ਢੀਂਡਸਿਆਂ ਖਿਲਾਫ਼ ਅਕਾਲੀ ਦਲ ਦੀ ਰੈਲੀ ਲਈ ਪਟਿਆਲਾ ਜ਼ਿਲ੍ਹੇ ਦੇ ਆਗੂ ਵੀ ਸੰਗਰੂਰ ‘ਚ ਡਟੇ

Sukhbir badal
The strange decision of the Akali Dal

 Akali Dal  | ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਅਤੇ ਹਰਪਾਲ ਜੁਨੇਜਾ ਦੀ ਸੁਖਬੀਰ ਬਾਦਲ ਨੇ ਲਾਈ ਡਿਊਟੀ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅਕਾਲੀ ਦਲ ( Akali Dal) ਵੱਲੋਂ ਸੰਗਰੂਰ ਜ਼ਿਲ੍ਹੇ ‘ਚ ਢੀਡਸਿਆਂ ਵੱਲੋਂ ਅਪਣਾਏ ਬਾਗੀ ਰੁਖ ਤੋਂ ਬਾਅਦ ਇੱਥੇ ਕੀਤੀ ਜਾ ਰਹੀ ਰੈਲੀ ਨੂੰ ਇਕੱਠ ਪੱਖੋਂ ਸਫ਼ਲ ਬਣਾਉਣ ਲਈ ਗੁਆਂਢੀ ਜ਼ਿਲ੍ਹਿਆਂ ਦੇ ਅਕਾਲੀ ਆਗੂਆਂ ਦਾ ਵਕਾਰ ਵੀ ਦਾਅ ‘ਤੇ ਲੱਗ ਗਿਆ ਹੈ। ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਅਕਾਲੀ ਆਗੂਆਂ ਦੀ ਸੰਗਰੂਰ ਜ਼ਿਲ੍ਹੇ ‘ਚ ਅਕਾਲੀ ਦਲ ਨਾਲ ਸਬੰਧਿਤ ਵਰਕਰਾਂ ਨੂੰ ਲਾਮਬੰਦ ਕਰਨ ਦੀ ਡਿਊਟੀ ਲਗਾਈ ਗਈ ਹੈ। ਅਕਾਲੀ ਦਲ ਵੱਲੋਂ ਢੀਡਸਿਆਂ ਦੇ ਗੜ੍ਹ ‘ਚ ਰੈਲੀ ਨੂੰ ਲੈ ਕੇ ਕੋਈ ਕਸਰ ਨਹੀਂ ਛੱਡੀ ਜਾ ਰਹੀ।

ਜਾਣਕਾਰੀ ਅਨੁਸਾਰ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਜਰਨੈਲ ਸੁਖਦੇਵ ਸਿੰਘ ਢੀਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਖਿਲਾਫ਼ ਬਾਗੀ ਰੁਖ ਅਪਣਾਇਆ ਹੋਇਆ ਹੈ ਅਤੇ ਉੁਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਆਪਣੇ ਨਿਸ਼ਾਨੇ ‘ਤੇ ਲੈ ਰਹੇ ਹਨ। ਅਕਾਲੀ ਦਲ ਵੱਲੋਂ ਢੀਂਡਸਾ ਦੇ ਗੜ੍ਹ ‘ਚ ਹੀ 2 ਫਰਵਰੀ ਨੂੰ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ ਤਾ ਜੋ ਢੀਂਡਸਾ ਪਰਿਵਾਰ ਵੱਲੋਂ ਪਾਰਟੀ ਖਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਜਵਾਬ ਦਿੱਤਾ ਜਾ ਸਕੇ।

ਅਕਾਲੀ ਦਲ ਲਈ ਇਹ ਰੈਲੀ ਸੰਗਰੂਰ ਜਾਂ ਬਰਨਾਲਾ ਜ਼ਿਲ੍ਹਿਆਂ ਤੱਕ ਸੀਮਿਤ ਨਾ ਰਹਿ ਕੇ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਇਸ ਰੈਲੀ ਨੂੰ ਲੈ ਕੇ ਜੋਰ ਅਜਵਾਈ ਸ਼ੁਰੂ ਹੋ ਗਈ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਗਰੂਰ ਜ਼ਿਲ੍ਹੇ ‘ਚ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨੂੰ ਲਾਮਬੰਦ ਕਰਨ ਲਈ ਪਟਿਆਲਾ ਜ਼ਿਲ੍ਹੇ ਦੇ ਆਗੂਆਂ ਦੀ ਵੀ ਡਿਊਟੀ ਲਗਾ ਦਿੱਤੀ ਹੈ ਅਤੇ ਇਹ ਆਗੂ ਰੈਲੀ ਤੱਕ ਸੰਗਰੂਰ ਜ਼ਿਲ੍ਹੇ ‘ਚ ਹੀ ਦਸਤਕ ਦੇਣਗੇ।

ਰੈਲੀ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਦੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਸੁਖਬੀਰ ਬਾਦਲ ਵੱਲੋਂ ਥਾਪੜਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਪਿਤਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਸੰਗਰੂਰ ਜ਼ਿਲ੍ਹੇ ਵਿਚ ਲਹਿਰਾਗਾਗਾ, ਸੁਨਾਮ, ਦਿੜ੍ਹਬਾ ਆਦਿ ਇਲਾਕਿਆਂ ਵਿੱਚ ਵੱਡਾ ਪ੍ਰਭਾਵ ਹੈ ਕਿਉਂਕਿ ਪਿਛਲੇ ਸਮਿਆਂ ਵਿੱਚ ਚੰਦੂਮਾਜਰਾ ਇੱਥੋਂ ਚੋਣ ਲੜਦੇ ਰਹੇ ਹਨ।

ਇਨ੍ਹਾਂ ਇਲਾਕਿਆਂ ਵਿਚ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੀ ਨੌਜਵਾਨਾਂ ਨਾਲ ਵੱਡੇ ਪੱਧਰ ‘ਤੇ ਵਿਚਰੇ ਹਨ। ਇਸ ਲਈ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਜੋ ਕਿ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਵੀ ਹਨ ਦੀ ਡਿਊਟੀ ਲਾਈ ਗਈ ਹੈ।  ਇਸ ਦੇ ਨਾਲ ਹੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਜੋ ਕਿ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਸਨ ਅਤੇ ਉਨ੍ਹਾਂ ਵਲੋਂ ਟੀਮ ਬਣਾ ਕੇ ਹਰ ਹਲਕੇ, ਹਰ ਸ਼ਹਿਰ ਅਤੇ ਪਿੰਡਾਂ ਵਿੱਚ ਆਪਣੀਆਂ ਟੀਮਾਂ ਬਣਾਈਆਂ ਗਈਆਂ ਸਨ।

ਅਕਾਲੀ ਦਲ ਢੀਂਡਸਾ ਪਰਿਵਾਰ ਨੂੰ ਇਸ ਰੈਲੀ ਰਾਹੀਂ ਪੂਰੀ ਤਰ੍ਹਾਂ ਅਲੱਖ-ਥਲੱਗ ਕਰਨ ਦੇ ਰੋਂਅ ਵਿੱਚ ਹੈ, ਜਿਸ ਕਾਰਨ ਹੀ ਇਸ ਰੈਲੀ ਸਬੰਧੀ ਗੁਆਂਢੀ ਜ਼ਿਲ੍ਹਿਆਂ ਦੇ ਅਕਾਲੀ ਆਗੂਆਂ ਦੀ ਡਿਊਟੀ ਲਗਾਈ ਗਈ ਹੈ। ਪਤਾ ਲੱਗਾ ਹੈ ਕਿ ਇਹ ਆਗੂ ਸੰਗਰੂਰ ਵਿੱਚ ਜ਼ਿਲ੍ਹੇ ਵਿੱਚ ਡਟ ਗਏ ਹਨ ਅਤੇ ਇੱਥੇ ਰੈਲੀ ਨੂੰ ਲੈ ਕੇ ਨੌਜਵਾਨਾਂ ਅਤੇ ਪਾਰਟੀ ਵਰਕਰਾਂ ਨਾਲ ਰਾਬਤਾ ਕਾਇਮ ਕਰਨ ਲੱਗੇ ਹਨ। ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਸੰਗਰੂਰ ਜ਼ਿਲ੍ਹੇ ਵਿੱਚ ਕਾਫੀ ਲੋਕਾਂ ਨਾਲ ਸਬੰਧ ਹਨ ਅਤੇ ਪਾਰਟੀ ਖਿਲਾਫ਼ ਕਾਰਵਾਈਆਂ ਕਰਨ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਪਤਾ ਲੱਗਾ ਹੈ ਕਿ ਪਟਿਆਲਾ ਸਮੇਤ ਹੋਰ ਜ਼ਿਲ੍ਹਿਆਂ ਵਿੱਚੋਂ ਵੀ ਵੱਡੀ ਗਿਣਤੀ ਅਕਾਲੀ ਵਰਕਰ ਇਸ ਰੈਲੀ ਵਿੱਚ ਸ਼ਿਰਕਤ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।