ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਉੱਚ ਪੱਧਰੀ ਬਣਾਉਣ ਲਈ ਮੀਟਿੰਗ

Health Minister

ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਅਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ : ਡਾ. ਬਲਬੀਰ ਸਿੰਘ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਸਿਹਤ ਮੰਤਰੀ (Health Minister) ਡਾ. ਬਲਬੀਰ ਸਿੰਘ ਵੱਲੋਂ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਅੰਦਰ ਐਮਰਜੈਂਸੀ ਮਰੀਜ਼ਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰੀ ਮੈਡੀਕਲ ਕਾਲ਼ਜ ਵਿਖੇ ੳੁੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ’ਚ ਮੈਡੀਕਲ ਸੇਵਾਵਾਂ ਨੂੰ ਵਿਸ਼ਵ ਪੱਧਰੀ ਮਿਆਰ ਦੇ ਬਰਾਬਰ ਦੀਆਂ ਬਣਾਉਣ ਲਈ ਐਨ.ਜੀ.ਓਜ਼ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।

ਇਸੇ ਤਹਿਤ ਹੀ ਅੱਜ ਪਹਿਲਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮੌਜੂਦਾ ਕਮੀਆਂ ’ਤੇ ਚਰਚਾ ਕਰਨ ਵਾਸਤੇ ਵੱਖ ਵੱਖ ਸੰਸਥਾਵਾਂ ਤੇ ਨੁੰਮਾਇੰਦਿਆਂ ਸਮੇਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਐਮਰਜੈਂਸੀ ਮੈਡੀਕਲ ਸੇਵਾਵਾ ਦੀ ਸਮੀਖਿਆ ਕਰਦਿਆਂ ਰਾਜਿੰਦਰਾ ਹਸਪਤਾਲ ’ਚ ਲੋੜੀਂਦੀਆਂ ਦਵਾਈਆਂ, ਮਸ਼ੀਨਾਂ, ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਅਤੇ ਡਾਕਟਰਾਂ ਦੀ ਸੁਰੱਖਿਆ ਆਦਿ ਬਾਰੇ ਵੀ ਚਰਚਾ ਕੀਤੀ ਗਈ।

ਸਿਹਤ ਮੰਤਰੀ (Health Minister) ਨੇ ਕਿਹਾ ਕਿ ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ। ਇਸ ਦੌਰਾਨ ਉਨ੍ਹਾਂ ਨੇ ਭਾਸ਼ਾ ਵਿਭਾਗ ਅਤੇ ਪਿੰਡ ਝਿੱਲ ਵਿਖੇ ਆਮ ਆਦਮੀ ਕਲੀਨਿਕ ਦਾ ਅਚਨਚੇਤ ਦੌਰਾ ਕਰਕੇ ਇਨ੍ਹਾਂ ਦਾ ਨਿਰੀਖਣ ਵੀ ਕੀਤਾ ਤੇ ਇੱਥੇ ਡਾਕਟਰਾਂ ਤੇ ਮਰੀਜਾਂ ਨਾਲ ਗੱਲਬਾਤ ਕਰਕੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ’ਤੇ ਤਸੱਲੀ ਦਾ ਇਜ਼ਹਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨੀ ਫ਼ਰਿਸ਼ਤੇ ਸਕੀਮ ਦੀ ਸ਼ੁਰੂਆਤ ਬਹੁਤ ਜਲਦ ਹੋਣ ਜਾ ਰਹੀ ਹੈ।

ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਵੱਲੋਂ ਏਂਜਲ ਇਨਵੈਸਟਰਜ਼, ਸਦਭਾਵਨਾ ਹਸਪਤਾਲ ਦੇ ਡਾ. ਸੁਧੀਰ ਵਰਮਾ, ਰੰਧਾਵਾ ਆਈ ਹਸਪਤਾਲ ਤੋਂ ਡਾ. ਜੀ.ਐਸ. ਰੰਧਾਵਾ, ਪਟਿਆਲਾ ਹੈਲਥ ਫਾਊਂਡੇਸ਼ਨ, ਖ਼ਾਲਸਾ ਏਡ ਤੋਂ ਏਸ਼ੀਆ ਹੈਡ ਅਮਰਪ੍ਰੀਤ ਸਿੰਘ, ਜਨ ਹਿਤ ਸੰਮਤੀ ਤੋਂ ਵਿਨੋਦ ਸ਼ਰਮਾ, ਕਰਨਲ ਕਰਮਿੰਦਰ ਸਿੰਘ ਸਮੇਤ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪਿ੍ਰੰਸੀਪਲ ਮੈਡੀਕਲ ਕਾਲਜ ਡਾ. ਹਰਜਿੰਦਰ ਸਿੰਘ ਆਦਿ ਨਾਲ ਮੀਟਿੰਗ ਕੀਤੀ ਗਈ।

ਸੜਕ ਹਾਦਸੇ ਇੱਕ ਸਾਲ ’ਚ ਨਿਗਲ ਜਾਂਦੇ ਨੇ ਸਾਢੇ ਪੰਜ ਹਜ਼ਾਰ ਕੀਮਤੀ ਜਾਨਾਂ

ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ’ਚ ਇੱਕ ਸਾਲ ਅੰਦਰ ਕਰੀਬ ਸਾਢੇ ਪੰਜ ਹਜ਼ਾਰ ਕੀਮਤੀ ਜਾਨਾਂ ਅਜਾਈ ਜਾਂਦੀਆਂ ਹਨ, ਇਨ੍ਹਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਫ਼ਰਿਸ਼ਤੇ ਸਕੀਮ ਦੀ ਸ਼ੁਰੂਆਤ ਬਹੁਤ ਜਲਦ ਕਰੇਗੀ। ਇਸ ਤਹਿਤ ਕਿਸੇ ਹਾਦਸੇ ਦੇ ਪੀੜਤ ਨੂੰ ਨੇੜਲੇ ਸਰਕਾਰੀ ਹਸਪਤਾਲ ’ਚ ਪਹਿਲੇ 24 ਘੰਟੇ ਸਾਰੀਆਂ ਲੋੜੀਂਦੀਆਂ ਵਰਲਡ ਕਲਾਸ ਮੈਡੀਕਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਕਿ ਮਰੀਜ ਦੀ ਸੰਭਾਲ ਕਰ ਰਹੇ ਵਿਅਕਤੀਆਂ ਨੂੰ ਦਵਾਈਆਂ ਲੈਣ ਜਾਂ ਟੈਸਟ ਆਦਿ ਕਰਵਾਉਣ ਲਈ ਐਮਰਜੈਂਸੀ ਦੇ ਬਾਹਰ ਨਾ ਜਾਣਾ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।