ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਖ਼ਤਰੇ ‘ਚ ‘AAP’

AAP

ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਵਧਿਆ ਦਬਾਅ, ਸਪੀਕਰ ਜਲਦ ਲੈ ਸਕਦੇ ਹਨ ਫੈਸਲਾ

ਸੁਪਰੀਮ ਕੋਰਟ ਨਹੀਂ ਜਾਏਗੀ ਆਮ ਆਦਮੀ ਪਾਰਟੀ, ਪਹਿਲਾਂ ਖਹਿਰੇ ਦੇ ਮਾਮਲੇ ਵਿੱਚ ਜਾਣਾ ਸੀ ਸੁਪਰੀਮ ਕੋਰਟ

ਸਪੀਕਰ ਰਾਣਾ ਕੇ.ਪੀ. ਨੇ ਜਲਦ ਲਿਆ ਫੈਸਲਾ ਤਾਂ ਹਰ ਹਾਲਤ ਵਿੱਚ ‘ਆਪ’ ਨੂੰ ਜਿੱਤਣੀ ਪੈਣਗੀਆਂ 2 ਸੀਟਾਂ

ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦੀ ਕੁਰਸੀ ਪੈ ਸਕਦੀ ਐ ਖ਼ਤਰੇ ਵਿੱਚ

ਚੰਡੀਗੜ, (ਅਸ਼ਵਨੀ ਚਾਵਲਾ)। ਬੀਤੇ ਦਿਨੀਂ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਵਿੱਚ ਖ਼ਤਰਾ ਪੈਦਾ ਹੋ ਗਿਆ ਹੈ, ਕਿਉਂਕਿ ਜਲਦ ਹੀ ਆਮ ਆਦਮੀ ਪਾਰਟੀ ਦੇ 4 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ। ਇਸ ਸਬੰਧੀ ਸਪੀਕਰ ਰਾਣਾ ਕੇ.ਪੀ. ਸਿੰਘ ‘ਤੇ ਵੀ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਦਾ ਦਬਾਅ ਵੱਧ ਗਿਆ ਹੈ, ਕਿਉਂਕਿ ਇਸ ਤਰਾਂ ਦੀ ਇੱਕ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਸਪੀਕਰ ਨੂੰ 4 ਹਫ਼ਤੇ ਵਿੱਚ ਫੈਸਲਾ ਕਰਦੇ ਹੋਏ ਸ਼ਿਕਾਇਤ ਦਾ ਨਿਪਟਾਰਾ ਕਰਨ ਦਾ ਆਦੇਸ਼ ਦਿੱਤਾ। ਜੇਕਰ ਇਨਾਂ 4 ਹਫਤਿਆਂ ਵਿੱਚ ਦਲ ਬਦਲੂ ਕਾਨੂੰਨ ਤਹਿਤ ਸਪੀਕਰ ਵਲੋਂ ਨਿਪਟਾਰਾ ਨਾ ਕੀਤਾ ਗਿਆ ਤਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਖ਼ੁਦ ਫੈਸਲਾ ਕਰੇਗਾ।

ਇਸ ਫੈਸਲੇ ਤੋਂ ਬਾਅਦ ਪੰਜਾਬ ਵਿੱਚ 4 ਵਿਧਾਇਕਾਂ ‘ਤੇ ਇਸੇ ਕਾਨੂੰਨ ਤਹਿਤ ਕਾਰਵਾਈ ਚਲ ਰਹੀਂ ਹੈ। ਇਨਾਂ 4 ਵਿਧਾਇਕਾਂ ਦੇ ਖ਼ਿਲਾਫ਼ ਕਾਰਵਾਈ ਨੂੰ ਲਗਭਗ 1 ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਫਿਰ ਵੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ।

  • ਨਿਯਮਾਂ ਅਨੁਸਾਰ ਇਨਾਂ 4 ਵਿਧਾਇਕਾਂ ਨੂੰ ਸਮਾਂ ਦਿੱਤਾ
  • ਫਿਰ ਵੀ ਕਾਰਵਾਈ ਵਿੱਚ ਦੇਰੀ ਹੋ ਰਹੀਂ
  • ਜਲਦ ਹੀ ਪੰਜਾਬ ਵਿੱਚ ਚਾਰੇ ਵਿਧਾਇਕਾਂ ਬਾਰੇ ਫੈਸਲਾ ਹੋ ਸਕਦਾ

ਹਾਲਾਂਕਿ ਨਿਯਮਾਂ ਅਨੁਸਾਰ ਇਨਾਂ 4 ਵਿਧਾਇਕਾਂ ਨੂੰ ਸਮਾਂ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਕਾਰਵਾਈ ਵਿੱਚ ਦੇਰੀ ਹੋ ਰਹੀਂ ਹੈ। ਹੁਣ ਸੁਪਰੀਮ ਕੋਰਟ ਦਾ ਆਦੇਸ਼ ਆਉਣ ਤੋਂ ਬਾਅਦ ਇੰਜ ਲਗ ਰਿਹਾ ਹੈ ਕਿ ਜਲਦ ਹੀ ਪੰਜਾਬ ਵਿੱਚ ਚਾਰੇ ਵਿਧਾਇਕਾਂ ਬਾਰੇ ਫੈਸਲਾ ਹੋ ਸਕਦਾ ਹੈ। ਜੇਕਰ ਇਨਾਂ ਚਾਰੇ ਵਿਧਾਇਕਾਂ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਨਾਲ ਇਨਾਂ ਦੀ ਵਿਧਾਇਕੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਜਿਥੇ ਪੰਜਾਬ ਵਿੱਚ 4 ਹੋਰ ਵਿਧਾਨ ਸਭਾ ਦੀ ਉਪ ਚੋਣ ਆ ਜਾਏਗੀ ਤਾਂ ਉਥੇ ਆਮ ਆਦਮੀ ਪਾਰਟੀ ਨੂੰ ਕਾਫ਼ੀ ਜਿਆਦਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਨਾਂ ਚਾਰੇ ਵਿਧਾਇਕਾਂ ਦੇ ਚਲੇ ਜਾਣ ਦੇ ਕਾਰਨ ਆਮ ਆਦਮੀ ਪਾਰਟੀ ਕੋਲ ਵਿਧਾਨ ਸਭਾ ਵਿੱਚ 15 ਵਿਧਾਇਕਾਂ ਦੀ ਗਿਣਤੀ ਰਹਿ ਜਾਏਗੀ।

ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਅਦਾਲਤ ਵਿੱਚ ਜਾਣ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ

ਉਪ ਚੋਣ ਦੌਰਾਨ ਜੇਕਰ ਆਮ ਆਦਮੀ ਪਾਰਟੀ ਚਾਰੇ ਸੀਟਾਂ ‘ਤੇ ਹਾਰ ਗਈ ਅਤੇ ਇਨਾਂ ਚਾਰੇ ਸੀਟਾਂ ਵਿੱਚੋਂ 2 ਸੀਟਾਂ ‘ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਜਿੱਤ ਪ੍ਰਾਪਤ ਕਰ ਗਿਆ ਤਾਂ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਇੱਕ ਵਿਧਾਇਕ ਘੱਟ ਰਹਿ ਜਾਏਗਾ, ਜਿਸ ਕਾਰਨ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੋ ਜਾਏਗਾ।
ਇਨਾਂ ਕਾਰਨਾਂ ਦੇ ਚਲਦੇ ਹੀ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੇ ਮਾਮਲੇ ਵਿੱਚ ਅਦਾਲਤ ਵਿੱਚ ਜਾਣ ਤੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਅਦਾਲਤ ਵਿੱਚ ਚਲੀ ਜਾਂਦੀ ਹੈ ਤਾਂ ਇਸ ਦਾ ਮਾੜਾ ਪ੍ਰਭਾਵ ਚਾਰੇ ਵਿਧਾਇਕਾਂ ‘ਤੇ ਪਏਗਾ ਅਤੇ ਜਿਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਹੋਏਗਾ।

ਕਿਹੜੇ ਵਿਧਾਇਕ ਖ਼ਿਲਾਫ਼ ਕੀ ਐ ਮਾਮਲਾ

ਵਿਧਾਇਕ  ਜਿਸ ਪਾਰਟੀ ‘ਚ ਹੋਇਆ ਸ਼ਾਮਲ

  • ਸੁਖਪਾਲ ਖਹਿਰਾ  ਨਵੀਂ ਪਾਰਟੀ ਬਣਾ ਕੇ ਲੋਕ ਸਭਾ ਚੋਣ ਲੜੀ
  • ਬਲਦੇਵ ਸਿੰਘ   ਖਹਿਰਾ ਦੀ ਪਾਰਟੀ ਤੋਂ ਲੋਕ ਸਭਾ ਚੋਣ ਲੜੀ
  • ਨਾਜਰ ਸਿੰਘ  ਕਾਂਗਰਸ ਵਿੱਚ ਸ਼ਾਮਲ ਹੋਏ
  • ਅਮਰਜੀਤ ਸੰਦੋਆ  ਕਾਂਗਰਸ ਵਿੱਚ ਸ਼ਾਮਲ ਹੋਏ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।