ਚੀਨ ਦੀ ਇੱਕ ਹੋਰ ਮਾੜੀ ਹਰਕਤ

China

ਚੀਨ (China) ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦਾ ਨਾਂਅ ਬਦਲ ਕੇ ਭਾਰਤ ਦੀ ਅਖੰਡਤਾ ਨਾਲ ਛੇੜਛਾੜ ਦੀ ਹਰਕਤ ਕੀਤੀ ਹੈ। ਚੀਨ ਦੀ ਇਹ ਤੀਜੀ ਵਾਰ ਹਰਕਤ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਹਰਕਤ ’ਤੇ ਸਖਤ ਪ੍ਰਤੀਕਿਰਿਆ ਕੀਤੀ ਹੈ। ਚੀਨ ਦੀਆਂ ਅਜਿਹੀਆਂ ਹਰਕਤਾਂ ਕਾਰਨ ਹੀ ਦੋਵਾਂ ਮੁਲਕਾਂ ਦਰਮਿਆਨ ਬੇਵਿਸ਼ਵਾਸੀ ਦਾ ਮਾਹੌਲ ਬਣਿਆ ਹੋਇਆ। ਇਹ ਚੀਜਾਂ ਸਾਬਤ ਕਰਦੀਆਂ ਹਨ ਕਿ ਚੀਨ ਦੀ ਕਥਨੀ ਤੇ ਕਰਨੀ ’ਚ ਫਰਕ ਅਚਾਨਕ ਨਹੀਂ ਸਗੋਂ ਇੱਕ ਰਣਨੀਤੀ ਦਾ ਨਤੀਜਾ ਹੈ।

ਵਿਦੇਸ਼ ਮੰਤਰਾਲੇ ਤੇ ਫੌਜੀ ਕਮਾਂਡਰ ਪੱਧਰ ਦੀਆਂ ਮੀਟਿੰਗਾਂ ’ਚ ਚੀਨ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਦੇ ਦਾਅਵੇ ਕਰਦਾ ਹੈ ਪਰ ਵਿਹਾਰਕ ਰੂਪ ’ਚ ਚੀਨ ਨੂੰ ਅਖੰਡਤਾ ਹਜ਼ਮ ਨਹੀਂ ਹੁੰਦੀ। ਦੋ ਹਰਕਤਾਂ ਕਰਕੇ ਇੱਕ ਵਾਰ ਗਲਤੀ ਮੰਨ ਲਈ ਜਾਂਦੀ ਹੈ ਕੁਝ ਸਮੇਂ ਬਾਅਦ ਫ਼ਿਰ ਦੋ ਗਲਤ ਹਰਕਤਾਂ ਕਰ ਦਿੱਤੀਆਂ ਜਾਂਦੀਆਂ ਹਨ। ਗਲਵਾਨ ਘਾਟੀ ’ਚ ਚੀਨ ਫੌਜ ਵੱਲੋਂ ਐਲਏਸੀ ਪਾਰ ਕਰਕੇ ਭਾਰਤੀ ਫੌਜੀਆਂ ’ਤੇ ਹਮਲਾ ਕਰਕੇ 20 ਫੌਜੀਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਕਈ ਮੀਟਿੰਗਾਂ ਹੋਣ ਦੇ ਬਾਵਜੂਦ ਚੀਨ ਦੀ ਨੀਤੀ ਤੇ ਨੀਅਤ ’ਚ ਕੋਈ ਅੰਤਰ ਨਹੀਂ ਆਇਆ। ਅਸਲ ’ਚ ਚੀਨ ਦੀ ਨੀਅਤ ’ਚ ਵੱਡਾ ਖੋਟ ਹੈ।

China ਦੀ ਇੱਕ ਹੋਰ ਮਾੜੀ ਹਰਕਤ

ਭਾਵੇਂ ਭਾਰਤ ਸਰਕਾਰ ਦਾ ਸੰਜਮ ਸ਼ਲਾਘਾਯੋਗ ਹੈ ਤੇ ਇਕਦਮ ਜੰਗ ਛੇੜ ਲੈਣਾ ਕੋਈ ਸਿਆਣਪ ਦੀ ਗੱਲ ਨਹੀਂ ਪਰ ਚੀਨ ਦੀਆਂ ਕਾਰਵਾਈ ਦਾ ਸਿਧਾਂਤਕ ਰੂਪ ’ਚ ਵਿਰੋਧ ਕਰਨ ਲਈ ਹਮੇਸ਼ਾ ਸੁਚੇਤ ਰਹਿਣਾ ਪਵੇਗਾ। ਭਾਵੇਂ ਦੋਵਾਂ ਮੁਲਕਾਂ ਨੇ ਆਪਣੇ ਮਸਲੇ ਆਪਸੀ ਗੱਲਬਾਤ ਰਾਹੀਂ ਕਰਨ ਦਾ ਫੈਸਲਾ ਲਿਆ ਹੋਇਆ ਹੈ ਫਿਰ ਵੀ ਭਾਰਤ ਨੂੰ ਗੱਲਬਾਤ ’ਚ ਹਮਲਾਵਰ ਰੁਖ ਅਪਣਾਉਣਾ ਪਵੇਗਾ। ਹਾਲ ਦੀ ਘੜੀ ਚੀਨੀ ਵਿਦੇਸ਼ ਮੰਤਰਾਲਾ ਅਜੇ ਇਸੇ ਸੋਚ ’ਚ ਹੈ ਕਿ ਉਸ (ਚੀਨ) ਦੀਆਂ ਗਲਤੀਆਂ ਦੁਨੀਆ ’ਚ ਜ਼ਾਹਿਰ ਨਹੀਂ ਹੋ ਰਹੀਆਂ। ਭਾਰਤ ਸਰਕਾਰ ਨੂੰ ਚੀਨ ਦੀਆਂ ਗਲਤੀਆਂ ਦਾ ਪਰਦਾਫਾਸ਼ ਕਰਕੇ ਸੱਚਾਈ ਦੁਨੀਆ ਦੇ ਸਾਹਮਣੇ ਰੱਖਣੀ ਪਵੇਗੀ।

ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ ਚੀਨ ਦੀ ਘੇਰਾਬੰਦੀ ਲਈ ਏਸ਼ੀਆ ਮਹਾਂਦੀਪ ’ਚ ਆਪਣੀ ਸਥਿਤੀ ਹੋਰ ਮਜ਼ਬੂਤ ਬਣਾਉਣੀ ਚਾਹੀਦੀ ਹੈ। ਚੀਨ ਨੇਪਾਲ, ਭੂਟਾਨ, ਬੰਗਲਾਦੇਸ਼ ਮਜ਼ਬੂਤ ਕਰਨ ਦੀ ਰਣਨੀਤੀ ਨੂੰ ਅੱਗੇ ਵਧਾ ਰਿਹਾ ਹੈ ਅਤੇ ਖਾਸ ਕਰਕੇ ਰੂਸ ਨਾਲ ਨੇੜਤਾ ਪੈਦਾ ਕਰਕੇ ਦੁਨੀਆ ਭਰ ’ਚ ਆਪਣਾ ਗੁਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੰਗੀ ਗੱਲ ਹੈ ਕਿ ਰੂਸ ਯੂਕਰੇਨ ਜੰਗ ’ਚ ਭਾਰਤ ਨੇ ਰੂਸ ਖਿਲਾਫ਼ ਫੈਸਲਿਆਂ ਤੋਂ ਦੂਰੀ ਬਣਾ ਕੇ ਰੂਸ ਨਾਲ ਆਪਣੀ ਨੇੜਤਾ ਕਾਇਮ ਰੱਖੀ ਹੈ। ਭਾਰਤ ਨੂੰ ਰੂਸ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਆਪਣੇ ਕਦਮ ਅੱਗੇ ਵਧਾਉਣ ਦੇ ਯਤਨਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਚੀਨ ਨੂੰ ਰੋਕਣ ਲਈ ਆਰਥਿਕ ਮੋਰਚੇ ’ਤੇ ਸਖਤ ਪਹਿਰਾ ਦੇਣਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ