ਮੁੱਖ ਮੰਤਰੀ ਦੇ ਨਾਲ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਵੀ ਰਹਿਣਗੇ ਮੌਜੂਦ
ਅਰਵਿੰਦ ਕੇਜਰੀਵਾਲ ਨਾਲ ਬਿਤਾਉਣਗੇ ਅਗਲੇ 2 ਦਿਨ, ਅਧਿਕਾਰੀ ਵੀ ਜਾਣਗੇ ਨਾਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਅਗਲੇ ਦੋ ਦਿਨ ਤੱਕ ਦਿੱਲੀ ਵਿਖੇ ਹੀ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਲ ਦਿੱਲੀ ਦੌਰੇ ’ਤੇ ਜਾ ਰਹੇ ਹਨ, ਜਿੱਥੇ ਕਿ ਸਕੂਲ ਅਤੇ ਮੁਹੱਲਾ ਕਲੀਨਿਕ ਦਾ ਦੌਰਾ ਕਰਦੇ ਹੋਏ ਦਿੱਲੀ ਦੇ ਮਾਡਲ ਨੂੰ ਸਮਝਿਆ ਜਾਵੇਗਾ। ਭਗਵੰਤ ਮਾਨ ਆਪਣੇ ਮੰਤਰੀਆਂ ਦੇ ਨਾਲ ਹੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਵੀ ਨਾਲ ਲੈ ਕੇ ਜਾ ਰਹੇ ਹਨ ਤਾਂ ਕਿ ਅਧਿਕਾਰੀ ਸਾਰੀ ਤਕਨੀਕੀ ਜਾਣਕਾਰੀ ਲੈਣ ਦੇ ਨਾਲ ਹੀ ਉਸ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਸਬੰਧੀ ਰੂਪ ਰੇਖਾ ਤਿਆਰ ਕਰ ਸਕਣ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਚੰਗੇ ਸਕੂਲ ਅਤੇ ਸਿਹਤ ਕੇਂਦਰ ਤਿਆਰ ਕੀਤੇ ਜਾਣਗੇ। ਹੁਣ ਸੱਤਾ ਵਿੱਚ ਆਉਣ ਤੋਂ ਬਾਅਦ ਭਗਵੰਤ ਮਾਨ ਵੱਲੋਂ ਬੀਤੇ ਹਫ਼ਤੇ ਦਿੱਲੀ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪਰ ਕੁਝ ਕਾਰਨਾਂ ਕਰਕੇ ਉਸ ਦੌਰੇ ਨੂੰ ਟਾਲ ਦਿੱਤਾ ਗਿਆ ਸੀ ਅਤੇ ਹੁਣ ਸੋਮਵਾਰ ਅੱਜ ਤੋਂ ਦਿੱਲੀ ਦਾ 2 ਦਿਨਾਂ ਦੌਰਾ ਕੀਤਾ ਜਾ ਰਿਹਾ ਹੈ।
ਦਿੱਲੀ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਤਿਆਰੀ
ਦਿੱਲੀ ਵਿਖੇ ਭਗਵੰਤ ਮਾਨ ਸਰਕਾਰੀ ਸਕੂਲਾਂ ਅਤੇ ਮਹੱਲਾ ਕਲੀਨਿਕ ਨੂੰ ਦੇਖਣਾ ਚਾਹੁੰਦੇ ਹਨ ਅਤੇ ਸਮਝਣਾ ਚਾਹੁੰਦੇ ਹਨ ਕਿ ਘੱਟ ਖ਼ਰਚ ’ਤੇ ਦਿੱਲੀ ਸਰਕਾਰ ਨੇ ਇਹ ਸਾਰਾ ਕੰਮ ਕਿਵੇਂ ਕੀਤਾ ਹੈ ਤਾਂ ਕਿ ਉਸੇ ਤਰੀਕੇ ਨਾਲ ਹੀ ਪੰਜਾਬ ਵਿੱਚ ਲਾਗੂ ਕੀਤਾ ਜਾ ਸਕੇ। ਪੰਜਾਬ ਦੇ ਅਧਿਕਾਰੀ ਬਿਜਲੀ ਦੇ ਮੁੱਦੇ ’ਤੇ ਪਹਿਲਾਂ ਵੀ ਦਿੱਲੀ ਗਏ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਹੋਣ ਕਰਕੇ ਕਾਫ਼ੀ ਜਿਆਦਾ ਹੰਗਾਮਾ ਹੋ ਗਿਆ ਅਤੇ ਵਿਰੋਧੀਆਂ ਨੇ ਉਂਗਲ ਤੱਕ ਚੁੱਕ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਆਪਣੇ ਅਧਿਕਾਰੀਆਂ ਦੇ ਨਾਲ ਖੁਦ ਜਾ ਰਹੇ ਹਨ ਤਾਂ ਕਿ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਕਾਰਵਾਈ ਨੂੰ ਜਾਰੀ ਰੱਖਿਆ ਜਾਵੇ ਅਤੇ ਵਿਰੋਧੀਆਂ ਦੇ ਮੂੰਹ ਵੀ ਬੰਦ ਰੱਖੇ ਜਾ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ