ਲਿੰਗ ਜਾਂਚ ਮਾਮਲਾ: ਮੁਲਜ਼ਮ ਨਾਇਬ ਸਮੇਤ ਦੋ ਗ੍ਰਿਫ਼ਤਾਰ

2 ਕਾਰਾਂ ਵੀ ਬਰਾਮਦ, ਕਥਿਤ ਦੋਸ਼ੀ 4 ਦਿਨ ਪੁਲਿਸ ਰਿਮਾਂਡ ‘ਤੇ

(ਗੁਰਪ੍ਰੀਤ ਸਿੰਘ) ਸੰਗਰੂਰ। ਲੌਂਗੋਵਾਲ ਨੇੜੇ ਚੱਲ ਰਹੇ ਗ਼ੈਰ ਕਾਨੂੰਨੀ ਲਿੰਗ ਜਾਂਚ ਦੇ ਧੰਦੇ ਦਾ ਪਰਦਾਫਾਸ਼ ਹੋਣ ਪਿੱਛੋਂ ਪੁਲਿਸ ਕਥਿਤ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਜਦੋਂਕਿ ਮੁੱਖ ਕਥਿਤ ਦੋਸ਼ੀ ਅਖੌਤੀ ਡਾਕਟਰ ਦਵਿੰਦਰ ਕੁਮਾਰੀ ਤੱਕ ਹਾਲੇ ਪੁਲਿਸ ਪਹੁੰਚ ਨਹੀਂ ਬਣਾ ਸਕੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਮੁਖੀ ਜਗਰਾਜ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨਾਇਬ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਲੌਂਗੋਵਾਲ ਅਤੇ ਭੁਪਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਸ਼ਾਦੀਹਰੀ (ਦਿੜ੍ਹਬਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਲੋੜੀਂਦੀਆਂ 2 ਕਾਰਾਂ (ਇੱਕ ਆਲਟੋ ਤੇ ਇੱਕ ਫਿਗੋ) ਵੀ ਬਰਾਮਦ ਕਰਵਾ ਲਈਆਂ ਹਨ, ਜਿਨ੍ਹਾਂ ਰਾਹੀਂ ਗਰਭਵਤੀ ਔਰਤਾਂ ਨੂੰ ਬਿਠਾ ਕੇ ਮੁੱਖ ਕਥਿਤ ਦੋਸ਼ੀ ਦਵਿੰਦਰ ਕੁਮਾਰੀ ਕੋਲ ਛੱਡਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਨੇ ਚਾਰ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਿਸ ਨੇ ਮੁੱਖ ਕਥਿਤ ਦੋਸ਼ੀ ਦਵਿੰਦਰ ਕੁਮਾਰੀ ਤੇ ਨਾਇਬ ਸਿੰਘ ਦੇ ਖਿਲਾਫ਼ ਪਰਚਾ ਦਰਜ਼ ਕੀਤਾ ਸੀ ਜਦੋਂ ਕਿ ਭੁਪਿੰਦਰ ਸਿੰਘ ਨੂੰ ਅੱਜ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਭਾਗ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ‘ਚ: ਬਸਪਾ

ਇਸ ਮਾਮਲੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਆਗੂਆਂ ਜਿਨ੍ਹਾਂ ਵਿੱਚ ਡਾ: ਮੱਖਣ ਸਿੰਘ, ਪਵਿੱਤਰ ਸਿੰਘ, ਸਰਬਜੀਤ ਸਿੰਘ ਨਾਗਰਾ, ਚਮਕੌਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਪਾਰਟੀ ਵੱਲੋਂ ਇੱਕ ਮੰਗ ਪੱਤਰ ਦੇ ਕੇ ਇਸ ਮਾਮਲੇ ਦੀ ਗਹਿਰਾਈ ਤੱਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਆਗੂਆਂ ਨੇ ਮੱਗ ਪੱਤਰ ਵਿੱਚ ਕਿਹਾ ਕਿ ਸਿਹਤ ਵਿਭਾਗ ਨੇ ਇਸ ਕੇਸ ਨੂੰ ਸਹੀ ਢੰਗ ਨਾਲ ਨਹੀਂ ਲਿਆ ਅਤੇ ਕਥਿਤ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਿਹਤ ਵਿਭਾਗ ਦੀ ਮਿਲੀਭੁਗਤ ਕਾਰਨ ਸਾਰੇ ਦੋਸ਼ੀ ਇਸ ਕੇਸ ਵਿੱਚੋਂ ਪਰ੍ਹਾਂ ਕਰ ਦਿੱਤੇ ਗਏ।  ਉਨ੍ਹਾਂ ਮੰਗ ਕੀਤੀ ਕਿ ਇਸ ਕੇਸ ਦੀ ਉਚ ਪੱਧਰੀ ਜਾਂਚ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਸਾਰੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ