ਏਮਜ਼: ਕੌਮੀ ਪੱਧਰ ਦੀਆਂ ਸਹੂਲਤਾਂ ਵਾਲਾ ਬਣਿਆ ਬਠਿੰਡਾ

AIIMS, Bathinda ,Nnational ,Facility

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕੀਤਾ ਬਠਿੰਡਾ ਏਮਜ਼ ਦਾ ਉਦਘਾਟਨ

ਸੁਖਜੀਤ ਮਾਨ/ਬਠਿੰਡਾ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਵਿਖੇ ਅੱਜ ਓਪੀਡੀ ਸੇਵਾਵਾਂ ਸ਼ੁਰੂ ਹੋ ਗਈਆਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨਾਲ ਮਿਲ ਕੇ ਜਨਤਕ ਸਮਾਗਮ ਦੌਰਾਨ ਓਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ-ਦੁਰਾਡੇ ਜਾਂਦੇ ਮਾਲਵਾ ਖਿੱਤੇ ਦੇ ਲੋਕਾਂ ਨੂੰ ਹੁਣ ਬਿਹਤਰ ਅਤੇ ਸਸਤੀਆਂ ਸਹੂਲਤਾਂ ਬਠਿੰਡਾ ‘ਚ ਹੀ ਮਿਲਣਗੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਹੁਣ ਇਸ ਖੇਤਰ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮੈਡੀਕਲ ਦੀ ਸਿੱਖਿਆ ਦਿਵਾਉਣਾ ਵੀ ਆਸਾਨ ਹੋ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਪੰਜਾਬ ਦੇ ਪਟਿਆਲਾ ਅਤੇ ਫਰੀਦਕੋਟ ਮੈਡੀਕਲ ਕਾਲਜਾਂ ਅੰਦਰ ਸਹੂਲਤਾਂ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ  ਇਸ ਤੋਂ ਇਲਾਵਾ ਦੇਸ਼ ਅੰਦਰ 22 ਏਮਜ਼ ਸੰਸਥਾਨਾਂ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 6 ਮੁਕੰਮਲ ਹੋ ਚੁੱਕੇ ਹਨ 157 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ, ਜਿਹੜੇ ਕਿ ਨਿਰਮਾਣ ਦੇ ਵੱਖ-ਵੱਖ ਪੜ੍ਹਾਵਾਂ ਉੱਤੇ ਹਨ ਉਨ੍ਹਾਂ ਕਿਹਾ ਕਿ 750 ਬਿਸਤਰਿਆਂ ਵਾਲੇ ਇਸ ਹਸਪਤਾਲ ‘ਚ ਆਮ ਲੋਕਾਂ ਨੂੰ ਦੂਰ-ਦੁਰਾਡੇ ਵੱਡੇ ਹਸਪਤਾਲਾਂ ਵਿਚ ਜਾਣ ਦੀ ਬਜਾਏ ਇੱਥੇ ਹੀ ਵਧੀਆ ਅਤੇ ਘੱਟ ਦਰਾਂ ‘ਤੇ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਚਾਲੂ ਵਰ੍ਹੇ 2019-20 ਦੌਰਾਨ ਪਹਿਲੇ ਬੈਚ ‘ਚ ਵਿਦਿਆਰਥੀਆਂ ਲਈ ਐਮ.ਬੀ.ਬੀ.ਐਸ. ਦੀਆਂ 50 ਸੀਟਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਨਾਲ ਮਾਲਵੇ ਖਿੱਤੇ ਦੇ ਮਾਪਿਆਂ ਨੂੰ ਹੁਣ ਆਪਣੇ ਬੱਚਿਆਂ ਨੂੰ ਮੈਡੀਕਲ ਦੀ ਸਿੱਖਿਆ ਦਿਵਾਉਣਾ ਆਸਾਨ ਹੋ ਜਾਵੇਗਾ।

ਏਮਜ਼ ਸ਼ੁਰੂ ਹੋਣਾ ਮੇਰੀ ਜ਼ਿੰਦਗੀ ਦੀ ਅਹਿਮ ਘਟਨਾ : ਹਰਸਿਮਰਤ ਬਾਦਲ

ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਫਿਰੋਜ਼ਪੁਰ ਵਾਸਤੇ 450 ਕਰੋੜ ਰੁਪਏ ਦੀ ਲਾਗਤ ਵਾਲੇ ਪੀਜੀਆਈ ਸੈਟੇਲਾਈਟ ਕੇਂਦਰ ਦਾ ਐਲਾਨ ਕਰਦਿਆਂ ਆਖਿਆ ਕਿ ਇਸ ਪ੍ਰੋਜੈਕਟ ‘ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਉਹ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਲਈ ਫਿਰੋਜ਼ਪੁਰ ਆਉਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਏਮਜ਼ ਬਠਿੰਡਾ ਸ਼ੁਰੂ ਹੋਣ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਅਹਿਮ ਘਟਨਾ ਕਰਾਰ ਦਿੱਤਾ ਇਸ ਪ੍ਰੋਜੈਕਟ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਇੰਸਟੀਚਿਊਟ ਦਾ ਬੀਜ ਬੀਜਿਆ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪਾਲ-ਪੋਸ ਕੇ ਵੱਡਾ ਕੀਤਾ ਹੈ, ਜਿਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜ਼ਾਰ ਹਨ ।

ਇਸ ਮੌਕੇ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਮਝੌਤੇ ਮੁਤਾਬਿਕ ਕਰੀਬ 170 ਏਕੜ ਜ਼ਮੀਨ ਮੁਫ਼ਤ ਦਿੱਤੀ ਗਈ ਉਨ੍ਹਾਂ ਆਖਿਆ ਕਿ ਇੱਥੇ ਚਾਹੀਦੀਆਂ ਹੋਰ ਬੁਨਿਆਦੀ ਸਹੂਲਤਾਂ ਜੋ ਪੰਜਾਬ ਸਰਕਾਰ ਨੇ ਦੇਣੀਆਂ ਸੀ, ਉਨ੍ਹਾਂ ਦਾ ਕੰਮ ਕਰੀਬ 90 ਫੀਸਦੀ ਪੂਰਾ ਹੋ ਚੁੱਕਾ ਹੈ ਉਨ੍ਹਾਂ ਮੰਚ ਤੋਂ ਵਿਸ਼ਵਾਸ ਦਿਵਾਇਆ ਕਿ ਇਸ ਪ੍ਰੋਜੈਕਟ ਲਈ ਪੰਜਾਬ ਸਰਕਾਰ ਵੱਲੋਂ ਕੋਈ ਮੁਸ਼ਕਲ ਨਹੀਂ ਆਵੇਗੀ ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਅਤੇ ਫਿਰੋਜ਼ਪੁਰ ਸਾਂਸਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਏਮਜ਼ ਹਸਪਤਾਲ ਇਸ ਲਈ ਨਿਵੇਕਲਾ ਹੋਵੇਗਾ, ਕਿਉਂਕਿ ਇਸ ਦੀਆਂ ਓਪੀਡੀਜ਼ ਵੱਲੋਂ ਪ੍ਰਤੀ ਮਰੀਜ਼ ਸਿਰਫ 10 ਰੁਪਏ ਫੀਸ ਲੈ ਕੇ ਇਲਾਜ ਦਾ ਸਪੈਸ਼ਲ ਮਸ਼ਵਰਾ ਦਿੱਤਾ ਜਾਵੇਗਾ।

ਇਸ ਮੌਕੇ ਪੀਜੀਆਈਐਮਈਆਰ, ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਜਗਤ ਰਾਮ ਨੇ ਵੀ ਸੰਬੋਧਨ ਕੀਤਾ ਅਤੇ ਇਸ ਇੰਸਟੀਚਿਊਟ ਦੀ ਸਥਾਪਤੀ ਨੂੰ ਇੱਕ ਇਤਿਹਾਸਕ ਘਟਨਾ ਕਰਾਰ ਦਿੱਤਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਵੀ ਇਸ ਮੌਕੇ ਸੰਬੋਧਨ ਕੀਤਾ  ਇਸ ਮੌਕੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਂਖੋ ਅਤੇ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਸਰੂਪ ਚੰਦ ਸਿੰਗਲਾ, ਜਗਦੀਪ ਨਕਈ, ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਦਿਲਰਾਜ ਸਿੰਘ ਭੂੰਦੜ ਸਮੇਤ ਵੱਡੀ ਗਿਣਤੀ ‘ਚ ਅਕਾਲੀ-ਭਾਜਪਾ ਵਰਕਰ ਹਾਜ਼ਰ ਸਨ

ਇਹ 12 ਓਪੀਡੀਜ਼ ਹੋਈਆਂ ਸ਼ੁਰੂ

ਬਠਿੰਡਾ ਏਮਜ਼ ‘ਚ 12 ਓ.ਪੀ.ਡੀਜ਼ ਸ਼ੁਰੂ ਹੋਈਆਂ ਹਨ, ਜਿਨ੍ਹਾਂ ‘ਚ  ਓਰਥੋਪੈਡਿਕ, ਜਨਰਲ ਸਰਜਰੀ, ਜਨਰਲ ਮੈਡੀਸਨ, ਈ.ਐਨ.ਟੀ, ਅੱਖਾਂ ਦੇ ਰੋਗ, ਮਨੋਰੋਗ, ਚਮੜੀ ਰੋਗ, ਇਸਤਰੀ ਤੇ ਪ੍ਰਜਨਨਾ ਰੋਗ, ਦੰਦਾਂ ਦੇ ਰੋਗ, ਰੈਡੀਓਲਾਜੀ, ਬਾਇਓਕੈਮਿਸਟਰੀ ਤੇ ਪੈਥੋਲੌਜੀ ਆਦਿ  ਸ਼ਾਮਲ ਹਨ।

170 ਏਕੜ ‘ਚ ਹੈ 750 ਬਿਸਤਰਿਆਂ ਵਾਲਾ ਏਮਜ਼

ਬੇਸ਼ੱਕ ਅੱਜ ਏਮਜ਼ ਦਾ ਉਦਘਾਟਨ ਕਰ ਦਿੱਤਾ ਗਿਆ ਪਰ ਇਸ ‘ਚ ਹਾਲੇ ਵੀ ਬਹੁਤ ਸਾਰਾ ਕੰਮ ਅਧੂਰਾ ਪਿਆ ਹੈ, ਜਿਸਨੂੰ 2022 ਤੱਕ ਮੁਕੰਮਲ ਕੀਤਾ ਜਾਵੇਗਾ  170 ਏਕੜ ਦੇ ਇਸ ਪ੍ਰੋਜੈਕਟ ‘ਤੇ 925 ਕਰੋੜ ਰੁਪਏ ਲੱਗਣਗੇ  750 ਬਿਸਤਰਿਆਂ ਵਾਲੇ ਇਸ ਹਸਪਤਾਲ ‘ਚ ਆਮ ਲੋਕਾਂ ਨੂੰ ਦੂਰ-ਦੁਰਾਡੇ ਵੱਡੇ ਹਸਪਤਾਲਾਂ ਵਿੱਚ ਜਾਣ ਦੀ ਬਜਾਏ ਇੱਥੇ ਹੀ ਵਧੀਆ ਅਤੇ ਘੱਟ ਦਰਾਂ ‘ਤੇ ਸਿਹਤ ਸਹੂਲਤਾਂ ਮਿਲਣਗੀਆਂ। ਕੇਂਦਰੀ ਸਿਹਤ ਮੰਤਰੀ ਨੇ ਦੱਸਿਆ ਕਿ ਡਾਕਟਰਾਂ ਦੀ ਭਰਤੀ ਹੁੰਦਿਆਂ ਹੀ ਜਲਦੀ ਸੁਪਰ ਸਪੈਸ਼ਲਿਟੀ ਦੇ ਚਾਰ ਵਿਭਾਗ ਯੂਰੋਲਾਜੀ, ਪੀਡੀਐਟਰਿਕ ਸਰਜਰੀ, ਸਰਜੀਕਲ ਓਨਕੋਲਾਜੀ ਤੇ ਨਿਊਰੋਲੌਜੀ ਕੰਮ ਵੀ ਸ਼ੁਰੂ ਹੋ ਜਾਵੇਗਾ 45 ਬਿਸਤਰਿਆਂ ਵਾਲਾ ਟਰੋਮਾ ਸੈਂਟਰ ਅਗਲੇ ਸਾਲ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।