦਫੜੀ : ਚੀਮਾ

Sukhbir badal
The strange decision of the Akali Dal

ਕਾਂਗਰਸ ਸਰਕਾਰ ਇਸ ਗੱਲ ਤੋਂ ਘਬਰਾਈ ਕਿ ਨਿਰਪੱਖ ਜਾਂਚ ‘ਚ ਮੁੱਖ ਮੰਤਰੀ ਤੇ ਉਨਾਂ ਦੀ ਜੁੰਡਲੀ ਫਸ ਜਾਣਗੇ : ਡਾ. ਦਲਜੀਤ ਸਿੰਘ ਚੀਮਾ

ਵਿਧਾਇਕਾਂ ਦੇ ਗੁਨਾਹਾਂ ‘ਤੇ ਪਰਦਾ ਪਾਉਣ ਲਈ ਜਾ ਰਹੀ ਐ ਚਾਪਲੂਸ ਮੰਤਰੀਆਂ ਦੀਆਂ ਸੇਵਾਵਾਂ

ਚਾਰੋ ਮੰਤਰੀ ਦੱਸਣ ਕਿ ਪਟਿਆਲਾ ਵਿਚ ਨਜਾਇਜ਼ ਡਿਸਟੀਲਰੀ ਦੇ ਪਿਛੇ ਦੋ ਵਿਧਾਇਕਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ

ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵਿਚ ਇਸ ਗੱਲੋਂ ਹਫੜਾ ਦਫੜੀ ਮਚ ਗਈ ਹੈ ਕਿ ਨਕਲੀ ਸ਼ਰਾਬ ਤ੍ਰਾਸਦੀ ਮਾਮਲੇ ਦੀਆਂ ਜੜਾਂ ਮੁੱਖ ਮੰਤਰੀ ਦਫਤਰ ਤੱਕ ਜਾਂਦੀਆਂ ਹਨ ਤੇ ਇਸੇ ਲਈ ਕਾਂਗਰਸ ਪਾਰਟੀ ਤੇ ਇਸਦੇ ਵਿਧਾਇਕਾਂ ਦੇ ਗੁਨਾਹਾਂ ‘ਤੇ ਪਰਦਾ ਪਾਉਣ ਲਈ ਚਾਪਲੂਸ ਮੰਤਰੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਚਾਰ ਵੱਖ ਵੱਖ ਮੰਤਰੀਆਂ ਦੇ ਨਾਂ ‘ਤੇ ਜਾਰੀ ਕੀਤੇ ਬਿਆਨਾਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੁਰਾਣੀਆਂ ਗੱਲਾਂ ਨੂੰ ਤੋਤੇ ਵਾਂਗ ਬੋਲਣ ਨੇ ਸੰਕੇਤ ਦੇ ਦਿੱਤਾ ਹੈ ਕਿ ਅਮਰਿੰਦਰ ਸਿੰਘ ਤੇ ਉਹਨਾਂ ਦੀ ਜੁੰਡਲੀ ਇਸ ਗੱਲੋਂ ਘਬਰਾ ਗਈ ਹੈ ਕਿ ਜੇਕਰ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀ ਬੀ ਆਈ ਨੇ ਨਿਰਪੱਖ ਜਾਂਚ ਕਰ ਲਈ ਤਾਂ ਫਿਰ ਉਹ ਫਸ ਜਾਣਗੇ।

ਇਸੇ ਲਈ ਕਾਂਗਰਸੀ ਵਿਧਾਇਕਾਂ ਤੇ ਕਾਂਗਰਸ ਪਾਰਟੀ ਨਾਲ ਜੁੜੇ ਡਿਸਟੀਲਰੀ ਮਾਲਕਾਂ ਜੋ ਤਕਰੀਬਨ 150 ਲੋਕਾਂ ਦੇ ਕਤਲ ਦੇ ਜ਼ਿੰਮੇਵਾਰ ਹਨ,  ਨੂੰ ਫੜਨ ਦੀ ਥਾਂ ਚਾਰਾਂ ਮੰਤਰੀਆਂ ਦੀਆਂ ਸੇਵਾਵਾਂ ਲੈ ਕੇ ਇਕ ਝੂਠਾ, ਆਧਾਰਹੀਣ ਤੇ ਸਿਆਸਤ ਤੋਂ ਪ੍ਰੇਰਤ ਹਮਲਾ ਸ਼੍ਰੋਮਣੀ ਅਕਾਲੀ ਦਲ ‘ਤੇ ਕੀਤਾ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਉਦੋਂ ਤੱਕ ਟਿਕ ਕੇ ਨਹੀਂ ਬੈਠੇਗਾ ਜਦੋਂ ਤੱਕ ਸੂਬੇ ਦੇ ਇਤਿਹਾਸ ਵਿਚ ਨਕਲੀ ਸ਼ਰਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤ੍ਰਾਸਦੀ ਦੇ ਪੀੜਤਾਂ ਨੂੰ ਨਿਆਂ ਨਹੀਂ ਮਿਲ ਜਾਂਦਾ।

ਅਕਾਲੀ ਆਗੂ ਨੇ ਚਾਰਾਂ ਮੰਤਰੀਆਂ, ਜਿਹਨਾਂ ਨੇ ਕਤਲਾਂ ਨੂੰ ਸਹੀ ਠਹਿਰਾਉਣ ਦਾ ਯਤਨ ਕੀਤਾ, ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕਾਂਗਰਸ ਸਰਕਾਰ ਨੇ  ਪਟਿਆਲਾ ਜ਼ਿਲੇ ਵਿਚ ਰਾਜਪੁਰਾ ਵਿਖੇ ਫੜੀ ਗਈ ਨਜਾਇਜ਼ ਡਿਸਟੀਲਰੀ ਦੇ ਮਾਮਲੇ ਵਿਚ ਦੋ ਕਾਂਗਰਸੀ ਵਿਧਾਇਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਜੇਕਰ ਵਿਧਾਇਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਫਿਰ ਇਹ 150 ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਸਰਕਾਰ ਹਾਲੇ ਵੀ ਕੇਸ ਦੀਆਂ ਫਾਈਲਾਂ ਐਨਫੋਰਸਮੈਂਟ ਡਾਇਰੈਕਟੋਰੈਟ (ਈ ਡੀ) ਨੂੰ ਨਾ ਦੇ ਕੇ ਵਿਧਾਇਕਾਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ।

Congress, Created, Lead, Punjab

ਉਹਨਾਂ ਨੇ ਚਾਰਾਂ ਮੰਤਰੀਆਂ ਨੂੰ ਇਹ ਵੀ ਆਖਿਆ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਮਾਝਾ ਇਲਾਕੇ ਦੇ ਉਹਨਾਂ ਚਾਰ ਵਿਧਾਇਕਾਂ ਨੂੰ ਬਚਾਉਣ ਦਾ ਯਤਨ ਕਿਉਂ ਕਰ ਰਹੇ ਹਨ ਜਿਹਨਾਂ ‘ਤੇ ਨਕਲੀ ਸ਼ਰਾਬ ਤ੍ਰਾਸਦੀ ਦੇ ਪੀੜਤ ਪਰਿਵਾਰਾਂ ਨੇ ਨਕਲੀ ਸ਼ਰਾਬ ਸਪਲਾਈ ਕਰਨ ਦੇ ਦੋਸ਼ ਲਗਾਏ ਹਨ।  ਉਹਨਾਂ ਕਿਹਾ ਕਿ ਇਸੇ ਤਰੀਕੇ ਮੰਤਰੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਦੋਂ ਸਾਬਕਾ ਮੁੱਖ ਸਕੱਤਰ ਨੇ ਮੰਤਰੀਆਂ  ‘ਤੇ ਆਬਕਾਰੀ ਵਿਭਾਗ ਦੇ ਘਾਟੇ ਲਈ ਜ਼ਿੰਮੇਵਾਰ ਹੋਣ ਦੇ ਦੋਸ਼ ਲਗਾਏ ਤਾਂ ਉਹਨਾਂ ਨੇ ਉਹਨਾਂ ਖਿਲਾਫ ਦੂਸ਼ਣਬਾਜ਼ੀ ਕਿਉਂ ਕੀਤੀ ਤੇ ਬਾਅਦ ਵਿਚ ਉਸ ਨਾਲ ਸਮਝੌਤਾ ਕਿਉਂ ਕਰ ਲਿਆ। ਉਹਨਾਂ ਕਿਹਾ ਕਿ ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਤੁਸੀਂ 5600 ਕਰੋੜ ਰੁਪਏ ਦੇ ਆਬਕਾਰੀ ਮਾਲੀਆ ਘਾਟੇ ਅਤੇ 150 ਮੌਤਾਂ ਲਈ ਜ਼ਿੰਮੇਵਾਰ ਹੋ ਕਿਉਂਕਿ ਇਹ ਮੰਤਰੀ ਵੀ  ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਸਪੀਰਿਟ ਦੀ ਵਿਕਰੀ ਦੇ ਕੰਮ ਵਿਚ ਲੱਗੇ ਹੋਏ ਕਾਂਗਰਸੀਆਂ ਤੇ ਡਿਸਟੀਲਰੀਆਂ ਦੇ ਖਿਲਾਫ ਕਾਰਵਾਈ ਕਰਨ ਵਿਚ ਅਸਫਲ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ