ਸਰਕਾਰੀ ਹੁਕਮਾਂ ਤੋਂ ਪਹਿਲਾਂ 1 ਜੂਨ ਤੋਂ ਝੋਨਾ ਲਗਾਉਣ ਦਾ ਐਲਾਨ

Government, Order, Announcement, Transplantation, June

ਜੇਕਰ ਸਰਕਾਰ ਨੇ ਝੋਨੇ ਦੀ ਬਿਜਾਈ ਲੇਟ ਕਰਾਉਣੀ ਹੈ ਤਾਂ ਦੇਵੇ ਮੁਆਵਜ਼ਾ: ਡੱਲੇਵਾਲਾ

ਸਾਦਿਕ (ਅਰਸ਼ਦੀਪ ਸੋਨੀ)। ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਝੋਨਾ ਲਗਾਉਣ ਦੇ ਐਲਾਨ ਨੂੰ ਅਣਗੌਲਿਆਂ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਪਹਿਲੀ ਜੂਨ ਤੋਂ ਝੋਨਾ ਲਾਉਣਾ ਸ਼ੁਰੂ ਕਰਨ, ਰੋਕਣ ਵਾਲਿਆਂ ਨਾਲ ਜਥੇਬੰਦੀ ਨਿਪਟੇਗੀ। ਇਹ ਜਾਣਕਾਰੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਦਿੱਤੀ। ਇਕੱਠ ਨੂੰ ਸੰਬੋਧਨ ਕਰਦਿਆਂ ਡੱਲੇਵਾਲਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ 20 ਮਈ ਤੋਂ ਪਨੀਰੀ ਅਤੇ 20 ਜੂਨ ਤੋਂ ਝੋਨਾ ਲਗਾਉਣ ਲਈ ਕਹਿ ਰਹੀ ਹੈ ਜਦੋਂ ਕਿ 20 ਜੂਨ ਨੂੰ ਝੋਨੇ ਦੀ ਬਿਜਾਈ ਲੇਟ ਹੋ ਜਾਂਦੀ ਹੈ ਤੇ ਅੱਗੋ ਕਣਕ ਦੀ ਬਿਜਾਈ ਲਈ ਸਮਾਂ ਘੱਟਦਾ ਹੈ ਜਿਸ ਨਾਲ ਕਣਕ ਦੀ ਫਸਲ ਦਾ ਝਾੜ ਘਟਦਾ ਹੈ।

ਅਗਰ ਸਰਕਾਰ ਨੇ ਆਪਣੀ ਸ਼ਰਤ ਪੁਗਾਉਣੀ ਹੈ ਤਾਂ 20 ਜੂਨ ਨੂੰ ਝੋਨਾ ਲਾਉਣ ਵਾਲੇ ਕਿਸਾਨਾਂ ਲਈ ਪੰਜ-ਪੰਜ ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਐਲਾਨ ਕਰੇ। ਜੇ ਸੂਬਾ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਜਥੇਬੰਦੀ ਕਿਸਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ 10 ਮਈ ਤੋਂ ਪਨੀਰੀ ਬੀਜਣੀ ਸ਼ੁਰੂ ਕਰ ਦੇਣ ਅਤੇ ਪਹਿਲੀ ਜੂਨ ਨੂੰ ਝੋਨਾ ਲਾਉਣਾ ਸ਼ੁਰੂ ਕਰ ਦੇਣ। ਜੇ ਕੋਈ ਵੀ ਸਰਕਾਰੀ ਵਿਭਾਗ ਦਾ ਅਧਿਕਾਰੀ ਕਿਸਾਨਾਂ ਨੂੰ 1 ਜੂਨ ਤੋਂ ਝੋਨਾ ਲਾਉਣ ਤੋਂ ਰੋਕੇਗਾ ਤਾਂ ਉਸ ਦਾ ਘੇਰਾਓ ਕੀਤਾ ਜਾਵੇਗਾ।