ਬਠਿੰਡਾ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਵਪਾਰੀਆਂ ’ਚ ਰੋਸ

Bathinda-Murder
ਬਠਿੰਡਾ : ਘਟਨਾ ਸਥਾਨ ‘ਤੇ ਜਾਇਜ਼ਾ ਲੈਣ ਪੁੱਜੀ ਪੁਲਿਸ। ਤਸਵੀਰ : ਸੱਚ ਕਹੂੰ ਨਿਊਜ਼

ਮੋਟਰਸਾਈਕਲ ਸਵਾਰਾਂ ਨੇ ਬੇਖੌਫ ਹੋ ਕੇ ਚਲਾਈਆਂ ਗੋਲੀਆਂ (Bathinda Murder )

(ਸੁਖਜੀਤ ਮਾਨ) ਬਠਿੰਡਾ। ਸਥਾਨਕ ਸ਼ਹਿਰ ਦੇ ਸਭ ਤੋਂ ਜਿਆਦਾ ਭੀੜ ਭੜੱਕੇ ਵਾਲੇ ਇਲਾਕੇ ਮਾਲ ਰੋਡ ’ਤੇ ਅੱਜ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਇਸ ਘਟਨਾ ਕਾਰਨ ਸਥਾਨਕ ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਹ ’ਚ ਆਏ ਵਪਾਰੀਆਂ ਨੇ ਮਾਲ ਰੋਡ ’ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਿ੍ਰਤਕ ਮਾਲ ਰੋਡ ਐਸੋਸ਼ੀਏਸ਼ਨ ਦਾ ਪ੍ਰਧਾਨ ਸੀ। (Bathinda Murder )

ਵੇਰਵਿਆਂ ਮੁਤਾਬਿਕ ਹਨੂੰਮਾਨ ਚੌਕ ਦੇ ਨਜ਼ਦੀਕ ਸਥਿਤ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਜੌਹਲ ਉਰਫ ਮੇਲਾ ਆਪਣੀ ਦੁਕਾਨ ਦੇ ਬਾਹਰ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ, ਜਿੰਨ੍ਹਾਂ ਨੇ ਹਰਜਿੰਦਰ ਜੌਹਲ ਉੱਪਰ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਫਾਇਰਿੰਗ ਕਾਰਨ ਜਖਮੀ ਨੌਜਵਾਨ ਨੂੰ ਫੌਰੀ ਤੌਰ ’ਤੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਅੱਗੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਦਮ ਤੋੜ ਗਿਆ। (Bathinda Murder )

ਇਹ ਵੀ ਪੜ੍ਹੋ : ਪ੍ਰੈਸ ਕਾਨਫਰੰਸ ਦੌਰਾਨ ਮੋਹਾਲੀ ਐਸਐਸਪੀ ਨੇ ਕੀਤੇ ਵੱਡੇ ਖੁਲਾਸੇ, ਤਿਉਹਾਰਾਂ ਮੌਕੇ ਮਾਹੌਲ ਖ਼ਰਾਬ ਕਰਨ ਦੀ ਸੀ ਕੋਸ਼ਿਸ਼

ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਵੱਖ-ਵੱਖ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਸ-ਪਾਸ ਦੀਆਂ ਦੁਕਾਨਾਂ ’ਤੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਤਾਂ ਜੋ ਮੋਟਰਸਾਈਕਲ ਸਵਾਰਾਂ ਦਾ ਪਤਾ ਲਾਇਆ ਜਾ ਸਕੇ। ਹਮਲਾ ਕਰਨ ਮਗਰੋਂ ਮੋਟਰਸਾਈਕਲ ਸਵਾਰ ਨੌਜਵਾਨ ਨੇੜੇ ਹੀ ਪੈਂਦੀਆਂ ਤੰਗ ਗਲੀਆਂ ਵਿੱਚੋਂ ਦੀ ਫਰਾਰ ਹੋਣ ਵਿੱਚ ਸਫਲ ਹੋ ਗਏ। ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦਰਮਿਆਨ ਵਾਪਰੀ ਇਸ ਘਟਨਾ ਕਾਰਨ ਸਮੁੱਚੀ ਮਾਲ ਰੋਡ ਅਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਐਤਵਾਰ ਨੂੰ ਬੰਦ ਰਹਿਣਗੇ ਬਠਿੰਡਾ ਦੇ ਬਜ਼ਾਰ

ਇਸ ਘਟਨਾ ਕਾਰਨ ਵਪਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰੋਹ ’ਚ ਆਏ ਵਪਾਰੀਆਂ ਨੇ ਭਾਜਪਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ’ਚ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਪਾਰੀਆਂ ਵੱਲੋਂ ਭਲਕੇ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।