ਸਾਵਧਾਨ! ਜੇਕਰ ਤੁਸੀਂ ਵੀ ਚਾਂਦੀ ਦੇ ਵਰਕ ਵਾਲੀ ਮਠਿਆਈ ਖਾ ਰਹੇ ਹੋ

ਸਾਵਧਾਨ! ਜੇਕਰ ਤੁਸੀਂ ਵੀ ਚਾਂਦੀ ਦੇ ਵਰਕ ਵਾਲੀ ਮਠਿਆਈ ਖਾ ਰਹੇ ਹੋ

ਚਾਂਦੀ ਦਾ ਵਰਕ ਚਾਂਦੀ ਨਾਲ ਬਣੀ ਹੋਈ ਬਹੁਤ ਬਰੀਕ ਪਰਤ ਹੁੰਦੀ ਹੈ। ਮਠਿਆਈ ਦੇ ਉੱਪਰ ਜਿਵੇਂ ਕਾਜੂ ਕਤਲੀ, ਵੇਸਣ ਬਰਫੀ, ਬੰਗਾਲੀ ਮਠਿਆਈ ਆਦਿ ’ਤੇ ਇਹ ਵਰਕ ਜ਼ਰੂਰ ਲਾਇਆ ਜਾਂਦਾ ਹੈ। ਇਹ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ ਆਓ! ਜਾਣਦੇ ਹਾਂ। ਚਾਂਦੀ ਦਾ ਵਰਕ ਲੱਗੀ ਹੋਈ ਮਠਿਆਈ ਸ਼ਾਨਦਾਰ ਨਜ਼ਰ ਆਉਂਦੀ ਹੈ। ਮਠਿਆਈ ਤੋਂ ਇਲਾਵਾ ਚਾਂਦੀ ਦਾ ਵਰਕ ਸਜਾਵਟ ਦੇ ਲਈ ਪਾਨ, ਖਜ਼ੂਰ, ਇਲਾਇਚੀ ਅਤੇ ਚਵਨਪ੍ਰਾਸ਼ ਆਦਿ ’ਤੇ ਵੀ ਲਾਇਆ ਜਾਂਦਾ ਹੈ। ਵਰਕ ਲੱਗੀ ਹੋਈ ਮਠਿਆਈ ਜਾਂ ਹੋਰ ਚੀਜ ਖਾਂਦੇ ਸਮੇਂ ਥੋੜ੍ਹਾ-ਬਹੁਤ ਵਹਿਮ ਲਾਜ਼ਮੀ ਹੁੰਦਾ ਹੈ ਕਿ ਜੋ ਵਰਕ ਪੇਟ ਅੰਦਰ ਜਾ ਰਿਹਾ ਹੈ ਉਹ ਕਿਤੇ ਨੁਕਸਾਨ ਤਾਂ ਨਹੀਂ ਕਰਨ ਵਾਲਾ। ਆਓ! ਦੇਖਦੇ ਹਾਂ ਵਰਕ ਕੀ ਹੁੰਦਾ ਹੈ, ਇਹ ਕਿਵੇਂ ਬਣਦਾ ਹੈ ਤੇ ਚਾਂਦੀ ਦਾ ਵਰਕ ਫਾਇਦਾ ਕਰਦਾ ਹੈ ਜਾਂ ਨੁਕਸਾਨ। (Caution Silver Candy)

ਵਿਗਿਆਨਕ ਦਿ੍ਰਸ਼ਟੀਕੋਣ ਤੋਂ ਚਾਂਦੀ ’ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮਿਠਾਈ ਨੂੰ ਲੰਮੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾ ਸਕਦੇ ਹਨ। ਇਸੇ ਗੁਣ ਕਾਰਨ ਚਾਂਦੀ ਦਾ ਵਰਕ ਇਸਤੇਮਾਲ ’ਚ ਲਿਆਉਣਾ ਸ਼ੁਰੂ ਹੋਇਆ। ਪਰ ਸਮੇਂ ਦੇ ਨਾਲ-ਨਾਲ ਇਹ ਸਿਰਫ ਸਜਾਵਟ ਦਾ ਮਾਧਿਅਮ ਬਣ ਗਿਆ ਹੈ। ਇਸ ਨੂੰ ਕਿਸੇ ਵੀ ਖਾਣ ਵਾਲੀ ਚੀਜ ’ਤੇ ਲਾਉਣ ਨਾਲ ਉਸ ’ਤੇ ਇੱਕ ਅਲੱਗ ਹੀ ਰੌਣਕ ਆ ਜਾਂਦੀ ਹੈ।
ਚਾਂਦੀ ਦਾ ਵਰਕ ਬਣਾਉਣ ਲਈ ਚਮੜੇ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚਾਂਦੀ ਨੂੰ ਚਮੜੇ ’ਚ ਰੱਖ ਕੇ ਇੱਕ ਖਾਸ ਤਰ੍ਹਾਂ ਦੇ ਹਥੌੜੇ ਨਾਲ ਲੰਮੇ ਸਮੇਂ ਤੱਕ ਕੁੱਟ-ਕੁੱਟ ਕੇ ਪਤਲਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : Sugar Intake Sideeffects : ਜੇਕਰ ਤੁਸੀਂ ਵੀ ਹੋ ਜ਼ਿਆਦਾ ਮਿੱਠਾ ਖਾਣ ਦੇ ਸੌਕੀਨ ਤਾਂ ਹੋ ਜਾਓ ਸਾਵਧਾਨ! ਇਹ ਬਿਮਾਰੀਆਂ ਪਾ ਸਕਦੀਆਂ ਨੇ ਘੇਰਾ

ਇਸ ਨਾਲ ਇੱਕ ਬਹੁਤ ਪਤਲੀ ਝਿੱਲੀ ਜਿਹੀ ਪਰਤ ਬਣ ਜਾਂਦੀ ਹੈ ਅਤੇ ਇਸ ਨੂੰ ਹੀ ਚਾਂਦੀ ਦਾ ਵਰਕ ਕਿਹਾ ਜਾਂਦਾ ਹੈ। ਇਸ ਨੂੰ ਚਮੜੇ ਤੋਂ ਲਾਹ ਕੇ ਕਾਗਜ਼ ’ਚ ਰੱਖਿਆ ਜਾਂਦਾ ਹੈ, ਫਿਰ ਇਸ ਦੀ ਪੈਕਿੰਗ ਕਰਕੇ ਵੇਚਿਆ ਜਾਂਦਾ ਹੈ। ਪਸ਼ੂ ਦੇ ਚਮੜੇ ਤੋਂ ਇਹ ਅਸਾਨੀ ਨਾਲ ਬਿਨਾਂ ਟੁੱਟੇ ਉੱਤਰ ਜਾਂਦਾ ਹੈ। ਇਸ ਵਿਧੀ ਨਾਲ ਤਿਆਰ ਕੀਤੇ ਵਰਕ ਨੂੰ ਕਿਸੇ ਪੂਜਾ-ਵਰਤ ’ਚ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਮੌਜੂਦਾ ਸਮੇਂ ’ਚ ਵਰਕ ਤਿਆਰ ਕਰਨ ਲਈ ਪਸ਼ੂ ਦੇ ਕਿਸੇ ਅੰਗ ਦੇ ਇਸਤੇਮਾਲ ’ਤੇ  ਪਾਬੰਦੀ ਲਾ ਦਿੱਤੀ ਗਈ ਹੈ। ਹੁਣ ਇਸ ਨੂੰ ਤਿਆਰ ਕਰਨ ਲਈ ਜਰਮਨ ਬਟਰ ਪੇਪਰ ਨਾਮੀ ਕਾਗਜ਼ ਦਾ ਇਸਤੇਮਾਲ ਹੁੰਦਾ ਹੈ। (Caution Silver Candy)

ਇਸ ਤੋਂ ਇਲਾਵਾ ਚਾਂਦੀ ਦੇ ਵਰਕ ਨੂੰ ਤਿਆਰ ਕਰਨ ਲਈ ਕੈਲਸ਼ੀਅਮ ਪੇਪਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਚਾਂਦੀ ਦੇ ਵਰਕ ਹੁਣ ਮਸ਼ੀਨ ਦੀ ਮੱਦਦ ਨਾਲ ਬਣਾਏ ਜਾਂਦੇ ਹਨ। ਇਸ ਤਰ੍ਹਾਂ ਤਿਆਰ ਕੀਤੇ ਵਰਕ ਨੂੰ ਪੂਜਾ ਆਦਿ ’ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਮਠਿਆਈ ਦੇ ਇੱਕ ਟੁਕੜੇ ਦੇ ਨਾਲ ਚਾਂਦੀ ਦੇ ਵਰਕ ਦੀ ਬਹੁਤ ਘੱਟ ਮਾਤਰਾ ਹੀ ਸਾਡੇ ਪੇਟ ਅੰਦਰ ਜਾਂਦੀ ਹੈ। ਸ਼ੁੱਧ ਚਾਂਦੀ ਨਾਲ ਬਣੇ ਵਰਕ ਸੀਮਤ ਮਾਤਰਾ ’ਚ ਸਰੀਰ ਲਈ ਨੁਕਸਾਨਦੇਹ ਨਹੀਂ ਹੁੰਦੇ ਹਨ।

ਸਰੀਰ ’ਚ ਚਾਂਦੀ ਦੀ ਜਿਆਦਾ ਮਾਤਰਾ ਅਰਜਿਰੀਆ ਨਾਮਕ ਬਿਮਾਰੀ ਨੂੰ ਜਨਮ ਦਿੰਦੀ ਹੈ

ਪਰ ਜ਼ਿਆਦਾ ਮਾਤਰਾ ’ਚ ਇਸ ਨੂੰ ਲਗਾਤਾਰ ਖਾਣਾ ਹਾਨੀਕਾਰਕ ਹੋ ਸਕਦਾ ਹੈ। ਸਰੀਰ ’ਚ ਚਾਂਦੀ ਦੀ ਜਿਆਦਾ ਮਾਤਰਾ ਅਰਜਿਰੀਆ ਨਾਮਕ ਬਿਮਾਰੀ ਨੂੰ ਜਨਮ ਦਿੰਦੀ ਹੈ ਜਿਸ ਨਾਲ ਸਰੀਰ ਦੀ ਚਮੜੀ ਨੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੂੰ ਬਣਾਉਂਦੇ ਸਮੇਂ ਸਾਫ-ਸਫਾਈ ਅਤੇ ਸ਼ੁੱਧਤਾ ਦਾ ਧਿਆਨ ਨਾ ਰੱਖਿਆ ਗਿਆ ਹੋਵੇ ਤਾਂ ਇਹ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਚਾਂਦੀ ਦੇ ਨਕਲੀ ਵਰਕ ਸਰੀਰ ਲਈ ਬਹੁਤ ਨੁਕਸਾਨਦਾਇਕ ਹੋ ਸਕਦੇ ਹਨ। ਇਸ ਨਾਲ ਲੀਵਰ, ਫੇਫੜੇ ਜਾਂ ਗੁਰਦਿਆਂ ਦੀ ਬਿਮਾਰੀ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਖਾਸਕਰ ਐਲੂਮੀਨੀਯਮ ਨਾਲ ਬਣੇ ਵਰਕ ਜ਼ਿਆਦਾ ਨੁਕਸਾਨਦੇਹ ਹਨ। (Caution Silver Candy)

ਚਾਂਦੀ ਦੇ ਵਰਕ ਸਬੰਧੀ ਕੁਝ ਅਜਿਹੇ ਤੱਥ ਵੀ ਸੁਣਨ ’ਚ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਮਨ ਖਰਾਬ ਹੋ ਸਕਦਾ ਹੈ। ਜਿਵੇਂ ਕਿ ਕੁਝ ਲੋਕ ਨਕਲੀ ਵਰਕ ਬਣਾਉਂਦੇ ਹਨ। ਸ਼ੁੱਧ ਚਾਂਦੀ ਦੀ ਥਾਂ ਐਲੂਮੀਨੀਅਮ ਦੇ ਜਾਂ ਮਿਲਾਵਟੀ ਵਰਕ ਵੀ ਬਣਾਏ ਜਾਂਦੇ ਹਨ। ਐਲੂਮੀਨੀਅਮ ਇੱਕ ਭਾਰੀ ਧਾਤ ਹੈ ਜੋ ਸਰੀਰ ਲਈ ਬਹੁਤ ਹੀ ਜਿਆਦਾ ਘਾਤਕ ਹੈ। ਸਿਹਤ ਮਾਹਿਰਾਂ ਵੱਲੋਂ ਜਾਰੀ ਇੱਕ ਰਿਪੋਰਟ ਮੁਤਾਬਕ ਭਾਰਤ ’ਚ ਇਸ ਬਾਰੇ ਕੀਤੀ ਗਈ ਛਾਣਬੀਨ ’ਚ ਪਤਾ ਲੱਗਿਆ ਹੈ ਕਿ ਬਾਜ਼ਾਰ ’ਚ ਮਿਲਣ ਵਾਲੇ ਵਰਕ ’ਚੋਂ ਲਗਭਗ 10 ਫੀਸਦੀ ਐਲੂਮੀਨੀਅਮ ਦੇ ਪਾਏ ਗਏ ਹਨ। ਬਾਕੀ ਦੇ 90 ਫੀਸਦੀ ਵਰਕ ਵਿਚੋਂ ਲਗਭਗ 60 ਫੀਸਦ ਸ਼ੁੱਧ ਚਾਂਦੀ ਦੇ ਨਹੀਂ ਬਣਾਏ ਗਏ ਹਨ, ਇਹਨਾਂ ’ਚ ਤਾਂਬਾ, ਨਿੱਕਲ, ਲੈਡ ਅਤੇ ਕੈਡਮੀਅਮ ਆਦਿ ਧਾਤਾਂ ਦੀ ਮਿਲਾਵਟ ਪਾਈ ਗਈ ਹੈ। ਸੋ ਵਰਕ ਲੱਗੀ ਮਠਿਆਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ’ਤੇ ਗੌਰ ਜ਼ਰੂਰ ਕਰ ਲੈਣੀ ਚਾਹੀਦੀ ਹੈ।

  • ਅਸਲੀ ਚਾਂਦੀ ਦਾ ਵਰਕ ਐਨਾ ਕੁ ਪਤਲਾ ਹੁੰਦਾ ਹੈ ਕਿ ਜੇਕਰ ਇਸ ਨੂੰ ਹੱਥ ਦੇ ਅੰਗੂਠੇ ਅਤੇ ਉਂਗਲ ’ਚ ਰੱਖ ਕੇ ਮਸਲਿਆ ਜਾਵੇ ਤਾਂ ਇਹ ਗਾਇਬ ਹੀ ਹੋ ਜਾਂਦਾ ਹੈ। ਜਦਕਿ ਮਿਲਾਵਟੀ ਵਰਕ ਮਸਲਣ ’ਤੇ ਧਾਤ ਦੀ ਗੋਲੀ ਬਣ ਜਾਂਦੀ ਹੈ।
  • ਮਿਲਾਵਟੀ ਚਾਂਦੀ ਦਾ ਵਰਕ ਅਸਲੀ ਵਰਕ ਕੇ ਮੁਕਾਬਲੇ ਜ਼ਿਆਦਾ ਮੋਟਾ ਹੁੰਦਾ ਹੈ।
  • ਚਾਂਦੀ ਦਾ ਵਰਕ ਚੰਗੇ ਬੈ੍ਰਂਡ ਦਾ ਹੋਣ ’ਤੇ ਹੀ ਉਸ ਦੀ ਸ਼ੁੱਧਤਾ ’ਤੇ ਭਰੋਸਾ ਕੀਤਾ ਜਾ ਸਕਦਾ ਹੈ।
  • ਵਰਕ ਦੇ ਪੈਕਟ ’ਤੇ ਪੈਕਿੰਗ ਦੀ ਤਰੀਕ ਆਦਿ ਦੇ ਵੇਰਵੇ ਪੜ੍ਹ ਕੇ ਹੀ ਵਰਕ ਖਰੀਦਣਾ ਚਾਹੀਦਾ ਹੈ। ਜਿਆਦਾ ਪੁਰਾਣਾ ਵਰਕ ਕਾਲਾ ਹੋ ਸਕਦਾ ਹੈ।

ਹਰਪ੍ਰੀਤ ਸਿੰਘ ਬਰਾੜ,ਮੇਨ ਏਅਰ ਫੋਰਸ ਰੋਡ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ