ਚੰਦਰਯਾਨ-2: ਚੱਲਿਆ ਚੰਨ ਦੇ ਪਾਰ

Chandradhan-2, Walking, Moon

ਪ੍ਰਮੋਦ ਭਾਰਗਵ

ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਚੰਨ ‘ਤੇ ਚੰਦਰਯਾਨ-2 ਪੁਲਾੜ ਵੱਲ ਭੇਜ ਦਿੱਤਾ ਹੈ। ਇਹ ਯਾਨ ਇਸਰੋ ਮੁਖੀ ਕੇ. ਸਿਵਨ ਦੀ ਅਗਵਾਈ ਵਿੱਚ ਸ਼੍ਰੀਹਰੀ ਕੋਟਾ ਦੇ ਪੁਲਾੜ ਕੇਂਦਰ ਤੋਂ ਬੀਤੇ ਦਿਨ ਦੁਪਹਿਰ 2 ਵੱਜ ਕੇ 43 ਮਿੰਟ ‘ਤੇ ਛੱਡਿਆ ਗਿਆ। 3 ਲੱਖ 75 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ਸਤੰਬਰ 2019 ਨੂੰ ਚੰਨ ਦੇ ਦੱਖਣੀ ਧਰੁਵ ਦੀ ਧਰਤੀ ‘ਤੇ ਉੱਤਰੇਗਾ। ਇਸ ਯਾਨ ਦਾ 600 ਕਿੱਲੋਗ੍ਰਾਮ ਭਾਰ ਵੀ ਵਧਾਇਆ ਗਿਆ ਹੈ। ਦਰਅਸਲ, ਪ੍ਰਯੋਗਾਂ ਦੌਰਾਨ ਪਤਾ ਲੱਗਾ ਕਿ ਉਪਗ੍ਰਹਿ ‘ਚੋਂ ਜਦੋਂ ਚੰਨ ‘ਤੇ ਉੱਤਰਨ ਵਾਲਾ ਹਿੱਸਾ ਬਾਹਰ ਆਵੇਗਾ ਤਾਂ ਇਹ ਹਿੱਲਣ ਲੱਗੇਗਾ। ਲਿਹਾਜ਼ਾ ਇਸਦਾ ਭਾਰ ਵਧਾਉਣ ਦੀ ਜ਼ਰੂਰਤ ਪਈ। ਹੁਣ ਇਸਦਾ 13 ਸਵਦੇਸ਼ੀ ਵਿਗਿਆਨਕ ਉਪਕਰਨਾਂ ਅਤੇ ਉਪਗ੍ਰਹਿ ਸਮੇਤ ਕੁੱਲ ਭਾਰ 38 ਕੁਇੰਟਲ ਦੇ ਲਗਭਗ ਹੈ। ਸਵਦੇਸ਼ੀ ਜੀਐਸਐਲਬੀ ਮਾਰਕ ਤਿੰਨ ਰਾਕੇਟ ਇਸਨੂੰ ਪੁਲਾੜ ਵਿੱਚ ਪਹੁੰਚਾਏਗਾ। ਇਸਦੇ ਤਿੰਨ ਭਾਗ ਹਨ। ਲੈਂਡਰ, ਆਰਬਿਟਰ ਅਤੇ ਰੋਵਰ। ਰੋਵਰ ਵਿੱਚ ‘ਪ੍ਰਗਿਆਨ’ ਬੇਹੱਦ ਮਹੱਤਵਪੂਰਨ ਹੈ। ਇਹੀ ਪ੍ਰਗਿਆਨ ਚੰਦਰਮੇ ਦੇ ਦੱਖਣੀ ਧੁਰਵ ‘ਤੇ ਉੱਤਰਨ ਤੋਂ ਬਾਅਦ ਆਪਣੇ ਕੰਮ ਵਿੱਚ ਜੁਟ ਜਾਵੇਗਾ। ਇੱਥੋਂ ਦੀ ਸਤ੍ਹਾ ਵਿੱਚ ਪਾਣੀ ਅਤੇ ਖਣਿੱਜਾਂ ਦੀ ਖੋਜ ਕਰੇਗਾ। ਚੰਨ ‘ਤੇ ਹੀਲੀਅਮ ਦੀ ਖੋਜ ਕਰਕੇ ਉਸ ਨਾਲ ਧਰਤੀ ‘ਤੇ ਫਿਊਜਨ ਪ੍ਰਣਾਲੀ ਨਾਲ ਊਰਜਾ ਦੀ ਸਮੱਸਿਆ ਦਾ ਹੱਲ ਕਰਨ ਦੀ ਕਲਪਨਾ ਵਿਗਿਆਨੀਆਂ ਦੇ ਦਿਮਾਗ ਵਿੱਚ ਹੈ। ਦਰਅਸਲ ਫਿਲਹਾਲ ਚੰਨ ‘ਤੇ ਘੋਰ ਹਨ੍ਹੇਰਾ ਅਤੇ ਸੰਨਾਟਾ ਪਸਰਿਆ ਹੈ। ਇਸ ਲਈ ਬਨਾਉਟੀ ਤਰੀਕਿਆਂ ਨਾਲ ਬਿਜਲੀ ਪੈਦਾ ਕੀਤੀ ਜਾਵੇਗੀ। ਇੱਥੇ ਜੀਵਨਦਾਈ ਤੱਤ ਹਵਾ, ਪਾਣੀ ਅਤੇ ਅੱਗ ਨਹੀਂ ਹਨ। ਇਹ ਤੱਤ ਨਹੀਂ ਹਨ ਇਸ ਲਈ, ਜੀਵਨ ਵੀ ਨਹੀਂ ਹੈ। ਇੱਥੇ ਸਾਢੇ 14 ਦਿਨ ਦੇ ਬਰਾਬਰ ਇੱਕ ਦਿਨ ਹੁੰਦਾ ਹੈ। ਧਰਤੀ ‘ਤੇ ਅਜਿਹਾ ਕਿਤੇ ਨਹੀਂ ਹੈ। ਬਾਵਜੂਦ ਇੱਥੇ ਮਨੁੱਖ ਨੂੰ ਵਸਾਉਣ ਦੀ ਤਿਆਰੀ ਵਿੱਚ ਦੁਨੀਆ ਦੇ ਵਿਗਿਆਨੀ ਜੁਟੇ ਹਨ।

ਖੈਰ, ਚੰਨ ‘ਤੇ ਜੀਵਨ ਦੀਆਂ ਸਥਿਤੀਆਂ ਨੂੰ ਜਾਨਣ ਤੋਂ ਪਹਿਲਾਂ, ਇਸਦੀ ਭੂਗੋਲਿਕ ਸਥਿਤੀ ਨੂੰ ਸਮਝਦੇ ਹਾਂ। ਚੰਨ ਧਰਤੀ ਦਾ ਸਭ ਤੋਂ ਕਰੀਬੀ ਗ੍ਰਹਿ ਹੈ। ਇਸ ਲਈ ਇਸਨੂੰ ਜਾਣਨ ਦੀ ਕਾਹਲੀ ਖਗੋਲ-ਵਿਗਿਆਨੀਆਂ ਨੂੰ ਹਮੇਸ਼ਾ ਰਹੀ ਹੈ। ਦਰਅਸਲ ਜਦੋਂ ਧਰਤੀ ਹੋਂਦ ਵਿੱਚ ਆਈ, ਉਸੇ ਦੇ ਬਰਾਬਰ ਚੰਨ ਦਾ ਨਿਰਮਾਣ ਹੋਇਆ। ਇਹ ਗ੍ਰਹਿ ਜਦੋਂ ਬੀਜ ਰੂਪ ਵਿੱਚ ਸਨ, ਤਦ ਇਨ੍ਹਾਂ ਦੇ ਵਿਕਾਸਕ੍ਰਮ ਦੀ ਸ਼ੁਰੂਆਤ ਛੋਟੇ ਗ੍ਰਹਿਆਂ ਦੇ ਰੂਪ ਵਿੱਚ ਹੋਈ ਸੀ। ਸ਼ੁਰੂਆਤ ਹਾਲਤ ਵਿੱਚ ਇਹ ਦੋਵੇਂ ਗ੍ਰਹਿ-ਬੀਜ ਧਰਤੀ ਦੀ ਜਮਾਤ ਵਿੱਚ ਹੀ ਲੰਮੇ ਸਮੇਂ ਤੱਕ ਘੁੰਮਦੇ ਰਹੇ। ਇਸ ਸਮੇਂ ਵਿੱਚ ਇਹ ਗ੍ਰਹਿ ਆਕਾਸ਼ ਵਿੱਚ ਭਟਕਣ ਵਾਲੇ ਉਲਕਾ-ਪਿੰਡਾਂ, ਛੋਟੇ-ਗ੍ਰਹਿਆਂ ਅਤੇ ਹੋਰ ਘਾਤਕ ਵਸਤੂਆਂ ਦੇ ਵਾਰ ਆਪਣੀ ਛਾਤੀ ‘ਤੇ ਝੱਲਦੇ ਰਹੇ। ਭਾਵ, ਇਨ੍ਹਾਂ ਦਾ ਲਗਾਤਾਰ ਵਿਸਥਾਰ ਹੁੰਦਾ ਰਿਹਾ। ਫਿਰ ਸਮਾਂ ਪਾ ਕੇ ਧਰਤੀ ਅਤੇ ਚੰਨ ਪੂਰਨ ਗ੍ਰਹਿਆਂ ਦੇ ਰੂਪ ਵਿੱਚ ਹੋਂਦ ਵਿੱਚ ਆਏ। ਖਗੋਲ ਵਿਗਿਆਨੀ ਵੀ ਹੁਣ ਮੰਨਣ ਲੱਗੇ ਹਨ ਕਿ ਗ੍ਰਹਿਆਂ ਦੀਆਂ ਨਿਰਮਾਣ ਵਿਧੀਆਂ ਇਹੀ ਹਨ।

ਭਾਰਤੀ ਪੁਲਾੜ ਏਜੰਸੀ ਇਸਰੋ ਪਹਿਲੀ ਵਾਰ ਆਪਣੇ ਯਾਨ ਨੂੰ ਚੰਨ ਦੇ ਦੱਖਣ ਧਰੁਵ ‘ਤੇ ਲਾਹੁਣ ਦੀ ਕੋਸ਼ਿਸ਼ ਵਿੱਚ ਹੈ। ਯਾਦ ਰਹੇ ਭਾਰਤ ਦੁਆਰਾ 2008 ਵਿੱਚ ਭੇਜੇ ਗਏ ਚੰਦਰਯਾਨ-1 ਨੇ ਹੀ ਦੁਨੀਆ ਵਿੱਚ ਪਹਿਲੀ ਵਾਰ ਚੰਨ ‘ਤੇ ਪਾਣੀ ਹੋਣ ਦੀ ਖੋਜ ਕੀਤੀ ਹੈ। ਚੰਦਰਯਾਨ-2 ਇਸ ਅਭਿਆਨ ਦਾ ਵਿਸਥਾਰ ਹੈ। ਇਹ ਅਭਿਆਨ ਮਨੁੱਖ ਨੂੰ ਚੰਨ ‘ਤੇ ਉਤਾਰਨ ਵਰਗਾ ਹੀ ਚਮਤਕਾਰਿਕ ਹੋਵੇਗਾ। ਇਸ ਅਭਿਆਨ ਦੀ ਲਾਗਤ ਕਰੀਬ 800 ਕਰੋੜ ਰੁਪਏ ਆਵੇਗੀ। ਚੰਨ ‘ਤੇ ਉੱਤਰਨ ਵਾਲਾ ਯਾਨ ਹੁਣ ਤੱਕ ਚੰਨੇ ਦੇ ਅਛੂਤੇ ਹਿੱਸੇ ਦੱਖਣ ਧਰੁਵ ਦੇ ਰਹੱਸਾ ਨੂੰ ਫਰੋਲੇਗਾ। ਚੰਦਰਯਾਨ-2 ਇਸਰੋ ਦਾ ਪਹਿਲਾ ਅਜਿਹਾ ਯਾਨ ਹੈ, ਜੋ ਕਿਸੇ ਦੂਜੇ ਗ੍ਰਹਿ ਦੀ ਜ਼ਮੀਨ ‘ਤੇ ਆਪਣਾ ਯਾਨ ਉਤਾਰੇਗਾ। ਦੱਖਣੀ ਧਰੁਵ ‘ਤੇ ਯਾਨ ਨੂੰ ਭੇਜਣ ਦਾ ਉਦੇਸ਼ ਇਸ ਲਈ ਅਹਿਮ ਹੈ, ਕਿਉਂਕਿ ਇਹ ਥਾਂ ਦੁਨੀਆ ਦੇ ਪੁਲਾੜ ਵਿਗਿਆਨੀਆਂ ਲਈ ਹੁਣ ਤੱਕ ਰਹੱਸਮਈ ਬਣੀ ਹੋਈ ਹੈ। ਇੱਥੋਂ ਦੀਆਂ ਚੱਟਾਨਾਂ 10 ਲੱਖ ਸਾਲ ਤੋਂ ਵੀ ਜ਼ਿਆਦਾ ਪੁਰਾਣੀਆਂ ਦੱਸੀਆਂ ਗਈਆਂ ਹਨ। ਇਨ੍ਹਾਂ ਪ੍ਰਾਚੀਨ ਚੱਟਾਨਾਂ ਦੇ ਅਧਿਐਨ ਨਾਲ ਬ੍ਰਹਿਮੰਡ ਦੀ ਉਤਪਤੀ ਨੂੰ ਸਮਝਣ ਵਿੱਚ ਮੱਦਦ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਇਸ ‘ਤੇ ਟੀਚਾ ਸਾਧਣ ਦਾ ਹੋਰ ਉਦੇਸ਼ ਚੰਨ ਦੇ ਇਸ ਖੇਤਰ ਦਾ ਹੁਣ ਤੱਕ ਅਛੂਤਾ ਰਹਿਣਾ ਵੀ ਹੈ। ਦੱਖਣੀ ਧਰੁਪ ‘ਤੇ ਹੁਣ ਤੱਕ ਕੋਈ ਵੀ ਯਾਨ ਨਹੀਂ ਉਤਾਰਿਆ ਗਿਆ ਹੈ। ਹੁਣ ਤੱਕ ਦੇ ਅਭਿਆਨਾਂ ਵਿੱਚ ਜ਼ਿਆਦਾਤਰ ਯਾਨ ਚੰਨ ਦੀ ਭੂਮੱਧ ਰੇਖਾ ਦੇ ਆਸ-ਪਾਸ ਹੀ ਉੱਤਰਦੇ ਰਹੇ ਹਨ। ਚੰਨ ‘ਤੇ ਉੱਤਰਨ ਦੀ ਦਿਲਚਸਪੀ ਇਸ ਲਈ ਵੀ ਹੈ, ਕਿਉਂਕਿ ਇੱਥੇ ਇੱਕ ਤਾਂ ਪਾਣੀ ਉਪਲੱਬਧ ਹੋਣ ਦੀ ਸੰਭਾਵਨਾ ਜੁੜ ਗਈ ਹੈ, ਦੂਜਾ, ਇੱਥੇ ਊਰਜਾ ਉਤਸਰਜਨ ਦੀਆਂ ਸੰਭਾਨਵਾਂ ਨੂੰ ਵੀ ਤਲਾਸ਼ਿਆ ਜਾ ਰਿਹਾ ਹੈ। ਊਰਜਾ ਅਤੇ ਪਾਣੀ ਦੋ ਹੀ ਅਜਿਹੇ ਕੁਦਰਤ ਦੇ ਅਨੋਖੇ ਤੱਤ ਹਨ, ਜੋ ਮਨੁੱਖ ਨੂੰ ਜਿੰਦਾ ਅਤੇ ਗਤੀਸ਼ੀਲ ਬਣਾਈ ਰੱਖ ਸਕਦੇ ਹਨ ।

ਦਰਅਸਲ ਪੁਲਾੜ ਵਿੱਚ ਮੌਜੂਦ ਗ੍ਰਹਿਆਂ ‘ਤੇ ਯਾਨਾਂ ਨੂੰ ਭੇਜਣ ਦੀ ਪ੍ਰਕਿਰਿਆ ਬੇਹੱਦ ਮੁਸ਼ਕਲ ਅਤੇ ਸੰਭਾਵਨਾਵਾਂ ਨਾਲ ਭਰੀ ਹੁੰਦੀ ਹੈ। ਜੇਕਰ ਅਵਰੋਹ ਦਾ ਕੋਣ ਜ਼ਰਾ ਵੀ ਡਿੱਗ ਜਾਵੇ ਜਾਂ ਫਿਰ ਰਫ਼ਤਾਰ ਦਾ ਸੰਤੁਲਨ ਥੋੜ੍ਹਾ ਜਿਹਾ ਹੀ ਡੋਲ ਜਾਵੇ ਤਾਂ ਕੋਈ ਵੀ ਚੰਨ-ਅਭਿਆਨ ਜਾਂ ਤਾਂ ਚੰਨ ‘ਤੇ ਜਾ ਕੇ ਤਬਾਹ ਹੋ ਜਾਂਦਾ ਹੈ, ਜਾਂ ਫਿਰ ਆਕਾਸ਼ ਵਿੱਚ ਕਿਤੇ ਭਟਕ ਜਾਂਦਾ ਹੈ। ਇਸਨੂੰ ਨਾ ਤਾਂ ਭਾਲਿਆ ਜਾ ਸਕਦਾ ਹੈ ਅਤੇ ਨਾ ਹੀ ਕੰਟਰੋਲ ਕਰਕੇ ਦੁਬਾਰਾ ਟੀਚੇ ‘ਤੇ ਲਿਆਇਆ ਜਾ ਸਕਦਾ ਹੈ।

ਇਸ ਲਈ 15 ਜੁਲਾਈ ਨੂੰ ਖਰਾਬੀ ਦਾ ਥੋੜ੍ਹੀ ਜਿਹਾ ਸ਼ੱਕ ਹੋਣ ਤੋਂ ਬਾਅਦ ਇਸਦਾ ਐਨ ਵਕਤ ‘ਤੇ ਪ੍ਰੀਖਣ ਟਾਲ਼ ਦਿੱਤਾ ਸੀ। 1960 ਦੇ ਦਹਾਕੇ ਵਿੱਚ ਜਦੋਂ ਅਮਰੀਕਾ ਨੇ ਉਪਗ੍ਰਹਿ ਭੇਜੇ ਸਨ, ਉਦੋਂ ਉਸਦੇ ਸ਼ੁਰੂ ਦੇ ਛੇ ਪ੍ਰੀਖਣਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਨ। ਅਣਵੰਡੇ ਸੋਵੀਅਤ ਸੰਘ ਨੇ 1959 ਤੋਂ 1976 ਵਿੱਚ 29 ਅਭਿਆਨਾਂ ਨੂੰ ਅੰਜਾਮ ਦਿੱਤਾ। ਇਹਨਾਂ ‘ਚੋਂ ਨੌਂ ਨਾਕਾਮ ਰਹੇ ਸਨ। 1959 ਵਿੱਚ ਰੂਸ ਨੇ ਪਹਿਲਾ ਉਪਗ੍ਰਹਿ ਭੇਜ ਕੇ ਇਸ ਮੁਕਾਬਲੇ ਨੂੰ ਰਫ਼ਤਾਰ ਦੇ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 67 ਚੰਨ-ਅਭਿਆਨ ਹੋ ਚੁੱਕੇ ਹਨ, ਪਰ ਚੰਨ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਜੁਟਾਈ ਜਾ ਸਕੀ ਹੈ। ਇਸ ਹੋੜ ਦਾ ਹੀ ਨਤੀਜਾ ਰਿਹਾ ਕਿ ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਜਾਨ ਐਫ ਕੈਨੇਡੀ ਨੇ ਚੰਨ ‘ਤੇ ਮਨੁੱਖ ਭੇਜਣ ਦਾ ਸੰਕਲਪ ਲੈ ਲਿਆ। 20 ਜੁਲਾਈ 1969 ਨੂੰ ਅਮਰੀਕਾ ਨੇ ਇਹ ਇਤਿਹਾਸਕ ਉਪਲੱਬਧੀ ਵਿਗਿਆਨੀ ਨੀਲ ਆਰਮਸਟਰਾਂਗ ਅਤੇ ਬਜ ਐਲਡਰਿਨ ਨੂੰ ਚੰਨ ‘ਤੇ ਉਤਾਰ ਕੇ ਪ੍ਰਾਪਤ ਵੀ ਕਰ ਲਈ। ਇਸ ਨਾਲ ਕਦਮ ਮਿਲਾਉਂਦੇ ਹੋਏ ਰੂਸ ਨੇ 3 ਅਪਰੈਲ 1984 ਨੂੰ ਵਿਗਿਆਨੀ ਸਨੇਕਾਲੋਵ, ਮਾਲੀਸ਼ੇਵ ਬਾਈਕਾਨੂਰ ਅਤੇ ਰਾਕੇਸ਼ ਸ਼ਰਮਾ ਨੂੰ ਪੁਲਾਡ ਯਾਨ ਸੋਊਜ ਟੀ-11 ਵਿੱਚ ਬਿਠਾ ਕੇ ਚੰਨ ‘ਤੇ ਭੇਜਣ ਦੀ ਸਫ਼ਲਤਾ ਹਾਸਲ ਕੀਤੀ। ਇਸ ਕੜੀ ਵਿੱਚ ਚੀਨ 2003 ਵਿੱਚ ਮਾਨਵਯੁਕਤ ਯਾਨ ਚੰਨ ‘ਤੇ ਉਤਾਰਨ ਵਿੱਚ ਸਫਲ ਹੋ ਚੁੱਕਾ ਹੈ ।

ਰੂਸ ਅਤੇ ਅਮਰੀਕਾ ਹੋਰ ਸਮਾਂ ਪਾ ਕੇ ਚੰਨ-ਅਭਿਆਨਾਂ ਤੋਂ ਇਸ ਲਈ ਪਿੱਛੇ ਹਟ ਗਏ, ਕਿਉਂਕਿ ਇੱਕ ਤਾਂ ਇਹ ਬਹੁਤ ਖਰਚੀਲੇ ਸਨ, ਦੂਜਾ, ਮਾਨਵਯੁਕਤ ਯਾਨ ਭੇਜਣ ਦੇ ਬਾਵਜੂਦ ਚੰਨ ਦੇ ਖਗੋਲੀ ਰਹੱਸਾਂ ਦੇ ਨਵੇਂ ਖੁਲਾਸੇ ਨਹੀਂ ਹੋ ਸਕੇ। ਉੱਥੇ ਮਨੁੱਖੀ ਬਸਤੀਆਂ ਵਸਾਏ ਜਾਣ ਦੀਆਂ ਸੰਭਾਵਨਾਵਾਂ ਵੀ ਨਹੀਂ ਤਲਾਸ਼ੀਆਂ ਜਾ ਸਕੀਆਂ। ਭਾਵ, ਦੋਵਾਂ ਹੀ ਦੇਸ਼ਾਂ ਦੀ ਹੋੜ ਬਿਨਾਂ ਕਿਸੇ ਨਤੀਜੇ ‘ਤੇ ਪੁੱਜੇ ਠੰਢੀ ਪੈਂਦੀ ਚਲੀ ਗਈ। ਪਰ 90 ਦੇ ਦਹਾਕੇ ਵਿੱਚ ਚੰਨ ਨੂੰ ਲੈ ਕੇ ਫਿਰ ਤੋਂ ਦੁਨੀਆ ਦੇ ਸਮਰੱਥਾਵਾਨ ਦੇਸ਼ਾਂ ਦੀ ਦਿਲਚਸਪੀ ਵਧਣ ਲੱਗੀ। ਅਜਿਹਾ ਉਦੋਂ ਹੋਇਆ ਜਦੋਂ ਚੰਨ ‘ਤੇ ਬਰਫੀਲੇ ਪਾਣੀ ਅਤੇ ਭਵਿੱਖ ਦੇ ਬਾਲਣ ਦੇ ਰੂਪ ਵਿੱਚ ਹੀਲੀਅਮ-3 ਦੀ ਵੱਡੀ ਮਾਤਰਾ ਵਿੱਚ ਉਪਲੱਬਧ ਹੋਣ ਦੀਆਂ ਜਾਣਕਾਰੀਆਂ ਮਿਲਣ ਲੱਗੀਆਂ। ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਊਰਜਾ ਉਤਪਾਦਨ ਦੀ ਫਿਊਜਨ ਤਕਨੀਕ ਦੇ ਵਿਵਹਾਰਕ ਹੁੰਦਿਆਂ ਹੀ ਬਾਲਣ ਦੇ ਸਰੋਤ ਵਜੋਂ ਚੰਨ ਦੀ ਉਪਯੋਗਿਤਾ ਵਧ ਜਾਵੇਗੀ। ਇਹ ਸਥਿਤੀ ਆਉਣ ਵਾਲੇ ਦੋ ਦਹਾਕਿਆਂ ਦੇ ਅੰਦਰ ਬਣ ਸਕਦੀ ਹੈ। ਭਾਵ, ਭਵਿੱਖ ਵਿੱਚ ਉਨ੍ਹਾਂ ਦੇਸ਼ਾਂ ਨੂੰ ਇਹ ਬਾਲਣ ਉਪਲੱਬਧ ਹੋ ਪਾਵੇਗਾ, ਜੋ ਹੁਣੇ ਤੋਂ ਚੰਨ ਤੱਕ ਦੀ ਆਵਾਜਾਈ ਨੂੰ ਸਸਤੀ ਤੇ ਲਾਭਦਾਇਕ ਬਣਾਉਣ ਵਿੱਚ ਜੁਟੇ ਹਨ। ਅਜਿਹੇ ਵਿੱਚ ਜਾਪਾਨ ਅਤੇ ਭਾਰਤ ਦਾ ਨਾਲ ਆਉਣਾ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਚੰਨ ਦੇ ਪਰਿਪੱਖ ਵਿੱਚ ਦੋਵਾਂ ਦੀ ਤਕਨੀਕੀ ਯੋਗਤਾ ਆਪਸ ਵਿੱਚ ਪੂਰਕ ਸਿੱਧ ਹੋ ਰਹੀ ਹੈ। ਮੰਗਲ ਹੋਵੇ ਜਾਂ ਫਿਰ ਚੰਨ ਘੱਟ ਲਾਗਤ ਦੇ ਪੁਲਾੜ ਯਾਨ ਭੇਜਣ ਵਿੱਚ ਭਾਰਤ ਨੇ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਲਈ ਹੈ। ਇਸ ਚੰਦਰਯਾਨ-2 ‘ਤੇ 978 ਕਰੋੜ ਰੁਪਏ ਖਰਚ ਆਵੇਗਾ। ਦੂਜੇ ਪਾਸੇ ਜਾਪਾਨ ਨੇ ਹਾਲ ਹੀ ਵਿੱਚ ਚੰਨ ‘ਤੇ 50 ਕਿਮੀ. ਲੰਮੀ ਇੱਕ ਅਜਿਹੀ ਕੁਦਰਤੀ ਸੁਰੰਗ ਖੋਜ ਲਈ ਹੈ, ਜਿਸ ‘ਚੋਂ ਭਿਆਨਕ ਲਾਵਾ ਫੁੱਟ ਰਿਹਾ ਹੈ। ਚੰਨ ਦੀ ਸਤ੍ਹਾ ‘ਤੇ ਰੈਡੀਏਸ਼ਨ ਨਾਲ ਯੁਕਤ ਇਹ ਲਾਵਾ ਹੀ ਅੱਗ ਰੂਪੀ ਉਹ ਤੱਤ ਹੈ, ਜੋ ਚੰਨ ‘ਤੇ ਮਨੁੱਖ ਦੇ ਟਿਕੇ ਰਹਿਣ ਦੀਆਂ ਬੁਨਿਆਦੀ ਸ਼ਰਤਾਂ ‘ਚੋਂ ਇੱਕ ਹੈ। ਇਸ ਲਾਵਾ ਸੁਰੰਗ ਦੇ ਆਲੇ-ਦੁਆਲੇ ਹੀ ਅਜਿਹਾ ਮਾਹੌਲ ਬਣਾਇਆ ਜਾਣਾ ਸੰਭਵ ਹੈ, ਜਿੱਥੇ ਮਨੁੱਖ ਜੀਵਨ-ਰੱਖਿਆ ਦੇ ਬਨਾਉਟੀ ਉਪਕਰਨਾਂ ਤੋਂ ਅਜ਼ਾਦ ਰਹਿੰਦੇ ਹੋਏ, ਕੁਦਰਤੀ ਰੂਪ ਨਾਲ ਜੀਵਨ-ਨਿਰਵਾਹ ਕਰ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।