ਰਜਿੰਦਰਾ ਹਸਪਤਾਲ ਅੰਦਰ ਹੋਰ ਰਹੀਆਂ ਮੌਤਾਂ ਸਬੰਧੀ ਹਸਪਤਾਲ ’ਤੇ ਲੱਗੇ ਵੱਡੇ ਦੋਸ਼

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਭੁੱਬਾਂ ਮਾਰਦਿਆਂ ਹਸਪਤਾਲ ਪ੍ਰਸ਼ਾਸ਼ਨ ’ਤੇ ਲਾਏ ਦੋਸ਼

  • ਕਿਹਾ: ਪਹਿਲਾਂ ਕਹਿੰਦੇ ਮਰੀਜ਼ ਠੀਕ, ਕੁਝ ਸਮੇਂ ਬਾਅਦ ਐਲਾਨ ਰਹੇ ਨੇ ਮ੍ਰਿਤਕ

  • ਮ੍ਰਿਤਕਾਂ ਦੀਆਂ ਲਾਸਾਂ ਲੈਣ ਵੀ ਪਰਿਵਾਰਕ ਮੈਂਬਰ ਹੋ ਰਹੇ ਨੇ ਖੱਜਲ-ਖੁਆਰ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਰਜਿੰਦਰਾ ਹਸਪਾਤਲ ਕੋਰੋਨਾ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਲੈ ਕੇ ਮੁੜ ਸੁਆਲਾ ਦੇ ਘੇਰੇ ਵਿੱਚ ਆ ਗਿਆ ਹੈ। ਅੱਜ ਵੱਡੀ ਗਿਣਤੀ ਲੋਕਾਂ ਵੱਲੋਂ ਰਜਿੰਦਰਾ ਹਸਪਤਾਲ ਅੰਦਰ ਭੁੁੱਬਾ ਮਾਰਦਿਆਂ ਦੋਸ਼ ਲਾਏ ਗਏ ਕਿ ਇੱਥੇ ਮਰੀਜ਼ਾਂ ਨੂੰ ਸਾਂਭ-ਸੰਭਾਲ ਬਿਨਾਂ ਮਾਰਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਕਈਆਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਚੰਗੇ ਭਲੇ ਮਰੀਜ਼ ਨੂੰ ਕੁਝ ਸਮੇਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਮ੍ਰਿਤਕ ਮਰੀਜ਼ਾਂ ਦੇ ਪਰਿਵਾਰਾਂ ਵੱਲੋਂ ਲਾਸਾਂ ਨਾ ਦੇਣ ’ਤੇ ਕੀਤੇ ਹੰਗਾਮੇ ਕਾਰਨ ਵੱਡੀ ਗਿਣਤੀ ਪੁਲਿਸ ਫੋਰਸ ਸੱਦਣੀ ਪਈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਖਾਣੇ ’ਤੇ ਵੀ ਸੁਆਲ ਚੁੱਕੇ। ਇੱਧਰ ਐਸਡੀਐਮ ਵੱਲੋਂ ਖੁਦ ਪੁੱਜ ਕੇ ਲੋਕਾਂ ਨੂੰ ਸ਼ਾਂਤ ਕੀਤਾ ਗਿਆ।

ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਅੰਦਰ ਆਏ ਦਿਨ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅੱਜ ਦੁਪਹਿਰ ਤੋਂ ਬਾਅਦ ਮ੍ਰਿਤਕ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਹੰਗਾਮਾ ਕਰਦਿਆਂ ਵੱਡੇ ਸੁਆਲ ਚੁੱਕੇ ਗਏ। ਗੋਬਿੰਦਗੜ੍ਹ ਤੋਂ ਪੁੱਜੇ ਸੰਜੂ ਕੁਮਾਰ ਨੇ ਰੋ-ਰੋ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਸਵੇਰੇ ਰਜਿੰਦਰਾ ਹਸਪਤਾਲ ਵਿਖੇ ਲੈ ਕੇ ਆਏ ਅਤੇ ਪਾਜ਼ਿਟਿਵ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ 11 ਵਜੇ ਉਸ ਨੂੰ ਕਿਹਾ ਗਿਆ ਸੀ ਕਿ ਉਸਦੀ ਮਾਂ ਠੀਕ ਹੈ ਆਕਸੀਜ਼ਨ ਲੱਗੀ ਹੋਈ ਹੈ।

12 ਵਜੇ ਕਿਹਾ ਕਿਹਾ ਗਿਆ ਕਿ ਉਸਦੀ ਮਾਂ ਨੇ ਰੋਟੀ ਖਾ ਲਈ ਹੈ ਜਦਕਿ 1 ਵਜੇ ਕਿਹਾ ਗਿਆ ਕਿ ਉਸਦੀ ਮਾਂ ਮਰ ਗਈ ਹੈ। ਉਸਨੇ ਦੋਸ਼ ਲਾਇਆ ਕਿ ਰਜਿੰਦਰਾ ਹਸਪਤਾਲ ਅੰਦਰ ਮਰੀਜ਼ਾਂ ਨੂੰ ਮਾਰਿਆ ਜਾ ਰਿਹਾ ਹੈ। ਜਦਕਿ ਹਸਪਤਾਲ ਦਾਖਲ ਕਰਨ ਮੌਕੇ ਨਾਰਮਲ ਸੀ। ਇਸੇ ਤਰ੍ਹਾਂ ਹੀ ਕਈ ਹੋਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਰੋਂਦਿਆ ਦੱਸਿਆ ਕਿ ਉਨ੍ਹਾਂ ਦੀ ਮਾਂ ਨੂੰ ਦਾਖਲ ਕਰਵਾਇਆ ਗਿਆ ਤਾਂ ਪਹਿਲਾਂ ਅੰਦਰੋਂ ਕਿਹਾ ਕਿ ਉਹ ਠੀਕ ਹੈ ਅਤੇ ਇੱਕ ਵਜੇ ਖਾਣਾ ਖਾ ਰਹੀ ਸੀ। ਕੋਈ ਕੋਰੋਨਾ ਟੈਸਟ ਨਹੀਂ ਕੀਤਾ ਗਿਆ। ਕੁਝ ਸਮੇਂ ਬਾਅਦ ਆਕੇ ਕਿਹਾ ਕਿ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ ਹੈ।

ਕੈਪਸਨ.. ਰਜਿੰਦਰਾ ਹਸਪਤਾਲ ਵਿਖੇ ਰੋ-ਰੋ ਦੱਸਦੇ ਪਰਿਵਾਰਕ ਮੈਂਬਰ।

ਉਨ੍ਹਾਂ ਕਿਹਾ ਕਿ ਉੁਸਦੀ ਆਕਸੀਜ਼ਨ ਸਮਰੱਥਾਂ ਵੀ 80 ਫੀਸਦੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰਾਂ ਦੀ ਅਣਗਿਹਲੀ ਕਾਰਨ ਹੀ ਮੌਤਾਂ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਚੰਦਾ ਨਾਮ ਦੀ ਔਰਤ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਕੁਝ ਦਿਨ ਪਹਿਲਾਂ ਖੰਨਾ ਤੋਂ ਲੈ ਕੇ ਆਏ ਸਨ, ਉਸ ਨੂੰ ਆਕਸੀਜਨ ਦੀ ਘਾਟ ਸੀ। ਡਾਕਟਰਾਂ ਨੇ ਦੱਸਿਆ ਕਿ ਉਸਦੀ ਆਕਸੀਜ਼ਨ ਸਮਰੱਥਾਂ 90 ਹੋ ਗਈ ਹੈ। ਦੋ-ਤਿੰਨ ਦਿਨ ਪਹਿਲਾ ਮਾਂ ਸਾਡੇ ਨਾਲ ਗੱਲਾਂ ਕਰਦੀ ਰਹੀ। ਫਿਰ ਡਾਕਟਰਾਂ ਨੇ ਕਿਹਾ ਕਿ ਉਹ ਬਿਲਕੁੱਲ ਠੀਕ ਹਨ ਅਤੇ ਤਿੰਨ ਨੰਬਰ ਵਾਰਡ ’ਚ ਹਨ।

ਕੈਪਸਨ.. ਰਜਿੰਦਰਾ ਹਸਪਤਾਲ ਵਿਖੇ ਰੋ-ਰੋ ਦੱਸਦੇ ਪਰਿਵਾਰਕ ਮੈਂਬਰ।

ਇਸ ਤੋਂ ਬਾਅਦ ਉਨ੍ਹਾਂ ਦੀ ਗੱਲ ਨਹੀਂ ਕਰਵਾਈ ਗਈ ਅਤੇ ਅੱਜ ਕਿਹਾ ਕਿ ਉਸਦੀ ਮੌਤ ਹੋ ਗਈ ਹੈ। ਪੀੜਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਈ-ਕਈ ਘੰਟੇ ਲਾਸ਼ਾਂ ਨਹੀਂ ਦਿੱਤੀਆਂ ਜਾ ਰਹੀਆਂ। ਉਹ ਆਪਣੇ ਮਰੀਜ਼ਾਂ ਦੀਆਂ ਲਾਸਾਂ ਲੈਣ ਨੂੰ ਇੱਧਰ ਉੱਧਰ ਭੱਜਦੇ ਹਨ ਅਤੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਕੋਈ ਇਲਾਜ਼ ਨਹੀਂ ਹੋ ਰਿਹਾ।

ਖਾਣੇ ’ਤੇ ਉੱਠੇ ਸੁਆਲ

ਇਸ ਮੌਕੇ ਲੋਕਾਂ ਨੇ ਕੋਰੋਨਾ ਵਾਰਡ ਜਾਂਦੇ ਖਾਣੇ ਵਾਲੀ ਗੱਡੀ ਘੇਰ ਲਈ , ਜਿਸ ਵਿੱਚ ਕੁਝ ਹੀ ਪਲੇਟਾਂ ਸਨ। ਜਦੋਂ ਪੱਤਰਕਾਰਾਂ ਨੂੰ ਉਹ ਖਾਣੇ ਵਾਲੀਆਂ ਪਲੇਟਾਂ ਦਿਖਾਈਆਂ ਗਈਆਂ ਤਾਂ ਉਹ ਖਾਣਾ ਠੀਕ ਨਹੀਂ ਸੀ। ਮਰੀਜ਼ਾਂ ਦੇ ਮੈਂਬਰਾਂ ਨੇ ਕਿਹਾ ਕਿ ਅੰਦਰ ਘਟੀਆ ਖਾਣਾ ਦਿੱਤਾ ਜਾ ਰਿਹਾ ਹੈ। ਜੋ ਬਜੁਰਗ ਮਰੀਜ਼ ਹਨ, ਉਹ ਆਪ ਖਾਣਾ ਨਹੀਂ ਖਾ ਸਕਦੇ। ਉਨ੍ਹਾਂ ਨੂੰ ਨਾ ਬਾਥਰੂਮ ਕਰਵਾਇਆ ਜਾ ਰਿਹਾ ਹੈ ਅਤੇ ਨਾ ਹੀ ਟੁਆਇਲਟ। ਇਸ ਲਈ ਕੋਰੋਨਾ ਵਾਰਡਾਂ ਅੰਦਰ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਹਨ ਤਾਂ ਜੋ ਮਰੀਜ਼ਾਂ ਨਾਲ ਹੋ ਰਹੇ ਵਿਵਹਾਰ ਦੀ ਅਸਲੀਅਤ ਸਾਹਮਣੇ ਆ ਜਾਵੇ।

ਮਰੀਜ਼ਾਂ ਨੂੰ ਕੋਈ ਸਹੂਲਤ ਨਹੀਂ, ਮੁੱਖ ਮੰਤਰੀ ਖੁਦ ਹਾਲਤ ਦੇਖਣ

ਮ੍ਰਿਤਕ ਮਰੀਜ਼ ਦੇ ਮੈਂਬਰ ਜਸਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ 2 ਕਿਲੋਮੀਟਰ ਦੂਰ ਹੈ। ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਖੁਦ ਜਾਂ ਆਪਣੇ ਕਿਸੇ ਵੀ ਵਿਧਾਇਕ ਜਾਂ ਆਪਣੀ ਪਤਨੀ ਬੀਬੀ ਪਰਨੀਤ ਕੌਰ ਨੂੰ ਰਜਿੰਦਰਾ ਹਸਪਤਾਲ ਅੰਦਰ ਭੇਜਣ ਅਤੇ ਉਹ ਦੇਖ ਸਕਣ ਕਿ ਇੱਥੇ ਮਰੀਜ਼ਾਂ ਨਾਲ ਕੀ ਹੋ ਰਿਹਾ ਹੈ। ਉਨ੍ਹਾਂ ਦੀ ਹਾਲਤ ਅੰਦਰ ਕੀ ਹੈ। ਕੀ ਇੱਥੇ ਸਾਰੀਆਂ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਉਸਦੀ ਮਾਤਾ ਨੇ ਸਾਨੂੰ ਕਿਹਾ ਕਿ ਇੱਥੋਂ ਲੈ ਜਾਵੋਂ, ਕੋਈ ਪਾਣੀ ਤੱਕ ਨਹੀਂ ਪੁੱਛ ਰਿਹਾ। ਇੱਥੇ ਮਰੀਜ਼ਾਂ ਨੂੰ ਇੱਕ ਤਰ੍ਹਾਂ ਕਿਡਨੈਪ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਾ ਮੁੱਖ ਮੰਤਰੀ ਲੋਕਾਂ ਦਾ ਦੁੱਖ ਸੁਣ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਮੰਤਰੀ, ਸਿਰਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਲਾਸ਼ ਦੇਣ ਨੂੰ ਸਮਾਂ ਲੱਗਦੈ: ਐਸਡੀਐਮ

ਇਸ ਮੌਕੇ ਪੁੱਜੇ ਐਸਡੀਐਮ ਪਟਿਆਲਾ ਚਰਨਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਮਝਾਇਆ ਗਿਆ ਹੈ ਕਿ ਡੈੱਡ ਬਾਡੀ ਦੇਣ ਨੂੰ ਟਾਇਮ ਲੱਗਦਾ ਹੈ। ਡਾਕਟਰਾਂ ਅਨੁਸਾਰ ਦੋ ਘੰਟੇ ਇੱਕ ਲਾਸ਼ ਨੂੰ ਦੇਣ ਦਾ ਸਮਾਂ ਲੱਗਦਾ ਹੈ। ਜਦੋਂ ਉਨ੍ਹਾਂ ਤੋਂ ਹਸਪਤਾਲ ਦੇ ਡਾਕਟਰਾਂ ਉਪਰ ਲਾਏ ਜਾ ਰਹੇ ਦੋਸ਼ਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਡਾਕਟਰ ਤੇ ਸਟਾਫ਼ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ। ਮੌਤਾਂ ਸਬੰਧੀ ਉਨ੍ਹਾਂ ਕਿਹਾ ਕਿ ਇੱਥੇ ਗੰਭੀਰ ਮਰੀਜ਼ ਪੁੱਜ ਰਹੇ ਹਨ। ਉਨ੍ਹਾਂ ਖਾਣੇ ਸਬੰਧੀ ਕਿਹਾ ਕਿ ਖਾਣਾ ਬਹੁਤ ਵਧੀਆ ਅੰਦਰ ਜਾ ਰਿਹਾ ਹੈ ਜੇਕਰ ਕੋਈ ਖਰਾਬ ਖਾਣੇ ਦੀ ਸ਼ਿਕਾਇਤ ਹੈ ਤਾਂ ਉਹ ਇਸ ਦੀ ਜਾਂਚ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।