ਬਾਜਵਾ ਤੇ ਦੂਲੋਂ ਨੇ ਗੁੰਡਾ ਟੈਕਸ ‘ਤੇ ਆਪਣੀ ਹੀ ਸਰਕਾਰ ਨੂੰ ਘੇਰਿਆ

Bajwa, Dullo, Surrounded, Government, Goons, Tax

ਕਿਹਾ, ਰੇਤੇ ਦੀ ਕਾਲਾ ਬਜ਼ਾਰੀ ਤੇ ਹੋਰ ਮਾਮਲਿਆਂ ‘ਚ ਹਾਲਾਤ ਅਕਾਲੀ-ਭਾਜਪਾ ਸਰਕਾਰ ਵਾਲੇ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਮੰਨੇ ਜਾਂਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਅੱਜ ਆਪਣੀ ਹੀ ਸੂਬਾ ਸਰਕਾਰ ਖਿਲਾਫ਼  ਭਖ਼ ਉੱਠੇ ਵਿਧਾਇਕਾਂ ਤੇ ਸਾਂਸਦਾਂ ਦੀ ਸਲਾਹ ਲੈਣ ਲਈ ਸੱਦੀ ਗਈ ਪ੍ਰੀ-ਬਜਟ ਮੀਟਿੰਗ ‘ਚ ਇਨ੍ਹਾਂ ਦੋਵਾਂ ਆਗੂਆਂ ਨੇ ਗੁੰਡਾ ਟੈਕਸ, ਰੇਤੇ ਦੀ ਕਾਲਾਬਜ਼ਾਰੀ ਤੇ ਟਰਾਂਸਪੋਰਟ ਮਾਫ਼ੀਆ ਦੇ ਮਾਮਲੇ ‘ਚ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਉੱਠਾਏ ਪੰਜਾਬ ਭਵਨ ‘ਚ ਦੋ ਗੇੜਾਂ ‘ਚ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਤੋਂ ਬਜਟ ਬਾਰੇ ਸੁਝਾਅ ਮੰਗੇ ਸਨ ਸਾਂਸਦ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਬਜਟ ਦੇ ਬਹਾਨੇ ਮੁੱਖ ਮੰਤਰੀ ਤੇ ਸਰਕਾਰ ਦੀ ਕਾਰਜਸ਼ੈਲੀ ਖਿਲਾਫ਼ ਤਿੱਖੇ ਹਮਲੇ ਕੀਤੇ।

ਇਹ ਵੀ ਪੜ੍ਹੋ : ਭੂਚਾਲ ਦੇ ਜ਼ੋਰਦਾਰ ਝਟਕੇ, ਭੂਚਾਲ ਦੀ ਤੀਬਰਤਾ ਰਿਐਕਟਰ ਸਕੇਲ ’ਤੇ 6.5

ਸਾਂਸਦ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਅਕਾਲੀ-ਭਾਜਪਾ ਦੇ ਖਿਲਾਫ਼ ਕਾਂਗਰਸ ਨੇ ਜੋ ਮੁੱਦੇ ਚੁੱਕੇ ਉਹ ਉੱਥੇ ਹੀ ਖੜ੍ਹੇ ਹਨ ਉਨ੍ਹਾਂ ਕਿਹਾ ਕਿ ਨਸ਼ਾ ਕਾਰੋਬਾਰ ਬੇਸ਼ੱਕ ਘੱਟ ਹੋਇਆ ਪਰ ਗੈਰ ਕਾਨੂੰਨੀ ਰੇਤੇ ਦੀ ਕਾਲਾਬਜ਼ਾਰੀ, ਗੁੰਡਾ ਟੈਕਸ ਤੇ ਟਰਾਂਸਪੋਰਟ ਮਾਫ਼ੀਆ ਨੂੰ ਸੁਰੱਖਿਆ ਦੇਣ ਦੇ ਦੋਸ਼ ਸਰਕਾਰ ‘ਤੇ ਲਾ ਰਹੇ ਹਨ ਜਦੋਂਕਿ ਹਾਲੇ ਸਿਰਫ਼ ਇੱਕ ਸਾਲ ਹੋਇਆ ਹੈ ਅਜਿਹੇ ‘ਚ ਅਸੀਂ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਲੋਕਾਂ ਦੇ ਸਾਹਮਣੇ ਕਿਵੇਂ ਜਾਵਾਂਗੇ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਕਿ ਵਿਰੋਧੀਆਂ ਨੂੰ ਭੰਡੀ ਦਾ ਕੋਈ ਮੌਕਾ ਨਾ ਮਿਲੇ।

ਓਧਰ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਮੀਟਿੰਗ ਨੂੰ ਸਕਾਰਾਤਮਕ ਕਦਮ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਖੁਸ਼ੀ ਹੋਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਵਿਧਾਇਕਾਂ ਨੂੰ ਮਿਲੇ ਤੇ ਸਲਾਹ ਲਈ ਮੀਟਿੰਗ ‘ਚ ਕਿਸਾਨੀ ਕਰਜ਼ੇ ਦਾ ਮੁੱਦਾ ਵੀ ਚੁੱਕਿਆ ਦੂਲੋਂ ਨੇ ਕਿਹਾ ਕਿ ਪੰਜਾਬ ‘ਚ ਹਾਲੇ ਵੀ ਲੈਂਡ ਮਾਫ਼ੀਆ, ਸੈਂਡ ਮਾਫ਼ੀਆ ਤੇ ਟਰਾਂਸਪੋਰਟ ਮਾਫ਼ੀਆ ਸਰਗਰਮ ਹੈ ਰਾਜਨੀਤਿਕ, ਪ੍ਰਸ਼ਾਸਨਿਕ ਤੇ ਪੁਲਿਸੀਆਂ ਗਠਜੋੜ ਸਰਗਰਮ ਹਨ ਕਾਂਗਰਸ ਜਿਨ੍ਹਾਂ ਵਾਅਦਿਆਂ ਕਰਕੇ ਸੱਤਾ ‘ਚ ਆਈ ਸੀ ਉਸ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ ਤੇ ਪਾਰਟੀ ਇਸ ਤੋਂ ਪਿੱਛੇ ਨਹੀਂ ਹਟੇਗੀ ਉਨ੍ਹਾਂ ਕਿਹਾ ਕਿ ਆਰਥਿਕ ਹਾਲਾਤ ਬੇਹੱਦ ਖਰਾਬ ਹਨ ਉਨ੍ਹਾਂ ਕਿਹਾ ਕਿ ਮਾਲੀਆ ਵਧਾਉਣ ਲਈ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ।

ਬੁਢਾਪਾ ਪੈਨਸ਼ਨ ਲਈ ਹਰ ਮਹੀਨੇ 128 ਕਰੋੜ ਹੋਣਗੇ ਜਾਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬੁਢਾਪਾ ਪੈਨਸ਼ਨ ਵੰਡਣ ਲਈ ਹਰ ਮਹੀਨੇ 128 ਕਰੋੜ ਰੁਪਏ ਜਾਰੀ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਸੇ ਸਾਲ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਫੋਨ ਵੰਡਣ ਦੀ ਸ਼ੁਰੂਆਤ ਕਰਨ ਦਾ ਵੀ ਭਰੋਸਾ ਦਿੱਤਾ। ਕਾਂਗਰਸ ਦੇ ਚੋਣ ਮਨੋਰਥ ਪੱਤਰ ਦਾ ਇੱਕ-ਇੱਕ ਵਾਅਦਾ ਅਮਲ ‘ਚ ਲਿਆਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਸਾਲ ‘ਚ ਹੀ ਲਗਭਗ 150 ਵਾਅਦੇ ਪੁਗਾ ਦਿੱਤੇ ਗਏ ਹਨ।

ਜਦਕਿ ਬਾਕੀ ਵਾਅਦਿਆਂ ਨੂੰ ਵੀ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 17.5 ਲੱਖ ਕਿਸਾਨਾਂ ਵਿੱਚੋਂ 10.25 ਲੱਖ ਕਿਸਾਨਾਂ ਲਈ ਕਰਜ਼ੇ ਦਾ ਨਿਪਟਾਰਾ ਇਸ ਸਾਲ ਦੇ ਨਵੰਬਰ ਮਹੀਨੇ ਤੱਕ ਕਰ ਦਿੱਤਾ ਜਾਵੇਗਾ ਅਤੇ ਇਸੇ ਮਹੀਨੇ ਹੀ ਸੂਬਾ ਪੱਧਰੀ ਸਮਾਗਮ ਕਰਕੇ ਇਕ ਲੱਖ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 11 ਮਾਰਚ ਦੇ ਰੁਜ਼ਗਾਰ ਮੇਲੇ ਦੌਰਾਨ 40 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਇੱਥੇ ਬਜਟ ਬਾਰੇ ਅਗਾਊਂ ਵਿਚਾਰ-ਚਰਚਾ ਲਈ ਆਪਣੀ ਕਿਸਮ ਦੀ ਇਸ ਪਹਿਲੀ ਮੀਟਿੰਗ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੁਖ਼ਾਤਿਬ ਹੋਏ।