‘ਪੇਂਟਰ’ ਤੋਂ ਪ੍ਰੋਫੈਸਰ ਬਣੇ ਅੰਗਰੇਜ ਸਿੰਘ ਨੂੰ ਕੌਮੀ ਪੁਰਸਕਾਰ ਨੇ ਦਿੱਤੇ ਖੁਸ਼ੀਆਂ ਦੇ ‘ਰੰਗ’

ਕਾਲਜ ‘ਚ ਅਧਿਆਪਨ ਦੇ ਨਾਲ-ਨਾਲ ਐਨਐਸਐਸ ਪ੍ਰੋਗਰਾਮ ਅਫਸਰ ਵਜੋਂ ਮਿਲਿਆ ਕੌਮੀ ਪੁਰਸਕਾਰ

ਬਠਿੰਡਾ, (ਸੁਖਜੀਤ ਮਾਨ) ਜ਼ਿਲ੍ਹੇ ਦੇ ਪਿੰਡ ਰਾਜਗੜ੍ਹ ਕੁੱਬੇ ਵਾਸੀ ਅੰਗਰੇਜ ਸਿੰਘ ਹੁਣ ਇਕੱਲਾ ਪੇਂਟਰ ਜਾਂ ਪ੍ਰੋਫੈਸਰ ਹੀ ਨਹੀਂ ਸਗੋਂ ਕੌਮੀ ਪੁਰਸਕਾਰ ਵਿਜੇਤਾ ਵੀ ਹੈ। ਪਿੰਡ ਦੇ ਸਕੂਲ ‘ਚੋਂ ਬਾਰਵੀਂ ਜ਼ਮਾਤ ਪਾਸ ਕਰਕੇ ਅੰਗਰੇਜ ਸਿੰਘ ਮਾਪਿਆਂ ਦਾ ਕਬੀਲਦਾਰੀ ‘ਚ ਹੱਥ ਵਟਾਉਣ ਲਈ ਪੇਂਟਰ ਬਣ ਗਿਆ। ਉਸਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਪੇਂਟਿੰਗ ‘ਚੋਂ ਚਾਰ ਪੈਸੇ ਕਮਾ ਕੇ ਐਮਸੀਏ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਤੋਂ ਕੀਤੀ । ਹੋਰ ਉਚੇਰੀ ਪੜ੍ਹਾਈ ਕਰਨ ਤੋਂ ਬਾਅਦ ਵੱਖ-ਵੱਖ ਵਿੱਦਿਅਕ ਸੰਸਥਾਵਾਂ ‘ਚ ਅਧਿਆਪਨ ਦਾ ਕਾਰਜ਼ ਸ਼ੁਰੂ ਕੀਤਾ ਤੇ ਇਸ ਵੇਲੇ ਮਾਤਾ ਸੁੰਦਰੀ ਗਰਲਜ਼ ਕਾਲਜ ਢੱਡੇ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਤੇ ਐਨਐਸਐਸ ਪ੍ਰੋਗਰਾਮ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ

ਜਿੰਨ੍ਹਾਂ ਨੂੰ ਪਿਛਲੇ ਦਿਨਾਂ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਇੱਕ ਦਹਾਕੇ ਬਾਅਦ ਐਨਐਸਐਸ ਖੇਤਰ ‘ਚ ਮਿਲਿਆ ਹੈ, ਜੋ ਰਾਸ਼ਟਰਪਤੀ ਨੇ ਆਨਲਾਈਨ ਸਮਾਗਮ ਰਾਹੀਂ ਸੌਂਪਿਆ। ਗੱਲਬਾਤ ਦੌਰਾਨ ਅੰਗਰੇਜ ਸਿੰਘ ਨੇ ਦੱਸਿਆ ਕਿ ਘਰੇਲੂ ਹਾਲਾਤ ਆਰਿਥਕ ਤੰਗੀ ਵਾਲੇ ਹੋਣ ਕਰਕੇ ਬੀਏ ਕਰਨ ਵਾਸਤੇ ਵੀ ਫੀਸ ਨਹੀਂ ਸੀ ਪਰ ਉਸਨੇ ਆਪਣੀ ਪੇਂਟਰ ਵਜੋਂ ਮਿਹਨਤ ਕਰਕੇ ਪੜ੍ਹਾਈ ਨੇਪਰੇ ਚਾੜ੍ਹੀ। ਉਨ੍ਹਾਂ ਦੱਸਿਆ ਕਿ ਉਹ ਐਨਐਸਐਸ ਦੇ ਰਾਹੀਂ ਸਮਾਜਿਕ ਗਤੀਵਿਧੀਆਂ, ਲੋੜਵੰਦਾਂ ਦੀ ਮੱਦਦ ਕਰਦੇ ਹੋਏ ਸਮਾਜਿਕ ਜਾਗਰੂਕਤਾ ਦਾ ਕੰਮ ਕਰਦਾ ਰਹਿੰਦਾ ਹੈ।

ਹੁਣ ਤੱਕ ਉਹ 4 ਲੜਕੀਆਂ ਨੂੰ ਟ੍ਰੇਨਿੰਗ ਦੇ ਕੇ ਗਣਤੰਤਰ ਦਿਵਸ ਦੀ ਕੌਮੀ ਪਰੇਡ ਲਈ ਭੇਜ ਚੁੱਕੇ ਹਨ । ਆਪਣੇ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਪਹਾੜੀ ਇਲਾਕਿਆਂ ‘ਚ ਟਰੈਕਿੰਗ ਕਰਨ ਤੋਂ ਇਲਾਵਾ 15 ਵਾਰ ਖੂਨਦਾਨ ਕਰ ਚੁੱਕਾ ਹੈ। ਬਠਿੰਡਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ‘ਚ ਪੌਦੇ ਲਾ ਕੇ ਸਾਂਭ ਸੰਭਾਲ ਦਾ ਫਰਜ਼ ਵੀ ਨਿਭਾ ਰਿਹਾ ਹੈ।

ਕੌਮੀ ਪੁਰਸਕਾਰ ਤੋਂ ਪਹਿਲਾਂ ਹੁਣ ਤੱਕ ਮਿਲੇ ਸਨਮਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 2 ਵਾਰ ਕੌਮਾਂਤਰੀ ਪੁਰਸਕਾਰ, ਕੌਮਾਂਤਰੀ ਪ੍ਰਸੰਸਾ ਪੱਤਰ ਸ੍ਰੀਲੰਕਾ ਦੇ ਕੋਲੰਬੋ ਵਿਖੇ ਮਾਲਦੀਵ ਦੇ ਯੂਥ ਮਨਿਸਟਰ ਵੱਲੋਂ ਸਾਊਥ ਏਸ਼ੀਅਨ ਯੂਥ ਸਮਿਟ ਦੌਰਾਨ 2018 ‘ਚ ਦਿੱਤਾ ਸੀ। ਗੋਲਬਲ ਯੂਥ ਪੀਸ ਅੰਬੈਸਡਰ ਪੁਰਸਕਾਰ 2019 ‘ਚ ਮਾਲਦੀਵ ਦੀ ਰਾਜਧਾਨੀ ਮਾਲਿਆ ਵਿਖੇ ਮਿਲਿਆ। ਇਸ ਤੋਂ ਇਲਾਵਾ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵੱਲੋਂ ਸ਼ਹੀਦੇ ਆਜ਼ਮ ਸ੍ਰ. ਭਗਤ ਸਿੰਘ ਸਟੇਟ ਯੂਥ ਐਵਾਰਡ 2017 ‘ਚ ਮਿਲਿਆ ਕੌਮੀ ਯੂਥ ਆਈਕਨ ਐਵਾਰਡ, ਕਲਾਮ ਯੂਥ ਲੀਡਰਸ਼ਿਪ ਕੌਮੀ ਐਵਾਰਡ ਤੇ ਹੋਰ ਕਈ ਰਾਜ ਪੱਧਰੀ ਸਨਮਾਨ ਹਾਸਿਲ ਹੋ ਚੁੱਕੇ ਹਨ।

‘ਭਾਵੇਂ ਪ੍ਰੋਫੈਸਰ ਬਣ ਗਿਆ, ਪੇਟਿੰਗ ਨਹੀਂ ਛੱਡਾਂਗਾ’

ਪ੍ਰੋ. ਅੰਗਰੇਜ ਸਿੰਘ ਨੇ ਆਖਿਆ ਕਿ ਕੌਮੀ ਪੁਰਸਕਾਰ ਮਿਲਣ ਤੋਂ ਬਾਅਦ ਉਸਦੀ ਸਮਾਜ ਪ੍ਰਤੀ ਜਿੰਮੇਵਾਰੀ ਹੋਰ ਵਧ ਗਈ ਹੈ ਪਰ ਉਹ ਪ੍ਰੋਫੈਸਰ ਹੋਣ ਦੇ ਨਾਤੇ ਹੁਣ ਵੀ ਪੇਟਿੰਗ ਦਾ ਕੰਮ ਨਹੀਂ ਛੱਡੇਗਾ। ਉਨ੍ਹਾਂ ਆਖਿਆ ਕਿ ਉਹ ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਨਾਲ-ਨਾਲ ਫਰਜ਼ਾਂ ਤੋਂ ਵੀ ਵੱਧ ਤੋਂ ਵੱਧ ਜਾਣੂੰ ਕਰਵਾਉਣ ਦੀ ਕੋਸ਼ਿਸ ਕਰਦਾ ਰਹੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.