ਔਰਤ ਆਪਣੇ ਗੁਣਾਂ ਦੀ ਵਰਤੋਂ ਕਰਕੇ ਬਣਾ ਸਕਦੀ ਹੈ ਘਰ, ਸਮਾਜ ਤੇ ਦੇਸ਼ ਨੂੰ ਤਰੱਕੀਵਾਨ

ਔਰਤ ਆਪਣੇ ਗੁਣਾਂ ਦੀ ਵਰਤੋਂ ਕਰਕੇ ਬਣਾ ਸਕਦੀ ਹੈ ਘਰ, ਸਮਾਜ ਤੇ ਦੇਸ਼ ਨੂੰ ਤਰੱਕੀਵਾਨ

ਔਰਤ ਨੂੰ ਪਰਮਾਤਮਾ ਨੇ ਧਰਤੀ ‘ਤੇ ਬਹੁਤ ਗੁਣਾਂ ਨਾਲ ਨਿਵਾਜ਼ ਕੇ ਭੇਜਿਆ ਹੈ, ਜਿਸਦੀ ਪ੍ਰੋਢਤਾ ਪਵਿੱਤਰ ਗੁਰਬਾਣੀ ਵੀ ਕਰਦੀ ਹੈ ਔਰਤ ਆਪਣੇ ਚੰਗੇ ਗੁਣਾਂ ਦੀ ਸਹੀ ਵਰਤੋਂ ਕਰਕੇ ਘਰ, ਸਮਾਜ ਤੇ ਦੇਸ਼ ਨੁੰ ਤਰੱਕੀਵਾਨ ਬਣਾ ਸਕਦੀ ਹੈ ਪਰ ਇਸ ਲਈ ਔਰਤ ਵਿੱਚ ਸਬਰ, ਸੰਤੋਖ, ਲੱਜਾ, ਮਮਤਾ, ਮਿਹਨਤ, ਇਮਾਨਦਾਰੀ, ਕੁਰਬਾਨੀ, ਸਿੱਖਿਆ ਅਤੇ ਸੇਵਾ ਭਾਵਨਾ ਜਿਹੇ ਗੁਣਾਂ ਦਾ ਹੋਣਾ ਬਹੁਤ ਜਰੂਰੀ ਹੈ

ਜੇਕਰ ਔਰਤ ਆਪਣੇ ਫਰਜ਼ਾਂ ਨੂੰ ਪਹਿਚਾਣਦੀ ਹੋਈ ਆਪਣੇ ਕੰਮਾਂ-ਧੰਦਿਆਂ ਵਿੱਚ ਹੱਥੀਂ ਕੰਮ ਕਰਨ ਨੂੰ ਪਹਿਲ ਦੇਵੇ ਤਾਂ ਫਾਲਤੂ ਦੇ ਖਰਚਿਆਂ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਸਰੀਰ ਵੀ ਤੰਦਰੁਸਤ ਬਣਿਆ ਰਹਿੰਦਾ ਹੈ ਅੱਜ ਦੀ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਘਰ ਨੂੰ ਤਰੱਕੀ ਵੱਲ ਲਿਜਾ ਰਹੀ ਹੈ ਭਾਵੇਂ ਉਹ ਡਾਕਟਰ, ਇੰਜੀਨੀਅਰ, ਪਾਇਲਟ ਜਾਂ ਦੁਕਾਨਦਾਰ ਜਾਂ ਫਿਰ ਇੱਕ ਘਰੇਲੂ ਔਰਤ ਬਣ ਆਪਣੀਆਂ ਜਿੰਮੇਵਾਰੀਆਂ ਨੂੰ ਸੰਭਾਲਦੀ ਹੋਈ ਵਿਚਰਦੀ ਹੈ

ਪਰ ਫਿਰ ਵੀ ਔਰਤ ਨੂੰ ਬਣਦੇ ਮਾਣ-ਸਨਮਾਨ ਤੋਂ ਵਾਂਝੀ ਰੱਖਿਆ ਜਾਂਦਾ ਹੈ, ਅਜਿਹਾ ਕਿਉਂ? ਜਦੋਂਕਿ ਪਵਿੱਤਰ ਗੁਰਬਾਣੀ ਵਿਚ ਵੀ ਆਉਂਦਾ ਹੈ ‘ਸੋ ਕਿਉ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ’ ਪਰ ਫਿਰ ਵੀ ਮਂੈ ਇੱਥੇ ਔਰਤਾਂ ਨੂੰ ਸਲਾਹ ਦਿਆਂਗੀ ਕਿ ਕਿਸੇ ਤੋਂ ਵੀ ਆਪਣੀਆਂ ਚੰਗੀਆਂ ਸੇਵਾਵਾਂ ਬਦਲੇ ਮਾਣ-ਸਨਮਾਨ ਵਾਲੀ ਭਾਵਨਾ ਨਾ ਰੱਖੋ ਸਗੋਂ ਜੁਟੇ ਰਹੋ, ਚੰਗੇ ਕਾਰਜ ਕਰਦੇ ਰਹੋ ਇੱਕ ਨਾ ਇੱਕ ਦਿਨ ਆਪਣੀ ਮਿਹਨਤ ਸਦਕਾ ਘਰ, ਸਮਾਜ ਅਤੇ ਦੇਸ਼ ਵਿੱਚੋਂ ਬੁਰਾਈ ਦਾ ਖਾਤਮਾ ਹੋ ਜਾਵੇਗਾ ਤੇ ਦੇਸ਼ ਤਰੱਕੀਵਾਨ ਬਣ ਜਾਵੇਗਾ ਜਿਸਦਾ ਫਾਇਦਾ ਵੀ ਔਰਤ ਨੂੰ ਹੀ ਸਭ ਤੋਂ ਵੱਧ ਹੋਵੇਗਾ

ਜੇਕਰ ਇੱਕ ਔਰਤ ਸ਼ੁਰੂ ਤੋਂ ਹੀ ਪਿਤਾ ਦੇ ਘਰ ਦਾ ਮਾਣ ਬਣਦੀ ਹੈ ਤੇ ਸਹੁਰੇ ਘਰ ਜਾ ਕੇ ਆਪਣੇ ਪਿਤਾ ਦਾ ਮਾਣ ਵਧਾਉਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਚੰਗੇ ਗੁਣ ਪ੍ਰਦਾਨ ਕਰਦੀ ਹੈ ਤਾਂ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਭਾਵੇਂ ਔਰਤਾਂ ਅੱਜ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹਨ ਪਰ ਫਿਰ ਵੀ ਘਰ ਵੀ ਖਾਸ ਤੌਰ ‘ਤੇ ਵਿਸ਼ੇਸ਼ ਧਿਆਨ ਮੰਗਦਾ ਹੈ, ਕਿਉਂਕਿ ਬੱਚੇ ਕੋਰਾ ਕਾਗਜ਼ ਹੁੰਦੇ ਹਨ ਤੇ ਹਰ ਗੱਲ ਜਲਦੀ ਸਿੱਖ ਜਾਂਦੇ ਹਨ

ਇਸ ਲਈ ਬੱਚਿਆਂ ਨੂੰ ਛੋਟੀ ਉਮਰੇ ਹੀ ਸਮਾਜਿਕ ਕਦਰਾਂ-ਕੀਮਤਾਂ ਬਾਰੇ ਸਮਝਾਓ ਉਨ੍ਹਾਂ ਨੂੰ ਬੋਲਣ, ਖਾਣ, ਪਹਿਨਣ, ਤੁਰਨ ਆਦਿ ਦੇ ਗੁਣਾਂ ਦੀ ਜਾਣਕਾਰੀ ਦਿਓ ਕਿਉਂਕਿ ਬੱਚੇ, ਚਾਹੇ ਉਹ ਲੜਕਾ ਹੋਵੇ ਜਾਂ ਲੜਕੀ, ਔਰਤ ਦੇ ਹੱਥਾਂ ਵਿਚ ਜਵਾਨ ਹੁੰਦੇ ਹਨ ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਆਪਣੇ ਦੇਸ਼ ਦੀ ਜਵਾਨੀ ਨੂੰ ਆਪਣੇ ਚੰਗੇ ਗੁਣਾਂ ਨਾਲ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਨ ਨਹੀਂ ਤਾਂ ਸਾਨੂੰ ਆਪਣੇ ਆਦਰਸ਼ ਲੱਭਣੇ ਔਖੇ ਹੋ ਜਾਣਗੇ

ਆਪਣੇ ਬੱਚਿਆਂ ਦੀਆਂ ਨੀਹਾਂ ਮਜਬੂਤ ਬਣਾਓ ਤਾਂ ਕਿ ਜਵਾਨੀ ਵਿੱਚ ਡੋਲਣ ਨਾ ਬੱਚੇ ਸਾਡਾ ਬਹੁਮੁੱਲਾ ਖਜ਼ਾਨਾ ਹਨ ਆਉਣ ਵਾਲੇ ਯੁਗ ਦੀ ਕਮਾਨ ਉਨ੍ਹਾਂ ਦੇ ਹੱਥ ਵਿਚ ਹੋਵੇਗੀ ਅਤੇ ਉਹ ਉਸ ਯੁੱਗ ਨੂੰ ਤਾਂ ਹੀ ਤਰੱਕੀ ਦੀਆਂ ਲੀਹਾਂ ‘ਤੇ ਤੋਰ ਸਕਣਗੇ ਜੇ ਜੋ ਜਤ, ਸਤ, ਪਾਕ, ਨਸ਼ਾ ਰਹਿਤ ਤੇ ਬੁੱਧੀਮਾਨ ਹੋਣਗੇ ਸੋ ਔਰਤ ਨੂੰ ਚਾਹੀਦੈ ਕਿ ਉਹ ਹੰਭਲਾ ਮਾਰੇ ਅਤੇ ਆਪਣੇ ਪਰਮਾਤਮਾ ਵੱਲੋਂ ਬਖ਼ਸ਼ੇ ਗੁਣਾਂ ਦੀ ਸਹੀ ਵਰਤੋਂ ਕਰਕੇ ਘਰ, ਸਮਾਜ ਅਤੇ ਦੇਸ ਨੂੰ ਤਰੱਕੀ ਦੀਆਂ ਲੀਹਾਂ ‘ਤੇ ਤੋਰੇ
ਪਰਮਜੀਤ ਕੌਰ ਸੋਢੀ, ਭਗਤਾ ਭਾਈ ਕਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।