ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ : ਮੁੱਖ ਮੰਤਰੀ ਚੰਨੀ

ਅਰਵਿੰਦ ਕੇਜਰੀਵਾਲ ਨੂੰ ਦੱਸਿਆ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ

  • ਰਾਏਕੋਟ ਹਲਕੇ ਤੋਂ ਆਪ ਦੇ ਵਿਧਾਇਕ ਕਾਂਗਰਸ ਵਿੱਚ ਸ਼ਾਮਲ

(ਬਲਜਿੰਦਰ ਭੱਲਾ) ਬਾਘਾਪੁਰਾਣਾ। ‘ਪੰਜਾਬ ਵਿਰੁੱਧ ਹਰੇਕ ਮਾੜੇ ਕੰਮ ਵਿੱਚ ਬਾਦਲਾਂ ਦਾ ਹੱਥ ਹੈ। ਸੂਬੇ ਵਿੱਚ ਕੇਬਲ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਹੋਰ ਅਜਿਹੇ ਕਾਰੋਬਾਰ ਬਾਦਲਾਂ ਦੇ ਸ਼ਾਸਨ ਦੌਰਾਨ ਵਧੇ-ਫੁਲੇ ਸਨ। ਇਸ ਮਾਫੀਏ ਨੇ ਪੰਜਾਬ ਦਾ ਸਰਮਾਏ ਦੀ ਅੰਨ੍ਹੀ ਲੁੱਟ ਕੀਤੀ। ਬਾਦਲਾਂ ਦੀ ਸਰਪ੍ਰਸਤੀ ਹੇਠ ਇਸ ਮਾਫੀਏ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਅਤੇ ਹੁਣ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਅਤੇ ਇਹ ਦਿਨ ਹੁਣ ਬਹੁਤੀ ਦੂਰ ਨਹੀਂ ਹਨ।’

ਬਾਦਲ ਪਰਿਵਾਰ ’ਤੇ ਇਹ ਸ਼ਬਦੀ ਵਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸਥਾਨਕ ਅਨਾਜ ਮੰਡੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ਇਸ ਮੌਕੇ ਉਹਨਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਨੇ ਕਿਹਾ ਕਿ ਬਾਦਲਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਵਿਰੁੱਧ ਕੀਤੇ ਗਏ ਬੱਜਰ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਉਨ੍ਹਾਂ ਨੇ ਬਾਦਲਾਂ ਦੀ ਸਰਪ੍ਰਸਤੀ ਵਾਲੇ ਮਾਫੀਏ ਵਿਰੁੱਧ ਲਗਾਮ ਕਸੀ ਤਾਂ ਬਾਦਲ ਆਪਣਾ ਬਚਾਅ ਕਰਨ ਲਈ ਇਧਰ-ਓਧਰ ਹੱਥ-ਪੈਰ ਮਾਰ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਬਾਦਲਾਂ ਦੇ ਗੁਨਾਹ ਮੁਆਫੀ ਦੇ ਲਾਇਕ ਨਹੀਂ ਅਤੇ ਵਧੀਕੀਆਂ ਅਤੇ ਗਲਤੀਆਂ ਲਈ ਉਨ੍ਹਾਂ ਦੀ ਜੁਆਬਦੇਹੀ ਤੈਅ ਕੀਤੀ ਜਾਵੇਗੀ।

ਮੁੱਖ ਮੰਤਰੀ ਚੰਨੀ ਨੇ ਬਾਦਲਾਂ ਦੀ ਮਾਲਕੀ ਵਾਲੇ ਕੇਬਲ ਮਾਫੀਏ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦੇਰੀ ਨਾਲ ਲਿਆ ਫੈਸਲਾ ਹੈ।
ਮੁੱਖ ਮੰਤਰੀ ਚੰਨੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਕਰਦਿਆਂ ਉਸ ਨੂੰ ਅਫਵਾਹਾਂ ਫੈਲਾਉਣ ਵਾਲਾ ਸਿਆਸਤਦਾਨ ਦੱਸਿਆ ਜੋ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਪੰਜਾਬ ਦੀ ਸੱਤਾ ਹਥਿਆਉਣ ਲਈ ਪੱਬਾਂ ਭਾਰ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਜੁੰਡਲੀ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਆਪਣੀ ਧਰਤੀ ਅਤੇ ਲੋਕਾਂ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿੱਚ ਪੰਜਾਬੀਆਂ ਨੇ ਨਾ ਤਾਂ ਕਦੇ ਸੂਬੇ ਦੀ ਸੱਤਾ ਬਾਹਰੀ ਵਿਅਕਤੀ ਦੇ ਹੱਥ ਵਿੱਚ ਸੌਂਪੀਂ ਹੈ ਅਤੇ ਨਾ ਹੀ ਭਵਿੱਖ ਵਿਚ ਅਜਿਹਾ ਹੋਣ ਦੇਣਗੇ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਦਿੱਲੀ ਮਾਡਲ ਦਾ ਕੋਈ ਵਜੂਦ ਨਹੀਂ ਹੈ ਜਦਕਿ ਕਾਂਗਰਸ ਦੇ ਪੰਜਾਬ ਮਾਡਲ ਨਾਲ ਲੋਕਾਂ ਨੂੰ ਬਿਹਤਰ ਸ਼ਾਸਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਲੋਕਾਂ ਨਾਲ ਭਾਵੁਕ ਸਾਂਝ ਪ੍ਰਗਟਾਉਂਦਿਆਂ ਕਿਹਾ ਕਿ ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਿਸ ਕਰਕੇ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਭਲੀ-ਭਾਂਤ ਜਾਣਦੇ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ, ਆਮ ਲੋਕਾਂ ਲਈ ਅਤੇ ਆਮ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ।

ਕਾਂਗਰਸ ਸਰਕਾਰ ਵੱਲੋਂ ਕੀਤੀਆਂ ਲੋਕ-ਪੱਖੀ ਪਹਿਲਕਦਮੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਬਿਜਲੀ ਬਿੱਲਾਂ ਦੇ 1500 ਕਰੋੜ ਰੁਪਏ ਦੇ ਬਕਾਏ ਮੁਆਫ ਕੀਤੇ ਗਏ ਹਨ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਹਨ, ਪੇਂਡੂ ਖੇਤਰਾਂ ਵਿੱਚ ਮੋਟਰਾਂ ਦੇ 1200 ਕਰੋੜ ਰੁਪਏ ਮੁਆਫ ਕੀਤੇ ਗਏ ਹਨ, ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਮਹੀਨਾ ਕੀਤੇ ਗਏ ਹਨ, ਰੇਤ ਦੇ ਰੇਟ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਗੰਨੇ ਦੇ 50 ਰੁਪਏ ਵਧੇ ਭਾਅ ਵਿੱਚੋਂ 35 ਰੁਪਏ ਦਾ ਖਰਚਾ ਸਹਿਣ ਕਰ ਰਹੀ ਹੈ ਜਦਕਿ ਪ੍ਰਾਈਵੇਟ ਮਿੱਲਾਂ ਨੂੰ ਹੁਣ ਸਿਰਫ 15 ਰੁਪਏ ਦਾ ਬੋਝ ਹੀ ਝੱਲਣਾ ਪੈ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਿਰਫ ਇਹ ਹੀ ਨਹੀਂ ਬਲਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਅਜਿਹੇ ਮਹੱਤਵਪੂਰਨ ਫੈਸਲੇ ਲਏ ਜਾਣਗੇ।

ਇਸ ਦੌਰਾਨ ਮੁੱਖ ਮੰਤਰੀ ਨੇ ਬਾਘਾਪੁਰਾਣਾ ਵਿੱਚ ਇੱਕ ਨਰਸਿੰਗ ਕਾਲਜ ਸਥਾਪਤ ਕਰਨ ਦੇ ਨਾਲ-ਨਾਲ ਸਹੀਦ ਭਗਤ ਸਿੰਘ ਦੇ ਨਾਂ ’ਤੇ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਗੁਰੂ ਨਾਨਕ ਕਾਲਜ ਅਤੇ ਸਪੋਰਟਸ ਅਕਾਦਮੀ ਲਈ ਗਰਾਂਟਾਂ ਦੇ ਨਾਲ ਬਾਘਾਪੁਰਾਣਾ ਦੇ ਦੋ ਮੌਜੂਦਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸਮਾਧ ਭਾਈ ਨੂੰ ਸਬ ਤਹਿਸੀਲ ਦਾ ਦਰਜਾ ਦੇਣ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਚੰਨੀ ਅਤੇ ਸ. ਸਿੱਧੂ ਦਾ ਸਵਾਗਤ ਕਰਦਿਆਂ ਬਾਘਾਪੁਰਾਣਾ ਤੋਂ ਵਿਧਾਇਕ ਸ੍ਰੀ ਦਰਸਨ ਸਿੰਘ ਬਰਾੜ ਨੇ ਕਿਹਾ ਕਿ ਇਹਨਾਂ ਆਗੂਆਂ ਵੱਲੋਂ ਇਸ ਹਲਕੇ ਦਾ ਦੌਰਾ ਕਰਨ ਲਈ ਉਨ੍ਹਾਂ ਕੋਲ ਧੰਨਵਾਦ ਕਰਨ ਵਾਸਤੇ ਸ਼ਬਦ ਨਹੀਂ ਹਨ। ਸ੍ਰੀ ਬਰਾੜ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਹਲਕੇ ਨੂੰ ਗ੍ਰਾਂਟਾਂ ਦੇਣ ਲਈ ਧੰਨਵਾਦ ਵੀ ਕੀਤਾ।

ਇਸ ਦੌਰਾਨ ਹਲਕਾ ਰਾਏਕੋਟ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ‘ਚ ਸਾਮਲ ਹੋ ਗਏ। ਮੁੱਖ ਮੰਤਰੀ ਚੰਨੀ ਅਤੇ ਸ. ਸਿੱਧੂ ਦੋਵਾਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਮੈਂਬਰ ਸ੍ਰੀ ਮੁਹੰਮਦ ਸਦੀਕ, ਵਿਧਾਇਕ ਦਰਸਨ ਸਿੰਘ ਬਰਾੜ, ਕੁਲਬੀਰ ਸਿੰਘ ਜੀਰਾ, ਸਤਿਕਾਰ ਕੌਰ ਅਤੇ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ, ਸੀਨੀਅਰ ਕਾਂਗਰਸੀ ਆਗੂ ਬਿੱਟੂ ਮਿੱਤਲ, ਐਡਵੋਕੇਟ ਨਰ ਸਿੰਘ ਬਰਾੜ, ਨਗਰ ਕੌਂਸਲ ਦੇ ਉੱਪ ਪ੍ਰਧਾਨ ਜਗਸੀਰ ਗਰਗ, ਕੌਂਸਲਰ ਜੱਗਾ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ