ਬਿਜਲੀ ਮਹਿਕਮੇ ਦਾ ਅਕਾਊਟੈਂਟ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਸੋਹਣ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਅਗਵਾਈ ਹੇਠ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਟਰੈਪ ਲਾ ਕੇ ਪਲਵਿੰਦਰ ਸਿੰਘ ਸਹਾਇਕ ਰੈਵੀਨਿਊ ਅਕਾਊਟੈਂਟ ਸਬ ਡਵੀਜ਼ਨ ਅਬੁਲ ਖੁਰਾਣਾ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੋਹਣ ਸਿੰਘ ਇੰਸਪੈਕਟਰ ਵਿਜੀਲੈਂਸ ਬਿਊਰੋ ਫ਼ਰੀਦਕੋਟ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਬਗ਼ੀਚਾ ਸਿੰਘ ਪਿੰਡ ਕੱਖਾਂ ਵਾਲੀ ਤਹਿਸੀਲ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਸਹੁਰੇ ਤੇ ਪਤਨੀ ਦੇ ਨਾਂਅ ‘ਤੇ 4 ਟਿਊਬਵੈੱਲ ਕੁਨੈਕਸ਼ਨ ਪੀ.ਐੱਸ.ਪੀ.ਸੀ.ਐੱਲ. ਵੱਲੋਂ ਦਿੱਤੇ ਜਾਣੇ ਸੀ।

ਇਨ੍ਹਾਂ ਟਿਊਬਵੈੱਲ ਕੁਨੈਕਸ਼ਨਾਂ ਨਾਲ ਸਬੰਧਿਤ ਫਾਈਲਾਂ ਕਲੀਅਰੈਂਸ/ਐੱਨ.ਓ.ਸੀ. ਪਲਵਿੰਦਰ ਸਿੰਘ ਸਹਾਇਕ ਰੈਵਨਿਓ ਅਕਾਊਟੈਂਟ ਵੱਲੋਂ ਦਿੱਤੀ ਜਾਣੀ ਸੀ, ਜਦੋਂ ਇਸ ਸਬੰਧੀ ਪਲਵਿੰਦਰ ਸਿੰਘ ਕੋਲ ਪਹੁੰਚ ਕੀਤੀ ਤਾਂ ਪਲਵਿੰਦਰ ਸਿੰਘ ਨੇ ਇਹ ਫਾਈਲਾਂ ਕਲੀਅਰ ਕਰਨ ਦੇ ਇਵਜ਼ ‘ਚ ਪ੍ਰਤੀ ਕੁਨੈਕਸ਼ਨ 5 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਤੇ ਬਾਅਦ ‘ਚ ਉਹ 18 ਹਜ਼ਾਰ ਰੁਪਏ ‘ਚ ਇਹ ਕੰਮ ਕਰਨ ਲਈ ਸਹਿਮਤ ਹੋ ਗਿਆ।

ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਨੇ ਇਸ ਬਾਰੇ ਵਿਜੀਲੈਂਸ ਬਿਊਰੋ ਕੋਲ ਆਪਣਾ ਬਿਆਨ ਰਿਕਾਰਡ ਕਰਵਾਇਆ, ਜਿਸ ਦੇ ਆਧਾਰ ਸਰਕਾਰੀ ਗਵਾਹ ਜਸ਼ਨਪ੍ਰੀਤ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਬਠਿੰਡਾ, ਅਮਨਦੀਪ ਸਿੰਘ ਗਿੱਲ ਖੇਤੀਬਾੜੀ ਵਿਕਾਸ ਅਫ਼ਸਰ ਤਲਵੰਡੀ ਸਾਬੋ ਦੀ ਹਾਜ਼ਰੀ ‘ਚ ਟਰੈਪ ਲਗਾ ਕੇ ਦ ਪਲਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਗੁਰਮੀਤ ਸਿੰਘ ਪਾਸੋਂ 18 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਬਿਜਲੀ ਦਫ਼ਤਰ ਅਬੁਲ ਖੁਰਾਣਾ ਤੋਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਪਾਸੋਂ ਰਿਸ਼ਵਤ ਵਾਲੀ ਰਕਮ ਗਵਾਹਾਂ ਦੀ ਹਾਜ਼ਰੀ ‘ਚ ਬਰਾਮਦ ਕੀਤੀ ਗਈ। ਇਸ ਸਬੰਧੀ ਮੁਕੱਦਮਾ ਨੰ: 22, 1988 ਪੀ. ਸੀ. ਐਕਟ ਥਾਣਾ ਵਬ ਰੇਂਜ ਫ਼ਿਰੋਜ਼ਪੁਰ ਵਿਖੇ ਦਰਜ ਰਜਿਸਟਰਡ ਕੀਤਾ ਗਿਆ।