ਲੱਖਾ ਸਿਧਾਣਾ ਦੇ ਨਾਂਅ ’ਤੇ ਜ਼ਮੀਨ ਹੜੱਪਣ ਲਈ ਧਮਕੀਆਂ ਦੇਣ ਦਾ ਦੋਸ਼

Lakha Sidhana
ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਸਵਿੰਦਰ ਸਿੰਘ ਤੇ ਨਵਤੇਜ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀ।

ਪੀੜਤਾਂ ਨੇ ਕਿਹਾ, ਪੁਲਿਸ ਵੀ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਕਰ ਰਹੀ ਕਾਰਵਾਈ | Lakha Sidhana

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਦੇ ਪਿੰਡ ਸਵਾਜਪੁਰ ਦੇ ਵਸਨੀਕ ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਵੱਲੋਂ ਵੇਚੀ ਆਪਣੀ ਪੁਸ਼ਤੈਨੀ ਜ਼ਮੀਨ ਨੂੰ ਹਥਿਆਉਣ ਲਈ ਲੱਖਾ ਸਿਧਾਣਾ ਦੇ ਨਾਂਅ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਸ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਸ਼ਰੀਕ ਹੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸਦੀਆਂ ਸ਼ਿਕਾਇਤਾਂ ਪੁਲਿਸ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਏ.ਟੀ.ਐਮਜ਼, ਪੈਟਰੋਲ ਪੰਪਾਂ ਦੀ ਚੈਕਿੰਗ

ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਹਿੱਸੇ ਦੀ ਸਾਢੇ 8 ਬੀਘੇ ਜ਼ਮੀਨ ਨਵਤੇਜ ਸਿੰਘ ਗਿੱਲ ਨੂੰ ਵੇਚ ਦਿੱਤੀ ਹੈ ਉਸ ਨੇ ਦੱਸਿਆ ਕਿ ਹੁਣ ਸਾਡੇ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਇਸ ਜ਼ਮੀਨ ਦੇ ਪੈਸੇ ਲੈ ਕੇ ਇਹ ਜ਼ਮੀਨ ਸਾਡੇ ਹੀ ਰਿਸ਼ਤੇਦਾਰ ਚਰਨ ਸਿੰਘ ਦੇ ਪੁੱਤਰਾਂ ਨੂੰ ਵੇਚੀ ਜਾਵੇ ਉਸ ਨੇ ਦੱਸਿਆ ਕਿ ਜਸਵੰਤ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਲੱਖਾ ਸਿਧਾਣਾ ਦੇ ਨਾਲ ਹੀ ਰਹਿਣ ਦਾ ਦਾਅਵਾ ਕਰਕੇ ਉਨ੍ਹਾਂ ਨੂੰ ਫੋਨ ਕੀਤਾ ਤੇ ਜ਼ਮੀਨ ਸਾਡੇ ਰਿਸ਼ਤੇਦਾਰਾਂ ਨੂੰ ਦੇਣ ਵਾਸਤੇ ਕਿਹਾ ਉਸ ਨੇ ਦੱਸਿਆ ਕਿ ਅਸੀਂ ਜਦੋਂ ਇਸ ਬਾਬਤ ਲੱਖਾ ਸਿਧਾਣਾ ਦੇ ਕਰੀਬੀਆਂ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਇਸਦਾ ਖੰਡਨ ਕੀਤਾ ਕਿ ਸਾਡੇ ਨਾਲ ਜਸਵੰਤ ਸਿੰਘ ਨਾਂਅ ਦਾ ਕੋਈ ਵਿਅਕਤੀ ਨਹੀਂ ਹੁੰਦਾ।

ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਜ਼ਮੀਨ ਦੀ ਗਿਰਦਾਵਰੀ ਵੀ ਨਵਤੇਜ ਸਿੰਘ ਗਿੱਲ ਦੇ ਨਾਂਅ ਚੜ੍ਹ ਚੁੱਕੀ ਹੈ ਤੇ ਪਿਛਲੀ ਕਣਕ ਦੀ ਫਸਲ ਵੀ ਉਨ੍ਹਾਂ ਪੁਲਿਸ ਸੁਰੱਖਿਆ ਲੈ ਕੇ ਵੱਢੀ ਸੀ ਉਸ ਨੇ ਦੱਸਿਆ ਕਿ ਹੁਣ ਵਿਰੋਧੀਆਂ ਨੇ ਜ਼ਮੀਨ ’ਤੇ ਇਕ ਨਿਹੰਗ ਸਿੰਘ ਬਿਠਾ ਦਿੱਤਾ ਹੈ ਜੋ ਨੰਗੀ ਕ੍ਰਿਪਾਨ ਲੈ ਕੇ ਬੈਠਾ ਹੈ ਤੇ ਸਾਨੂੰ ਜ਼ਮੀਨ ਵਿਚ ਜਾਣ ਤੋਂ ਰੋਕ ਰਿਹਾ ਹੈ।

ਇਸ ਮੌਕੇ ਨਵਤੇਜ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਸਵਾਜਪੁਰ ਵਿਚ 57 ਬੀਘੇ ਜ਼ਮੀਨ ਖਰੀਦੀ ਹੈ ਤੇ ਇਹ ਸਾਢੇ 8 ਬੀਘੇ ਉਨ੍ਹਾਂ ਦੀ ਪਹਿਲਾਂ ਲਈ ਜ਼ਮੀਨ ਦੇ ਨਾਲ ਲੱਗਦੀ ਹੈ ਉਸ ਨੇ ਦੱਸਿਆ ਕਿ ਵਿਰੋਧੀਆਂ ਨੇ ਉਨ੍ਹਾਂ ਵੱਲੋਂ ਲਾਈ ਵਾੜ ਤੇ ਤਾਰਾਂ 16 ਜੂਨ ਨੂੰ ਪੱਟ ਲਏ ਤੇ ਕਮਰੇ ਵਿਚੋਂ ਸਟਾਰਟਰ ਵੀ ਲਾਹ ਕੇ ਲੈ ਗਏ ਜਿਸਦੀ ਸ਼ਿਕਾਇਤ ਉਨ੍ਹਾਂ ਪੁਲਿਸ ਥਾਣਾ ਪਸਿਆਣਾ ਨੂੰ ਦਿੱਤੀ ਹੈ ਪਰ ਹਾਲੇ ਤੱਕ ਪਰਚਾ ਨਹੀਂ ਹੋਇਆ ਉਸ ਨੇ ਕਿਹਾ ਕਿ ਸਾਨੂੰ ਜਾਣ ਬੱਝ ਕੇ ਇਨ੍ਹਾਂ ਵਿਅਕਤੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਦੂਜੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ | Lakha Sidhana

ਇਸ ਮਾਮਲੇ ’ਚ ਜਦੋਂ ਦੂਜੀ ਧਿਰ ਦੇ ਦਵਿੰਦਰ ਸਿੰਘ ਨਾਂਅ ਦੇ ਵਿਅਕਤੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ’ਤੇ ਸਾਡੇ ਹੱਕ ਵਿਚ ਸਟੇਅ ਲੱਗੀ ਹੋਈ ਹੇ ਉਨ੍ਹਾਂ ਦੱਸਿਆ ਕਿ ਅਸਲ ਵਿਚ ਨਵਤੇਜ ਸਿੰਘ ਨੇ ਜੋ ਜ਼ਮੀਨ ਖਰੀਦੀ ਹੈ, ਉਸਦਾ ਖੇਵਟ ਨੰਬਰ ਵੱਖਰਾ ਹੈ ਤੇ ਉਹ ਇਹ ਜ਼ਮੀਨ ਇਸ ਕਰਕੇ ਹਥਿਆਉਣਾ ਚਾਹੁੰਦਾ ਹੈ। ਕਿਉਂਕਿ ਇਹ ਜ਼ਮੀਨ ਉਸਦੀ ਜ਼ਮੀਨ ਦੇ ਨਾਲ ਲੱਗਦੀ ਹੈ ਜਦੋਂ ਕਿ ਨਿਯਮ ਮੁਤਾਬਕ ਉਸਨੇ ਜਿਹੜੀ ਖੇਵਟ ਦੀ ਜ਼ਮੀਨ ਖਰੀਦੀ ਹੈ, ਉਸੇ ਜ਼ਮੀਨ ’ਤੇ ਕਬਜ਼ਾ ਲੈਣਾ ਚਾਹੀਦਾ ਹੈ ਉਨ੍ਹਾਂ ਕਥਿਤ ਦੋਸ਼ ਲਾਇਆ ਕਿ ਅੱਜ ਇਨ੍ਹਾਂ ਵੱਲੋਂ ਸਾਡੇ ਨੌਕਰ ਦੀ ਕੁੱਟਮਾਰ ਕੀਤੀ ਹੈ ਤੇ ਸਾਡਾ ਟਰੈਕਟਰ ਖੋਹ ਕੇ ਲੈ ਗਏ ਹਨ ਜਿਸਦੀ ਆਨਲਾਈਨ ਸ਼ਿਕਾਇਤ ਅਸੀਂ ਪੁਲਿਸ ਨੂੰ ਕੀਤੀ ਹੈ।