ਪੰਜਾਬ ਕੈਬਨਿਟ ਦਾ ਤਵਾਜ਼ਨ

ਪੰਜਾਬ ਕੈਬਨਿਟ ਦਾ ਤਵਾਜ਼ਨ

ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਕਾਂਗਰਸ ਹਾਈਕਮਾਨ ਨੇ ਜਿੰਨਾਂ ਜ਼ੋਰਦਾਰ, ਇੱਕਦਮ ਤੇ ਜੋਸ਼ੀਲਾ ਫੈਸਲਾ ਲਿਆ ਸੀ ਕੈਬਨਿਟ ਗਠਨ ਵੇਲੇ ਓਨਾ ਹੀ ਜਿਆਦਾ ਠਰੰ੍ਹਮੇ ਤੇ ਸਮਝਦਾਰੀ ਤੋਂ ਕੰਮ ਲਿਆ ਗਿਆ ਹੈ ਮੰਤਰੀਆਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਤਿੰਨ ਵਾਰ ਦਿੱਲੀ ਸੱਦਿਆ ਸੀ ਜਿਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਹਾਈਕਮਾਨ ਕੋਈ ਠਾਹ ਸੋਟਾ ਮਾਰਨ ਦੀ ਬਜਾਇ ਪਾਰਟੀ ਦੇ ਅੰਦਰੂਨੀ ਹਾਲਾਤਾਂ ਨੂੰ ਠੀਕ ਰੱਖਣ ਦੇ ਨਾਲ-ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਚੀਜ ਨੂੰ ਵਿਚਾਰਨਾ ਚਾਹੁੰਦੀ ਹੈ

ਹਾਈਕਮਾਨ ਨੇ ਇਸ ਤੱਥ ਵੱਲ ਪੂਰਾ ਧਿਆਨ ਦਿੱਤਾ ਹੈ ਕਿ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਬਗਾਵਤੀ ਸੁਰਾਂ ਨਾਲ ਪਾਰਟੀ ਦਾ ਨੁਕਸਾਨ ਨਾ ਹੋਵੇ ਇਸ ਲਈ ਅਮਰਿੰਦਰ ਹਮਾਇਤੀ ਕੁਝ ਬੇਦਾਗ ਮੰਤਰੀਆਂ ਨੂੰ ਦੁਬਾਰਾ ਥਾਂ ਦੇਣ ਦੀ ਰਣਨੀਤੀ ਬਣਾਈ ਗਈ ਹੈ ਇੱਥੇ ਕਾਂਗਰਸ ਨੇ ਭਾਜਪਾ ਦੇ ਗੁਜਰਾਤ ਫਾਰਮੂਲੇ ਤੋਂ ਆਪਣੇ ਆਪ ਨੂੰ ਵੱਖ ਰੱਖਦਿਆਂ ਸਾਰੇ ਧੜਿਆਂ ਵੱਲ ਧਿਆਨ ਦਿੱਤਾ ਹੈ ਗੁਜਰਾਤ ’ਚ 22 ਦੇ 22 ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੀਂ ਟੀਮ ਲਾਈ ਗਈ ਹੈ ਪਰ ਕਾਂਗਰਸ ਨੇ ਪੰਜਾਬ ’ਚ ਨਵੇਂ ’ਤੇ ਪੁਰਾਣੇ ਮੰਤਰੀ ਲਾਉਣ ’ਚ ਕਾਫ਼ੀ ਮੱਥਾਪੱਚੀ ਕੀਤੀ ਹੈ

ਭਾਵੇਂ ਕਾਂਗਰਸ ਹਾਈਕਮਾਨ ਨੇ ਖੇਤਰਾਂ ਤੇ ਹੋਰ ਸਮੀਕਰਨਾਂ ਨੂੰ ਵੀ ਧਿਆਨ ’ਚ ਰੱਖਿਆ ਪਰ ਬਹੁਤਾ ਜ਼ੋਰ ਕੈਪਟਨ ਬਨਾਮ ਨਵਜੋਤ ਸਿੱਧੂ ਦੀ ਲੜਾਈ ’ਤੇ ਹੀ ਕੇਂਦਰਿਤ ਰਿਹਾ ਹੈ ਕੈਪਟਨ ਖਿਲਾਫ਼ ਝੰਡਾ ਚੁੱਕਣ ਵਾਲੇ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆ, ਅਮਰਿੰਦਰ ਰਾਜਾ ਵੜਿੰਗ ਨੂੰ ਮੰਤਰੀ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਕੈਪਟਨ ਦੇ ਕੱਟੜ ਹਮਾਇਤੀਆਂ ਨੂੰ ਵੀ ਸਖ਼ਤ ਸੰਦੇਸ਼ ਦਿੱਤਾ ਗਿਆ ਹੈ

ਫ਼ਿਰ ਵੀ ਹਰ ਚੀਜ਼ ਨੂੰ ਕੈਪਟਨ ਬਨਾਮ ਸਿੱਧੂ ਦੀ ਨਜ਼ਰ ਨਾਲ ਵੀ ਨਹੀਂ ਵੇਖਿਆ ਗਿਆ ਕੁਝ ਉਹਨਾਂ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ ਜੋ ਦੋਵਾਂ ਧੜਿਆਂ ਤੋਂ ਪੈਰ ਬਚਾ ਕੇ ਚੱਲਦੇ ਰਹੇ ਇਸ ਦੇ ਨਾਲ ਹੀ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਕੇ ਮੰਤਰੀਆਂ ਦੀ ਸੂਚੀ ’ਤੇ ਮੈਰਿਟ ਦੀ ਮੋਹਰ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ

ਕੁੱਲ ਮਿਲਾ ਕੇ ਪਾਰਟੀ ਨੇ ਨਵੀਂ ਕੈਬਨਿਟ ਦਾ ਗਠਨ ਕਰਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕੈਪਟਨ ਦੀ ਰਵਾਨਗੀ ਤੋਂ ਬਾਅਦ ਪਾਰਟੀ ’ਚ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਹੈ ਕਿਉਂਕਿ ਕੈਪਟਨ ਹਮਾਇਤੀ ਵੀ ਕੈਬਨਿਟ ’ਚ ਹਨ ਤੇ ਕੈਪਟਨ ਵਿਰੋਧੀ ਵੀ ਇਹ ਵੀ ਸਾਫ਼ ਸੰਕੇਤ ਹੈ ਕਿ ਕਿ ਕੋਈ ਧੜਾ ਭਾਵੇਂ ਕੈਪਟਨ ਵਿਰੋਧੀ ਹੈ ਪਰ ਉਸ ਨੂੰ ‘ਫਰੀ ਹੈਂਡ’ ਨਹੀਂ ਦਿੱਤਾ ਗਿਆ ਸਗੋਂ ਹਾਈਕਮਾਨ ਦੀ ਨਿਗਰਾਨੀ ’ਚ ਰੱਖਿਆ ਗਿਆ ਜੋ ਤਾਲਮੇਲ ਨੂੰ ਜ਼ਰੂਰੀ ਮੰਨ ਰਹੀ ਹੈ ਇਹ ਹੁਣ ਸਮਾਂ ਦੱਸੇਗਾ ਕਿ ਨਵੀਂ ਟੀਮ ਆਪਣੇ ਥੋੜੇ ਸਮੇਂ ’ਚ ਕਿਸ ਤਰ੍ਹਾਂ ਤਾਲਮੇਲ ਬਣਾ ਕੇ ਕੰਮ ਕਰਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ