ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਚੰਨੀ ਅਤੇ ਰੰਧਾਵਾ ’ਤੇ ਸਾਧਿਆ ਨਿਸ਼ਾਨਾ

6 Sunil 01

ਚੰਨੀ ਤੇ ਰੰਧਾਵਾ ਨੂੰ ਦੱਸਿਆ ਕਾਇਰ, ਕਿਹਾ, ਪੰਜਾਬ ਨੂੰ ਕੀਤਾ ਗਿਆ ਬਦਨਾਮ

(ਸੁਨੀਲ ਚਾਵਲਾ) ਸਮਾਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਮੁਹੱਈਆਂ ਕਰਵਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਇਰ ਅਤੇ ਡਰਪੋਕ ਕਰਾਰ ਦਿੱਤਾ।

ਉਨ੍ਹਾਂ ਕਿਹਾ ਕਿ ਆਪਣੀ ਜਿੰਮੇਵਾਰੀ ਤੋਂ ਭੱਜ ਕੇ ਐਸਐਸਪੀ, ਆਈਜੀ ਨੂੰ ਸਸਪੈਂਡ ਕਰਨਾ ਜਾ ਪੁਲਿਸ ਨੂੰ ਦੋਸ਼ ਦੇ ਕੇ ਚੰਨੀ ਤੇ ਰੰਧਾਵਾ ਨੇ ਆਪਣੀ ਕਾਇਰਤਾ ਦਾ ਪ੍ਰਮਾਣ ਦਿੱਤਾ ਹੈ। ਉਹ ਅੱਜ ਸਮਾਣਾ ਵਿਖੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਦੇ ਰਾਜਨੀਤਕ ਸਕੱਤਰ ਰਹੇ ਸੁਰਿੰਦਰ ਸਿੰਘ ਖੇੜਕੀ ਨੂੰ ਪਾਰਟੀ ਵਿਚ ਸ਼ਾਮਲ ਕਰਨ ਆਏ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਨਲਾਇਕੀ ਤੇ ਕਾਇਰਤਾ ਭਰੀ ਕਾਰਵਾਈ ਨੇ ਜਿੱਥੇ ਪੰਜਾਬ ਤੇ ਪੰਜਾਬੀਆਂ ਦਾ ਵੱਡਾ ਨੁਕਸਾਨ ਕੀਤਾ ਹੈ ਉੱਥੇ ਹੀ ਦੁਨੀਆਂ ਭਰ ਵਿੱਚ ਪੰਜਾਬ ਨੂੰ ਬਦਨਾਮ ਕਰ ਦਿੱਤਾ ਹੈ ਜੋ ਕਿ ਹਮੇਸ਼ਾ ਆਪਣੀ ਮਹਿਮਾਨ ਨਿਵਾਜੀ ਤੇ ਦਰਿਆਦਿਲੀ ਲਈ ਦੁਨੀਆਂ ਵਿਚ ਜਾਣਿਆ ਜਾਂਦਾ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਨੂੰ ਮਿਲਣ ਵਾਲੇ 42000 ਕਰੋੜ ਰੁਪਏ ਦੇ ਪ੍ਰੇਜੈਕਟਾਂ ’ਤੇ ਵੀ ਪਾਣੀ ਫ਼ਿਰ ਗਿਆ ਹੈ ਜੋ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਨੂੰ ਦੇਣ ਆਏ ਸਨ।

ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਵੱਡੇ-ਵੱਡੇ ਵਾਅਦਿਆਂ ਪ੍ਰਤੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ, ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਇੰਨੇ ਵੱਡੇ ਕਰਜੇ ਵਿੱਚ ਡੁੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਕੋਲ ਵਾਧੂ ਪੈਸਾ ਹੁੰਦਾ ਤਾਂ ਮੈਂ ਪੰਜਾਬ ਦੇ ਬਾਕੀ ਰਹਿੰਦੇ ਕਿਸਾਨਾਂ ਦਾ ਵੀ ਕਰਜਾ ਮੁਆਫ਼ ਨਾ ਕਰ ਦਿੰਦਾ।

ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਕੀਤੀ ਕਿ ਹੁਣ ਕੇਂਦਰ ਸਰਕਾਰ ਨੇ ਤਿੰਨੇ ਕਾਨੂੰਨ ਵਾਪਿਸ ਲੈ ਲਏ ਹਨ ਇਸ ਲਈ ਕਿਸਾਨਾਂ ਨੂੰ ਹੁਣ ਧਰਨੇ ਪ੍ਰਦਰਸ਼ਨ ਬੰਦ ਕਰਕੇ ਆਉਣ ਵਾਲੇ ਭਵਿੱਖ ਲਈ ਸੋਚਣਾ ਚਾਹੀਦਾ ਹੈ ਤੇ ਉਸ ਲਈ ਸੰਘਰਸ਼ ਕਰਨਾ ਚਾਹੀਦਾ ਹੈ ਜਿਸ ਵਿੱਚ ਮੈਂ ਉਨ੍ਹਾਂ ਦਾ ਸਭ ਤੋਂ ਅੱਗੇ ਹੋ ਕੇ ਸਾਥ ਦੇਵਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ