ਪੁਰਾਣੀ ਰੰਜਿਸ਼ ਤਹਿਤ ਕਾਰ ਸਵਾਰਾਂ ’ਤੇ ਹਮਲਾ, ਇੱਕ ਅਗਵਾ

Attack

ਹਮਲਾਵਰਾਂ ਵੱਲੋਂ ਅਗਵਾ ਵਿਅਕਤੀ ਦੀ ਕੁੱਟਮਾਰ ਕਰਨ ਪਿੱਛੋਂ ਪੁਲਿਸ ਹਵਾਲੇ ਕਰਨ ਦਾ ਦਾਅਵਾ | Attack

ਮਲੇਰਕੋਟਲਾ (ਗੁਰਤੇਜ ਜੋਸ਼ੀ)। ਸਥਾਨਕ ਕੋਲ ਗੇਟ ਦੇ ਬਾਹਰ ਕਰੀਬ ਅੱਧੀ ਦਰਜਨ ਨੌਜਵਾਨਾਂ ਵੱਲੋਂ ਇਕ ਕਾਰ ਨੂੰ ਘੇਰ ਕੇ ਜਿੱਥੇ ਕਾਰ ਉੱਪਰ ਰਾਡਾਂ ਤਲਵਾਰਾਂ ਨਾਲ ਕਥਿਤ ਹਮਲਾ (Attack) ਕਰ ਦਿੱਤਾ ਉੱਥੇ ਕਾਰ ਸਵਾਰ ਦੋ ਨੌਜਵਾਨਾਂ ਵਿਚੋਂ ਇਕ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ। ਇਸ ਵਾਰਦਾਤ ਸਬੰਧੀ ਸਥਾਨਕ ਕੱਚਾ ਕੋਟ ਵਾਸੀ ਮੁਹੰਮਦ ਨਿਸਾਰ ਪੁੱਤਰ ਅਬਦੁਲ ਮਜੀਦ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਤੇ ਪੁਲਿਸ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਜਣਿਆਂ ਉੱਪਰ ਅਗਵਾ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਕੱਲ੍ਹ ਦੇਰ ਸ਼ਾਮ ਸਥਾਨਕ ਕੋਲ ਗੇਟ ਦੇ ਬਾਹਰ ਨਹਿਰੂ ਮਾਰਕੀਟ ਵੱਲੋਂ ਬਾਜਾਰ ਵੱਲ ਜਾ ਰਹੀ ਕਾਲੇ ਰੰਗ ਦੀ ਕਾਰ ਨੂੰ ਅਚਾਨਕ ਇਕ ਕਾਰ ਅਤੇ ਮੋਟਰਸਾਇਕਲ ਸਵਾਰ ਕੁੱਝ ਨੌਜਵਾਨਾਂ ਵੱਲੋਂ ਘੇਰ ਕੇ ਉਸ ਉੱਪਰ ਕਥਿਤ ਤੌਰ ’ਤੇ ਰਾਡਾਂ ਅਤੇ ਤਲਵਾਰਾਂ ਨਾਲ ਹਮਲਾ ਕਰ ਦਿਤਾ ਗਿਆ। ਅਚਾਨਕ ਹੋਏ ਹਮਲੇ ’ਚ ਆਪਣੇ ਆਪ ਨੂੰ ਬਚਾਉਣ ਲਈ ਕਾਲੀ ਕਾਰ ਵਾਲੇ ਨੌਜਵਾਨਾਂ ਨੇ ਕਾਰ ਪਿੱਛੇ ਵੱਲ ਤੇਜ਼ੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ। ਇਸੇ ਕੋਸ਼ਿਸ਼ ਵਿਚ ਕਾਰ ਨੇ ਇਕ ਹੋਰ ਚਿੱਟੇ ਰੰਗ ਦੀ ਕਾਰ ਅਤੇ ਐਕਟਿਵਾ ਸਕੂਟਰੀ ਸਵਾਰ ਨੂੰ ਬੁਰੀ ਤਰ੍ਹਾਂ ਦਰੜਨ ਸਮੇਤ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਵੀ ਤੋੜ ਦਿਤਾ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ

ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਰੋਹੜੀ ਕੋਲ ਖੜ੍ਹ ਕੇ ਬਰਗਰ ਖਾ ਰਹੇ ਸਕੂਟਰੀ ਸਵਾਰ ਇਕ ਨੌਜਵਾਨ ਦੀਆਂ ਕਾਰ ਦੀ ਫੇਟ ਵਿਚ ਆਉਣ ਨਾਲ ਲੱਤਾਂ ਟੁੱਟ ਗਈਆਂ ਅਤੇ ਸਕੂਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ। ਖੱਬੇ ਪਾਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਆਪਣੀ ਕਾਰ ਵਿੱਚੋਂ ਨਿਕਲ ਕੇ ਦੋਵੇਂ ਨੌਜਵਾਨਾਂ ਨੇ ਜਾਨ ਬਚਾਉਣ ਲਈ ਪਿੱਛੇ ਵੱਲ ਦੌੜਨ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੌਜਵਾਨ ਉਨ੍ਹਾਂ ਵਿਚੋਂ ਇੱਕ ਵਿਅਕਤੀ ਨੂੰ ਅਗਵਾ ਕਰ ਗੱਡੀ ਲੈ ਕੇ ਫਰਾਰ ਹੋ ਗਏ ਅਗਵਾ ਕੀਤੇ ਨੌਜਵਾਨ ਦਾ ਨਾਂਅ ਮੁਹੰਮਦ ਅਨਸ ਦੱਸਿਆ ਗਿਆ ਹੈ।

ਮੁਹੰਮਦ ਅਨਸ ਦੇ ਪਿਤਾ ਮੁਹੰਮਦ ਨਿਸਾਰ ਵੱਲੋਂ ਪੁਲਿਸ ਥਾਣਾ ਸਿਟੀ-2 ਮਲੇਰਕੋਟਲਾ ਵਿਖੇ ਦਰਜ ਕਰਵਾਏ ਬਿਆਨਾਂ ਮੁਤਾਬਿਕ ਉਸ ਦੇ ਪੁੱਤਰ ਨਾਲ ਭੁੱਲਰ ਨਾਂਅ ਦਾ ਉਸ ਦਾ ਇਕ ਦੋਸਤ ਸੀ ਜਿਸ ਦੀ ਗੱਡੀ ’ਚ ਉਹ ਦੋਵੇਂ ਦੋਸਤ ਸਵਾਰ ਹੋ ਕੇ ਜਾ ਰਹੇ ਸਨ। ਮੁਹੰਮਦ ਨਿਸਾਰ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਨੂੰ ਅਗਵਾ ਕਰਕੇ ਉਸ ਦੀ ਕੁੱਟ ਮਾਰ ਕੀਤੀ ਗਈ ਜਦਕਿ ਉਸ ਦਾ ਦੋਸਤ ਭੁੱਲਰ ਜਖ਼ਮੀ ਹਾਲਤ ’ਚ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜੇਰੇ ਇਲਾਜ ਹੈ। ਬੇਸ਼ੱਕ ਮੁਹੰਮਦ ਨਿਸਾਰ ਨੇ ਹਮਲਾਵਰਾਂ ਵੱਲੋਂ ਉਸ ਦੇ ਪੁੱਤਰ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਪਿੱਛੋਂ ਕੁੱਟਮਾਰ ਕਰਕੇ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਹਵਾਲੇ ਕਰ ਦੇਣ ਦਾ ਦਾਅਵਾ ਕੀਤਾ ਹੈ।

ਪਰ ਥਾਣਾ ਸਦਰ ਅਹਿਮਦਗੜ੍ਹ ਦੇ ਐਸ.ਐੱਚ.ਓ. ਸਬ ਇੰਸਪੈਕਟਰ ਇੰਦਰਜੀਤ ਸਿੰਘ ਮੁਤਾਬਿਕ ਥਾਣਾ ਸਦਰ ਅਹਿਮਦਗੜ੍ਹ ਵਿਖੇ 29 ਅਪਰੈਲ 2023 ਨੂੰ ਦਰਜ ਮੁਕੱਦਮਾ ਨੰਬਰ 47 ਵਿਚ ਲੋੜੀਂਦੇ ਮੁਹੰਮਦ ਅਨਸ ਨੂੰ ਏ.ਐਸ.ਆਈ. ਤਰਸੇਮ ਕੁਮਾਰ ਵੱਲੋਂ ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜਿਓਂ ਗਿ੍ਰਫਤਾਰ ਕੀਤਾ ਗਿਆ ਹੈ। ਥਾਣਾ ਸਿਟੀ-2 ਮਲੇਰਕੋਟਲਾ ਦੇ ਐਸ.ਐੱਚ.ਓ. ਇੰਸਪੈਕਟਰ ਜਸਵੀਰ ਸਿੰਘ ਤੂਰ ਮੁਤਾਬਿਕ ਕੱਲ੍ਹ ਦੇਰ ਸ਼ਾਮ ਸਥਾਨਕ ਕੋਲੋਂ ਗੇਟ ਦੇ ਬਾਹਰ ਵਾਪਰੀ ਘਟਨਾ ਸਬੰਧੀ ਕੱਚਾ ਕੋਟ ਵਾਸੀ ਮੁਹੰਮਦ ਨਿਸਾਰ ਪੁੱਤਰ ਅਬਦੁਲ ਮਜੀਦ ਦੇ ਬਿਆਨਾਂ ’ਤੇ ਆਮਿਰ ਬਾਬਾ, ਨੁਮਾਨ ਉਰਫ ਲੰਮਾ, ਨਾਇਮ ਉਰਫ ਕਾਲੀ, ਉਮਾਨ ਰਾਣਾ ਉਰਫ ਲੱਲਾ ਅਤੇ ਦੋ ਹੋਰ ਅਣਪਛਾਤਿਆਂ ਖਿਲਾਫ ਅਗਵਾ ਅਤੇ ਕਈ ਹੋਰ ਅਪਰਾਧਿਕ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।