ਔਰਤਾਂ ਨੂੰ ਨਿਆਂ ਦਿਵਾਉਣ ਦੇ ਮਾਮਲੇ ‘ਚ ਪਟਿਆਲਾ ਪੁਲਿਸ ਦੇ ਕੰਮ-ਕਾਜ ‘ਤੇ ਤਸੱਲੀ ਪ੍ਰਗਟਾਈ
ਪਟਿਆਲਾ, (ਨਰਿੰਦਰ ਸਿੰਘ ਚੌਹਾਨ) ਪੰਜਾਬ ਰਾਜ ਮਹਿਲਾ ਕਮਿਸ਼ਨ (Punjab State Women Commission) ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਅੱਜ ਪਟਿਆਲਾ ਦੀ ਪੁਲਿਸ ਲਾਈਨ ‘ਚ ਬਣੇ ਵੂਮੈਨ ਕਾਊਂਸਲਿੰਗ ਸੈਲ ਦਾ ਦੌਰਾ ਕੀਤਾ ਅਤੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਸਮੇਤ ਜ਼ਿਲ੍ਹਾ ਪੁਲਿਸ ਦੀਆਂ ਮਹਿਲਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨ ਦੀ ਸੀਨੀਅਰ ਵਾਇਸ ਚੇਅਰਪਰਸਨ ਸ੍ਰੀਮਤੀ ਬਿਮਲਾ ਸ਼ਰਮਾ, ਮੈਂਬਰ ਸ੍ਰੀਮਤੀ ਇੰਦਰਜੀਤ ਕੌਰ ਅਤੇ ਡਿਪਟੀ ਡਾਇਰੈਕਟਰ ਵਿਜੇ ਕੁਮਾਰ ਵੀ ਮੌਜੂਦ ਸਨ।
ਇਸ ਦੌਰਾਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਜਿੱਥੇ ਮਹਿਲਾਵਾਂ ਨੂੰ ਨਿਆਂ ਦਿਵਾਉਣ ਦੇ ਸਬੰਧ ਵਿੱਚ ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਤਸੱਲੀ ਦਾ ਇਜ਼ਹਾਰ ਕੀਤਾ ਉਥੇ ਹੀ ਐਸ.ਐਸ.ਪੀ. ਸਿੱਧੂ ਨੂੰ ਇਹ ਵੀ ਕਿਹਾ ਕਿ ਜਿਹੜੇ ਮਾਮਲੇ ਵੂਮੈਨ ਕਾਊਂਸਲਿੰਗ ਸੈਲ ਤੋਂ ਨਿਪਟਾਏ ਨਹੀਂ ਜਾ ਸਕਦੇ ਅਤੇ ਇਨ੍ਹਾਂ ਵਿੱਚ ਪੁਲਿਸ ਕੇਸ ਦਰਜ ਕਰਨ ਜਾਂ ਤਲਾਕ ਦੀ ਨੌਬਤ ਆ ਜਾਂਦੀ ਹੋਵੇ, ਅਜਿਹੇ ਮਾਮਲਿਆਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਕਾਊਂਸਲਿੰਗ ਲਈ ਭੇਜ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਭਰ ਦੇ ਵੂਮੈਨ ਕਾਊਂਸਲਿੰਗ ਸੈਲਾਂ ਦਾ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ 1 ਸਾਲ ਵਿੱਚ ਅਜਿਹੇ 35 ਮਾਮਲਿਆਂ ਦਾ ਹੱਲ ਕਰਕੇ ਘਰ ਵਸਾਏ ਹਨ ਅਤੇ ਅਦਾਲਤ ਵਿੱਚ ਤਲਾਕ ਦੇ ਚੱਲਦੇ 10 ਮਾਮਲੇ ਵੱਖਰੇ ਹੱਲ ਕੀਤੇ ਹਨ। ਇਸ ਤੋਂ ਬਿਨ੍ਹਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 5 ਬੱਚੇ ਵੀ ਮਾਵਾਂ ਨੂੰ ਦਿਵਾਏ ਹਨ ਅਤੇ ਅਜਿਹੇ ਮਾਮਲਿਆਂ ‘ਤੇ ਕਮਿਸ਼ਨ ਇੱਕ ਡਾਕੂਮੈਂਟਰੀ ਵੀ ਬਣਾ ਰਿਹਾ ਹੈ।
ਵਫ਼ਦ ਪਾਕਿਸਤਾਨ ਜਾਣ ਲਈ ਗ੍ਰਹਿ ਵਿਭਾਗ ਦੇ ਇੰਚਾਰਜ ਮੰਤਰੀ ਵਜੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਲਵੇਗਾ ਆਗਿਆ
ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਇਸ ਮੌਕੇ ਦੱਸਿਆ ਕਿ ਕਮਿਸ਼ਨ ਵੱਲੋਂ ਪਾਕਿਸਤਾਨ ਸਥਿਤ ਪੰਜਾਬੀ, ਖਾਸ ਕਰਕੇ ਸਿੱਖ ਕੁੜੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨੇੜਿਓਂ ਜਾਨਣ ਲਈ ਕਮਿਸ਼ਨ ਦਾ ਵਫ਼ਦ ਪਾਕਿਸਤਾਨ ਜਾਣ ਲਈ ਗ੍ਰਹਿ ਵਿਭਾਗ ਦੇ ਇੰਚਾਰਜ ਮੰਤਰੀ ਵਜੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਆਗਿਆ ਲਵੇਗਾ। ਇਸ ਤੋਂ ਬਿਨ੍ਹਾਂ ਐਨ.ਆਰ.ਆਈ. ਲਾੜਿਆਂ ਦੀਆਂ ਸਤਾਈਆਂ ਪੰਜਾਬਣ ਮੁਟਿਆਰਾਂ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਕਾਨੂੰਨ ‘ਚ ਤਬਦੀਲੀ ਲਿਆਉਣ ਲਈ ਪ੍ਰਧਾਨ ਮੰਤਰੀ ਨੂੰ ਵੀ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜ਼ਿਆਦਾ ਮਾਮਲੇ ਘਰੇਲੂ ਹਿੰਸਾ, ਦੁਰਾਚਾਰ ਤੇ ਕੰਮ ਦੇ ਸਥਾਨ ‘ਤੇ ਛੇੜਛਾੜ ਦੇ ਆਉਂਦੇ ਹਨ।
ਇਸ ਮੌਕੇ ਮਹਿਲਾ ਡੀ.ਐਸ.ਪੀ. ਹਰਬੰਤ ਕੌਰ ਨੇ ਪਟਿਆਲਾ ਵੂਮੈਨ ਕਾਊਂਸਲਿੰਗ ਸੈਲ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਕਿ ਉਨ੍ਹਾਂ ਨੇ 1000 ਵਿੱਚੋਂ 845 ਮਾਮਲੇ ਹੱਲ ਕਰ ਦਿੱਤੇ ਹਨ। ਇਸ ਮੌਕੇ ਇੱਕ ਜੋੜੀ ਸੁਖਵਿੰਦਰ ਸਿੰਘ ਤੇ ਬਲਜਿੰਦਰ ਕੌਰ, ਜਿਨ੍ਹਾਂ ਦਾ ਮਾਮਲਾ ਹੱਲ ਕਰਵਾ ਕੇ ਘਰ ਵਸਾਇਆ ਗਿਆ ਹੈ ਨੇ ਪਟਿਆਲਾ ਪੁਲਿਸ ਦੀ ਤਾਰੀਫ਼ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।