ਏਐੱਸਆਈ ਗੁਰਤੇਜ਼ ਸਿੰਘ ਵੱਢੀ ਲੈਂਦਾ ਵਿਜ਼ੀਲੈਂਸ ਅੜਿੱਕੇ

ASI, Gurtej Singh, Bribe, Vigilance, Hurdles

ਮਾਮਲਾ ਦਰਜ ਕਰਾਉਣ ਬਦਲੇ ਲੈ ਰਿਹਾ ਸੀ 5 ਹਜ਼ਾਰ ਰੁਪਏ ਵੱਢੀ

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼) । ਪੰਜਾਬ ਸਰਕਾਰ ਭ੍ਰਿਸ਼ਟਾਚਾਰ ਖਾਤਮੇ ਨੂੰ ਲੈ ਕੇ ਜਿੰਨੇ ਮਰਜ਼ੀ ਦਮਗੱਜੇ ਮਾਰ ਲਵੇ ਪ੍ਰੰਤੂ ਨਿੱਤ ਦਿਨ ਭ੍ਰਿਸ਼ਟਾਚਾਰ ਦੇ ਸਾਹਮਣੇ ਆ ਰਹੇ ਮਾਮਲੇ ਪੂਰੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਤਾਜਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਮਹਿਕਮੇ ਦੇ ਏਐਸਆਈ ਨੂੰ 5 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਸਥਾਨਕ ਵਿਜ਼ੀਲੈਂਸ ਬਿਊਰੋ ਦੀ ਟੀਮ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਏਐਸਆਈ ਇੱਕ ਪੀੜਤ ਮਹਿਲਾ ਤੋਂ ਮਾਮਲਾ ਦਰਜ਼ ਕਰਾਉਣ ਬਦਲੇ ਰਿਸ਼ਵਤ ਲੈ ਰਿਹਾ ਸੀ।

ਸੂਚਨਾ ਬਰਨਾਲਾ ਦੇ ਵਿਜ਼ੀਲੈਂਸ ਬਿਊਰੋ ਦੇ ਦਫ਼ਤਰ ਦਿੱਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜ਼ੀਲੈਂਸ ਬਿਊਰੋ ਦੇ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਸੇਖਾ ਰੋਡ ਗਲੀ ਨੰਬਰ 5 ਦੀ ਵਸਨੀਕ ਇੱਕ ਪੀੜਤ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ ਜਿਸ ਵਿੱਚ ਉਸ ਨਾਲ ਇੱਕ ਫਰਜ਼ੀ ਏਜੰਟ ਵੱਲੋਂ ਠੱਗੀ ਮਾਰਨ ਦਾ ਦੋਸ਼ ਸੀ। ਪੁਲਿਸ ਦੇ ਈਓ ਵਿਭਾਗ ‘ਚ ਏਐਸਆਈ ਗੁਰਤੇਜ਼ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਿਹਾ ਸੀ। ਪੀੜਤ ਮਹਿਲਾ ਅਨੁਸਾਰ ਉਸਨੇ ਫਰਜ਼ੀ ਏਜੰਟ ਖਿਲਾਫ਼ ਮਾਮਲਾ ਦਰਜ਼ ਕਰਨ ਦੇ ਬਦਲੇ ਪੀੜਤ ਮਹਿਲਾ ਤੋਂ 5 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਦੀ ਸੂਚਨਾ ਉਸਨੇ ਬਰਨਾਲਾ ਦੇ ਵਿਜ਼ੀਲੈਂਸ ਬਿਊਰੋ ਦੇ ਦਫ਼ਤਰ ਵਿਖੇ ਦਿੱਤੀ। ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਕੈਮੀਕਲਯੁਕਤ ਪੰਜ-ਪੰਜ ਸੌ ਦੇ ਦਸ ਨੋਟ ਪੀੜਤ ਮਹਿਲਾ ਨੂੰ ਉਕਤ ਇੰਸਪੈਕਟਰ ਨੂੰ ਦੇਣ ਹਿੱਤ ਦਿੱਤੇ ਗਏ।

ਜਿਸ ਉਪਰੰਤ ਏਐਸਆਈ ਗੁਰਤੇਜ਼ ਸਿੰਘ ਨੂੰ ਅੱਜ ਈਓ ਵਿੰਗ ‘ਚ ਡਿਊਟੀ ਦੌਰਾਨ ਰਿਸ਼ਵਤ ਲੈਂਦਿਆਂ ਮੌਕੇ ਤੋਂ ਹੀ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਰੰਗੇ ਹੱਥੀਂ ਕਾਬੂ ਕਰ ਲਿਆ। ਜਿਸ ਖਿਲਾਫ਼ ਧਾਰਾ 7,13 (2) 88 ਬੀਸੀ ਐਕਟ ਤਹਿਤ ਥਾਣਾ ਵਿਜ਼ੀਲੈਂਸ ਬਿਊਰੋ ਪਟਿਆਲਾ ਵਿਖੇ ਦਰਜ਼ ਕਰ ਲਿਆ ਹੈ। ਇਸ ਮੌਕੇ ਸਰਕਾਰੀ ਗਵਾਹ ਤੌਰ ‘ਤੇ ਮਨਦੀਪ ਸਿੰਘ ਵੈਟਰਨਰੀ ਅਫ਼ਸਰ ਸੀਵੀਐਚ ਚੰਨਣਵਾਲ, ਮਲਕੀਤ ਸਿੰਘ ਵੈਟਰਨਰੀ ਅਫ਼ਸਰ ਸੀਵੀਐਚ ਕੱਟੂ, ਏਐਸਆਈ ਸਤਿਗੁਰ ਸਿੰਘ, ਹੌਲਦਾਰ ਰਜਿੰਦਰ ਸਿੰਘ, ਗੁਰਦੀਪ ਸਿੰਘ, ਅਮਨਦੀਪ ਸਿੰਘ, ਰਜਿੰਦਰ ਸਿੰਘ, ਚਮਕੌਰ ਸਿੰਘ, ਮਹਿਲਾ ਸਿਪਾਹੀ ਰੀਤੂ ਸ਼ਰਮਾ ਅਤੇ ਕੁਲਦੀਪ ਸਿੰਘ ਵਿਜ਼ੀਲੈਂਸ ਮੁਲਾਜ਼ਮ ਹਾਜ਼ਰ ਸਨ।