ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ!

Care, People

ਸ਼ਿਨਾਗ ਸਿੰਘ ਸੰਧੂ

ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ-ਸਹਿਣ ਬਦਲ ਗਿਆ ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ’ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ! ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ ਬਿਨਾ ਪਰਵਾਹ ਕੀਤੇ ਲਗਜ਼ਰੀ ਚੀਜ਼ਾਂ ਖਰੀਦੀਆਂ ਜਾਂਦੀਆਂ ਪੜ੍ਹ-ਲਿਖ ਕੇ ਨੌਜਵਾਨਾਂ ਨੂੰ ਛੋਟਾ ਕੰਮ ਕਰਨ ਲੱਗਿਆਂ ਸ਼ਰਮ ਮਹਿਸੂਸ ਹੁੰਦੀ ਜਦ ਕਿ ਬਾਹਰਲੇ ਦੇਸ਼ ਜਾ ਕੇ ਇਹੋ ਨੌਜਵਾਨ ਹਰ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ।

ਹੁਣ ਲੋਕਾਂ ਦੀ ਫਿਤਰਤ ਹੈ ਕਿ ਛੋਟੇ ਦੇਸ਼ ਵਿੱਚ ਬੱਚਿਆਂ ਨੂੰ ਨਹੀਂ ਭੇਜਣਾ ਭਾਵੇਂ ਏਜੰਟਾਂ ਕੋਲ ਦਸ-ਵੀਹ ਲੱਖ ਰੁਪਈਆ ਫਸ ਜਾਵੇ ਪਰ ਭੇਜਣਾ ਕਨੇਡਾ ਈ ਆ ਸਿਹਤ ਭਾਵੇਂ ਜਵਾਬ ਦੇ ਜਾਵੇ ਪਰੰਤੂ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਸਾਈਕਲ ’ਤੇ ਜਾਂਦੇ ਜਾਂ ਤੁਰ ਕੇ ਜਾਣ ’ਚ ਬੜੀ ਸ਼ਰਮ ਆਉਦੀਂ ਹੈ।

ਅੱਜ-ਕੱਲ੍ਹ ਕੁੜੀ ਵਿਆਹੁਣ ਵੇਲੇ ਸਿਰਫ ਅਮੀਰ ਪਰਿਵਾਰ ਹੀ ਵੇਖਿਆ ਜਾਂਦਾ, ਚੰਗਾ ਘਰਾਣਾ ਨਹੀਂ ਵਿਆਹ ਕਰਨ ਲੱਗਿਆਂ ਲੋਕ ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਕਰਜ਼ਾ ਚੁੱਕ ਕੇ ਖਰਚ ਕਰਦੇ ਹਨ ਸਿਰਫ ਲੋਕ ਵਿਖਾਵੇ ਲਈ ਫਿਰ ਭਾਵੇਂ ਸਾਰੀ ਉਮਰ ਕਰਜ਼ੇ ’ਚ ਡੁੱਬੇ ਰਹਿਣ ਤੇ ਅਖੀਰ ਗੱਲ ਖੁਕਕੁਸ਼ੀ ’ਤੇ ਆਣ ਮੁੱਕਦੀ ਆਮ ਕਰਕੇ ਵੇਖਣ ਨੂੰ ਮਿਲਦਾ ਹੈ ਕਿ ਅਜੇ ਵੀ ਲੋਕਾਂ ਦੀ ਸੌੜੀ ਸੋਚ ਤੋਂ ਡਰਦਿਆਂ ਪਿੰਡਾਂ ਵਿੱਚ  ਬੱਚਿਆਂ ਦੇ ਵਿਆਹ ਜ਼ਲਦੀ ਕਰ ਦਿੱਤੇ ਜਾਂਦੇ ਹਨ ਰਿਸ਼ਤੇਦਾਰ ਵੀ ਇਹੋ ਕਹਿਣਾ ਸ਼ੁਰੂ ਕਰ ਦਿੰਦੇ ਕਿ ਬੱਚੇ ਵਿਆਹੁਣ ਦੀ ਕਰੋ ਅੱਜ-ਕੱਲ੍ਹ ਜ਼ਮਾਨਾ ਨਹੀਂ ਚੰਗਾ ਜਿਆਦਾ ਪੜ੍ਹਾ-ਲਿਖਾ ਕੇ ਕੀ ਕਰਨਾ, ਕਰਨਾ ਤਾਂ ਘਰ ਦਾ ਕੰਮ ਈ ਆਂ?

ਗਰੀਬ ਕੋਲ ਕੋਈ ਬੈਠ ਕੇ ਰਾਜ਼ੀ ਨਹੀਂ, ਸ਼ਾਨ ’ਚ ਫਰਕ ਪੈਂਦਾ ਅਮੀਰ ਲੋਕ ਗਰੀਬ ਨੂੰ ਮਿਲਣ ’ਚ ਸ਼ਰਮ ਮਹਿਸੂਸ ਕਰਦੇ ਹਨ ਆਮ ਕਰਕੇ ਸਰਕਾਰੀ ਮਹਿਕਮਿਆਂ ’ਚ ਵੇਖਣ ਵਿੱਚ ਆਉਂਦਾ ਹੈ ਕਿ ਪੱਕੇ ਮੁਲਾਜ਼ਮ ਕੱਚੇ ਮੁਲਾਜ਼ਮਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ ਇੱਥੋਂ ਤੱਕ ਕਿ ਹੱਥ ਮਿਲਾਉਣਾ ਵੀ ਮੁਨਾਸਿਬ ਨਹੀਂ ਸਮਝਦੇ ਜਿਵੇਂ ਉਹਨਾਂ ਨੇ ਕੋਈ ਗੁਨਾਹ ਕੀਤਾ ਹੋਵੇ ਆਪਣਾ ਰੁਤਬਾ ਉੱਚਾ ਸਮਝਦੇ ਨੇ ਤਾਂ ਹੀ ਤਾਂ ਧੜੇਬਾਜ਼ੀਆਂ ਬਣਦੀਆਂ ਹਨ ਨਤੀਜੇ ਵਜੋਂ ਆਪਸੀ ਰੰਜ਼ਿਸ ਪੈਦਾ ਹੁੰਦੀ ਹੈ।

ਸਮਾਜ ਵਿੱਚ ਬਹੁਤੇ ਚੌਧਰ ਪ੍ਰਧਾਨ ਲੋਕ ਇਨਸਾਨ ਨੂੰ ਇਨਸਾਨੀਅਤ ਪੱਖੋਂ ਨਹੀਂ ਸਗੋਂ ਪੈਸੇ ਪੱਖੋਂ ਦੇਖਦੇ ਹਨ ਦੂਜਿਆਂ ਤੋਂ ਚੰਗੇ ਕੱਪੜੇ ਪਾਉਣੇ, ਉਧਾਰ ਚੁੱਕ ਕੇ ਬੁਲਟ ਤੇ ਵੱਡੀ ਗੱਡੀ ਲੈਣਾ ਸ਼ਾਨ ਸਮਝਿਆ ਜਾਂਦਾ ਲੋਕ ਫੋਕੀ ਟੌਹਰ ਅਤੇ ਵਾਹ-ਵਾਹ ਖੱਟਣ ਖਾਤਰ ਆਪਣਾ ਝੁੱਗਾ ਚੌੜ ਕਰਾ ਲੈਂਦੇ ਹਨਲੋਕਾਂ ਦਾ ਕੀ ਲੋਕ ਤਾਂ ਕਿਸੇ ਪਾਸੇ ਨਹੀਂ ਲੱਗਣ ਦਿੰਦੇ ਜੇ ਕੋਈ ਵਿਦੇਸ਼ ਕੰਮ ਕਰਨ ਚਲਾ ਜਾਵੇ ਤਾਂ ਪੁੱਛਣਗੇ ਕਿ ਕਦੋਂ ਆ ਰਿਹਾ ਵਾਪਸ ਅਤੇ ਜੇ ਆ ਜਾਵੇ ਤਾਂ ਉਸ ਦਿਨ ਤੋਂ ਹੀ ਪੁੱਛਣਾ ਸ਼ੁਰੂ ਕਰ ਦਿੰਦੇ ਨੇ ਕਦੋਂ ਵਾਪਸੀ ਫਿਰ? ਇੱਥੇ ਰਹਿ ਕੇ ਕਿਹੜਾ ਗੁਜ਼ਾਰਾ ਉੱਥੇ ਤਾਂ ਪੈਸੇ ਚਾਰ ਬਣਦੇ ਨੇ ਜੇ ਕੋਈ ਘਰ ਰਹੇ ਤਾਂ ਵੀ ਲੋਕ ਕਹਿਣਗੇ ਕੋਈ ਕੰਮ-ਧੰਦਾ ਈ ਕਰ ਲਿਆ ਕਰ ਸਾਰਾ ਦਿਨ ਵਿਹਲਾ ਰੋਟੀਆਂ ਈ ਪਾੜੀ ਜਾਨਾਂ ਤੇ ਜੇ ਕੋਈ ਕੰਮ ਕਰਦਾ ਉਸਨੂੰ ਕਹਿੰਦੇ ਕਿ ਕਦੇ ਬਹਿ ਵੀ ਜਾਇਆ ਕਰ ਐਨੇ ਪੈਸੇ ਕਮਾ ਕੇ ਕੀ ਕਰਨਾ ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋ ਪਾਸੇ ਨਹੀਂ, ਚਾਰ ਪਾਸੇ ਦੰਦੇ।

ਲੋਕਾਂ ਵੱਲ ਵੇਖ ਕੇ ਤਰੱਕੀਆਂ ਨਹੀਂ ਹੁੰਦੀਆਂ ਕਦੇ ਸੋਚੋ ਕਿ ਜੋ ਵੱਡੇ-ਵੱਡੇ ਬਿਜ਼ਨਸਮੈਨ ਤੇ ਧਨਾਢ ਬਣੇ ਕੀ ਉਹ ਇੱਕ ਦਿਨ ’ਚ ਹੀ ਆਪਣੀ ਮੰਜ਼ਿਲ ’ਤੇ ਪਹੁੰਚ ਗਏ ਸਨ? ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਤੇ ਤਾਹਨਿਆਂ-ਮਿਹਣਿਆਂ ਦਾ ਸਾਹਮਣਾ ਕਰਨਾ ਪਿਆ      ਸਾਡੇ ਮਨ ’ਚ ਈ ਡਰ ਹੁੰਦਾ ਜਿਵੇਂ ਕੋਈ ਸਾਨੂੰ ਦੇਖ ਰਿਹਾ ਹੋਵੇ ਤੇ ਸਾਡੀ ਕਿਸੇ ਗੱਲ ’ਤੇ ਹੱਸ ਰਿਹਾ ਹੋਵੇ ਪਰੰਤੂ ਜਰੂਰੀ ਨਹੀਂ ਕਿ ਉਹ ਸਾਡੇ ’ਤੇ ਹੱਸ ਰਿਹਾ ਹੋਵੇ ਹੋ ਸਕਦਾ ਉਹ ਆਪਣੇ ਮਨ ਦੇ ਵਿਚਾਰਾ ਕਰਕੇ ਖੁਸ਼ ਹੋ ਰਿਹਾ ਹੋਵੇ ਇੱਕ ਵਾਰ ਅਸੀਂ ਕਿਤੇ ਜਾ ਰਹੇ ਸੀ ਤਾਂ ਰਸਤਾ ਤੰਗ ਹੋਣ ਕਰਕੇ ਅੱਗੇ ਜਾ ਰਹੇ ਵਿਅਕਤੀ ਦੀ ਕਾਰ ਚਿੱਕੜ ਵਿੱਚ ਫਸ ਗਈ ਤਿਲਕਣ ਹੋਣ ਕਾਰਨ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਡਰਾਈਵਰ ਕੋਲੋਂ ਕਾਰ ਬਾਹਰ ਨਹੀਂ ਸੀ ਨਿੱਕਲ ਰਹੀ ਨਜ਼ਦੀਕ ਹੀ ਖੜ੍ਹਾ ਇੱਕ ਵਿਅਕਤੀ ਬਹੁਤ ਜ਼ੋਰ ਨਾਲ ਬਾਹਾਂ ਹਿਲਾ ਕੇ ਕਹਿ ਰਿਹਾ ਸੀ ਕਿ ਜੇ ਮੈਂ ਹੁੰਦਾ ਤਾਂ ਹੁਣ ਨੂੰ ਕਾਰ ਬਾਹਰ ਕੱਢ ਲੈਣੀ ਸੀ ਉਸ ਦੀ ਗੱਲ ਸੁਣ ਕੇ ਡਰਾਇਵਰ ਨਰਵਸ ਹੋ ਗਿਆ ਇਹ ਦੇਖ ਕੇ ਅਸੀਂ ਡਰਾਇਵਰ ਕੋਲੋਂ ਚਾਬੀ ਲੈ ਕੇ ਉਸ ਵਿਅਕਤੀ ਨੂੰ ਦਿੱਤੀ ਤਾਂ ਉਸ ਵਿਅਕਤੀ ਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਕਹਿੰਦਾ, ਮੈਨੂੰ ਤਾਂ ਗੱਡੀ ਚਲਾਉਣ ਦੀ ਜਾਚ ਹੀ ਨਹੀਂ ਇਸ ਤੋਂ ਪਤਾ ਲੱਗਦਾ ਹੈ ਕਿ ਅਕਸਰ ਅਸੀਂ ਆਪਣੇ ਮਨ ਵਿੱਚ ਦੂਜੇ ਵੱਲ ਵੇਖ ਕੇ ਹੀ ਆਪਣੀ ਯੋਗਤਾ ਘੱਟ ਹੋਣ ਦਾ ਗਲਤ ਅੰਦਾਜ਼ਾ ਲਾ ਲੈਂਦੇ ਹਾਂ ਕੀ ਕਦੇ ਸੋਚਿਆ ਕਿ ਜਿਹਨਾਂ ਲੋਕਾਂ ਤੋਂ ਡਰਦੇ ਅਸੀਂ ਕੁੱਝ ਨਹੀਂ ਕਰ ਰਹੇ, ਉਹਨਾਂ ਤਾਂ ਆਪਣੀ ਜਿੰਦਗੀ ਵਿੱਚ ਕਦੇ ਕੁਝ ਨਹੀਂ ਕੀਤਾ ਸੋਚਿਆ ਜਾਵੇ ਤਾਂ ਇਹਨਾਂ ਲੋਕਾਂ ਨੇ ਤਾਂ ਪੀਰ, ਪੈਗੰਬਰਾਂ, ਰਿਸ਼ੀਆਂ ਮੁਨੀਆਂ ਅਤੇ ਅਵਤਾਰਾਂ ਨੂੰ ਵੀ ਕਦੇ ਚੰਗਾ ਨਹੀਂ ਕਿਹਾ ਫਿਰ ਅਸੀਂ ਕਿਸ ਖੇਤ ਦੀ ਮੂਲੀ ਹਾਂ ਸਮੇਂ ਦੀ ਚਾਲ ਦੇ ਨਾਲ-ਨਾਲ ਚੱਲਦਿਆਂ ਸਾਨੂੰ ਆਪਣੀਆਂ ਪੀੜ੍ਹੀਆਂ ਨੂੰ ਇਸ ਭਿਆਨਕ ਕੋਹੜ ਵਰਗੀ ਬਿਮਾਰੀ ਤੋਂ ਬਚਾਉਣ ਦੀ ਲੋੜ ਹੈ ਹਮੇਸ਼ਾ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਫੋਕੀ ਟੌਹਰ, ਅਡੰਬਰ ਤੇ ਰਿਸ਼ਤੇਦਾਰਾ ਤੋਂ ਵੱਡਾ ਦਿਸਣ ਦੀ ਚਾਹਤ ਨੂੰ ਤਿਆਗ ਕੇ ਸਾਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੇ ਮਿਸ਼ਨ ਵਿੱਚ ਕਾਮਯਾਬ ਹੋਣ ਲਈ ਲਗਨ ਅਤੇ ਮਿਹਨਤ ਕਰਨ ਲਈ ਪੇ੍ਰਰਿਤ ਕਰਨਾ ਚਾਹੀਦਾ ਹੈ ਬਹੁਤ ਸਾਰੇ ਹੋਣਹਾਰ ਵੀ ਇਹੀ ਰੋਗੀ ਸੋਚ ਦਾ ਸ਼ਿਕਾਰ ਹੋਣ ਕਰਕੇ ਆਪਣੀ ਜਿੰਦਗੀ ਦਾ ਕੋਈ ਉਦੇਸ਼ ਪੂਰਾ ਨਹੀਂ ਕਰ ਪਾਉਂਦੇ ਕਲਾ ਉਹਨਾਂ ਦੇ ਮਨਾਂ ਵਿੱਚ ਹੀ ਦੱਬ ਕੇ ਰਹਿ ਜਾਂਦੀ ਹੈ ਲੋਕਾਂ ਤੋਂ ਡਰਦੇ ਹੀ ਉੱਪਰ ਨਾ ਉੱਠ ਕੇ ਆਪਣੀ ਜਿੰਦਗੀ ਨਰਕ ਬਣਾ ਲੈਂਦੇ ਹਨ।

ਜ਼ਿੰਦਗੀ ਇੱਕ ਸ਼ੰਘਰਸ਼ ਹੈ ਜੇ ਅਸੀਂ ਜਾਨਵਰਾਂ ਦੀ ਤਰ੍ਹਾਂ ਰੋਟੀ ਖਾ ਕੇ ਹੀ ਸਾਰੀ ਉਮਰ ਬੋਝ ਬਣ ਕੇ ਮਰ ਗਏ ਤਾਂ ਮਨੁੱਖ ਹੋਣ ਦਾ ਕੀ ਫਾਈਦਾ? ਗਰੀਬ ਹੋਣਾ ਕੋਈ ਪਾਪ ਨਹੀਂ ਇਨਸਾਨ ਜਨਮ ਤੋਂ ਗਰੀਬ ਜਾਂ ਅਮੀਰ ਪੈਦਾ ਹੋ ਸਕਦਾ ਹੈ ਪਰ ਸਾਰੀ ਉਮਰ ਉਸ ਗਰੀਬੀ ਵਿੱਚ ਹੀ ਕੱਟ ਕੇ ਬਿਨਾਂ ਮਿਹਨਤ ਅਤੇ ਸ਼ੰਘਰਸ਼ ਕੀਤੇ ਮਰ ਜਾਣਾ ਪਾਪ ਹੈ     ਆਓ! ਸਮਾਜ ਵਿੱਚ ਪਈਆਂ ਹੋਈਆਂ ਰੂੜੀਵਾਦੀ ਪਗਡੰਡੀਆਂ ਛੱਡ ਕੇ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੇ ਹੋਏ ਨਵੀਂਆਂ ਪੈੜਾਂ ਪਾਈਏ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਮਿਸਾਲ ਬਣ ਸਕਣ ਅਤੇ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਨਮੂਨਾ ਨਹੀਂ ਸਗੋਂ ਉਦਾਹਰਨ ਬਣਾਉਂਦੇ ਹੋਏ ਆਪਣੀ ਜਿੰਦਗੀ ਦਾ ਇੱਕ ਮਿਸ਼ਨ ਬਣਾ ਕੇ ਬੇਝਿਜਕ ਆਪਣੇ ਹੁਨਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰੀਏ, ਤਾਂ ਜੋ ਭਵਿੱਖ ਅੰਦਰ ਨਵੀਂ ਸੋਚ ਦੀ ਪਿਰਤ ਪੈ ਸਕੇ।

ਸ਼ਮਿੰਦਰ ਕੌਰ ਰੰਧਾਵਾ,
ਦਫਤਰ ਬਲਾਕ ਸਿੱਖਿਆ ਅਫਸਰ (ਐ.),
ਚੋਹਲਾ ਸਾਹਿਬ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।