ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਵਲੋਂ ਅੰਮ੍ਰਿਤਸਰ-ਪਠਾਨਕੋਟ ਹਾਈਵੇ ਜਾਮ

Health Worker Sachkahoon

ਮੰਗਾਂ ਨਾ ਮੰਨੀਆਂ ਜਾਣ ਤੱਕ ਰੋਜ਼ਾਨਾ ਪੰਜ ਘੰਟੇ ਹਾਈਵੇ ਜਾਮ ਕਰਨ ਦਾ ਐਲਾਨ

ਰਾਜਨ ਮਾਨ, ਅੰਮ੍ਰਿਤਸਰ। ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਵਲੋਂ ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਦੇ ਵਿਰੋਧ ਵਿੱਚ ਅੱਜ ਕੱਥੂਨੰਗਲ ਟੋਲ ਪਲਾਜ਼ਾ ਤੇ ਅੰਮ੍ਰਿਤਸਰ – ਪਠਾਨਕੋਟ ਮੁੱਖ ਮਾਰਗ ਨੂੰ 5 ਘੰਟੇ ਜਾਮ ਕਰੀਆ ਰੱਖਿਆ। ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 22 ਦਿਨਾਂ ਤੋਂ ਦਿਨ ਰਾਤ ਟੋਲ ਪਲਾਜ਼ਾ ਤੇ ਧਰਨੇ ‘ਤੇ ਬੈਠੀਆਂ ਇਹਨਾਂ ਹੈਲਥ ਵਰਕਰਾਂ ਨੇ ਪੰਜਾਬ ਸਰਕਾਰ ਦੇ ਲਗਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਕੇ ਰੋਜ਼ਾਨਾ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਹੈ।

ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਸਰਬਜੀਤ ਕੌਰ ਅਤੇ ਸਤਿੰਦਰ ਕੌਰ ਨੇ ਕਿਹਾ ਕਿ ਇਹ ਧਰਨਾ 22ਵੇ ਦਿਨ ਵਿੱਚ ਪਹੁੰਚ ਗਿਆ ਹੈ,ਪਰ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀ ਹੋਈ। ਪਿਛਲੇ ਦਿਨਾਂ ਵਿੱਚ ਉੱਪ ਮੁੱਖ ਮੰਤਰੀ ਓ ਪੀ ਸੋਨੀ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹੀਆ ਹਨ। ਪਿਛਲੇ ਇੱਕ ਹਫ਼ਤੇ ਤੋਂ ਹੈਲਥ ਵਰਕਰਾਂ ਵੱਲੋਂ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਮੰਗੀ ਜਾ ਰਹੀ ਹੈ ਸਰਕਾਰ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਦੇ ਮਾੜੇ ਰਵੱਈਏ ਕਰਕੇ ਅੱਜ ਮਜਬੂਰਨ ਟੋਲ ਪਲਾਜ਼ਾ ਨੂੰ 5 ਘੰਟੇ ਲਈ ਬੰਦ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਓਨੀਂ ਦੇਰ ਹਰ ਰੋਜ਼ ਟੋਲ ਪਲਾਜ਼ਾ 12 ਤੋਂ 5 ਵਜੇ ਤੱਕ ਬੰਦ ਕੀਤਾ ਜਾਵੇਗਾ।

ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਹੈਲਥ ਵਰਕਰਾਂ ਨੂੰ ਰੈਗੂਲਰ ਕਰਨ ੳਪਰੰਤ ਸੋ ਫੀਸਦੀ ਤਨਖਾਹ ਕੇਂਦਰ ਸਰਕਾਰ ਅਦਾ ਕਰੇਗੀ। ਇਹ ਗੱਲ ਅਸੀਂ ਸਿਹਤ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮੀਟਿੰਗਾ ਕਰਕੇ ਦੱਸ ਚੁੱਕੇ ਹਾਂ।ਪਰ ਉਹਨਾਂ ਵੱਲੋਂ ਸਾਡੀ ਗੱਲ ਸਮਝਣ ਦੀ ਬਜਾਏ ਉਹੀ ਰਟਿਆ ਰਟਾਇਆ ਜਵਾਬ ਕੇ ਤੁਸੀਂ ਕੇਂਦਰ ਦੀ ਸਕੀਮ ਤਹਿਤ ਭਰਤੀ ਹੋ। ਆਗੂਆਂ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ 15 ਸਾਲਾਂ ਤੋਂ ਸਿਹਤ ਸੇਵਾਵਾਂ ਦੇ ਰਹੇ ਹਾਂ ਅਤੇ ਕੋਵਿਡ ਦੋਰਾਨ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਅਤੇ ਸੋ ਫੀਸਦੀ ਵੈਕਸੀਨੇਸਨ ਵੀ ਕੀਤੀ ਅਤੇ ਸਰਕਾਰ ਵੱਲੋਂ ਕੋਰੋਨਾ ਯੋਧੇ ਦਾ ਨਾਮ ਵੀ ਦਿੱਤਾ ਗਿਆ।ਪਰ ਪਿਛਲੇ ਡੇਢ ਮਹੀਨੇ ਤੋਂ ਹੈਲਥ ਵਰਕਰਾਂ ਠੰਡ ਵਿੱਚ ਸੜਕਾਂ ਤੇ ਰੁਲ ਰਹੀਆਂ ਹਨ।ਪਰ ਸੀ ਐਮ ਕੋਲ ਇਹਨਾਂ ਦੇ ਮਸਲੇ ਹੱਲ ਕਰਨ ਲਈ ਟਾਇਮ ਨਹੀਂ ਹੈ।

ਪਰ ਜਦੋਂ ਸਿਹਤ ਮੰਤਰੀ ਨਾਲ ਮੀਟਿੰਗ ਕਰਕੇ ਰੈਗੂਲਰ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੇਂਦਰ ਦਾ ਹਵਾਲਾ ਦੇ ਕੇ ਟਾਲ ਮਟੋਲ ਕੀਤਾ ਜਾਂਦਾ ਹੈ। ਸਿਹਤ ਮਹਿਕਮੇ ਵੱਲੋਂ ਹੈਲਥ ਵਰਕਰਾਂ ਨੂੰ ਨਿੱਤ ਨਵੀਆਂ ਚਿੱਠੀਆਂ ਕੱਢ ਕੇ ਪਹਿਲਾਂ ਤਨਖਾਹ ਬੰਦ ਕੀਤੀ ਅਤੇ ਹੁਣ ਟਰਮੀਨੇਸ਼ਨ ਦੀਆ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਵਰਕਰਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਧਮਕੀਆਂ ਦੇਣ ਦੀ ਬਜਾਏ ਰੇਗੂਲਰ ਕੀਤਾ ਜਾਵੇ ਤਾਂ ਜ਼ੋ ਲੋਕਾਂ ਨੂੰ ਸਮੇਂ ਸਮੇਂ ਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ।

ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਸਰਕਾਰ ਜਿੰਨੀਆਂ ਮਰਜ਼ੀ ਧਮਕੀਆਂ ਦੇ ਲਵੇ ਪਰ ਹੈਲਥ ਵਰਕਰਾਂ ਬਿਨਾਂ ਰੈਗੂਲਰ ਹੋਏ ਕੰਮ ਤੇ ਵਾਪਿਸ ਨਹੀਂ ਜਾਣਗੀਆਂ। ਅਤੇ ਇਹ ਸੰਘਰਸ਼ ਕਿਸਾਨ ਜਥੇਬੰਦੀਆਂ ਦੇ ਸਮਰਥਨ ਨਾਲ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ‘ਤੇ ਬੀ ਕੇ ਯੂ ਉਗਰਾਹਾਂ ਦੇ ਆਗੂ ਰਸ਼ਪਾਲ ਸਿੰਘ ਟਰਪੱਈ ਪਲਵਿੰਦਰ ਸਿੰਘ ਮਾਹਲ ਗੁਰਮੇਜ ਸਿੰਘ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਸਵਿੰਦਰ ਸਿੰਘ ਰੂਪੋਵਾਲ, ਕੰਟਰੈਕਟ ਮਲਟੀਪਰਪਜ ਹੈਲਥ ਵਰਕਰ ਦੇ ਆਗੂ ਸਰਬਜੀਤ ਚੰਚਲ ਬਾਲਾ, ਕਰੁਣਾ ਸ਼ਰਮਾ, ਰਣਜੀਤ ਕੌਰ,ਪ੍ਰਨੀਤ ਕੌਰ, ਰਣਜੀਤ ਕੌਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ